ਸਹਿਣਸ਼ੀਲਤਾ-ਅਸਹਿਣਸ਼ੀਲਤਾ ਦਾ ਮੁੱਦਾ, ਘੱਟੋ-ਘੱਟ ਇਸ ਸਰਕਾਰ ਦੀ ਅਉਧ ਵਿਚ ਮੱਠਾ ਪੈਣ ਵਾਲਾ ਨਹੀਂ। ਇਸ ਦਾ ਕਾਰਨ ਇਹ ਹੈ ਕਿ ਹਾਕਮ ਧਿਰ ਅਸਹਿਣਸ਼ੀਲਤਾ ਛੱਡਣ ਦੀ ਬਜਾਇ ਵਿਰੋਧੀਆਂ ਨੂੰ ਇਸ ਤੋਹਮਤ ਨਾਲ ਚੁੱਪ ਕਰਾਉਣਾ ਚਾਹੁੰਦੀ ਹੈ ਕਿ ਉਹ ਮਹਾਨ ਭਾਰਤ ਨੂੰ ਅਸਹਿਣਸ਼ੀਲ ਕਹਿ ਰਹੇ ਹਨ ਜੋ ‘‘ਨਾ ਕਦੀ ਅਸਹਿਣਸ਼ੀਲ ਸੀ, ਨਾ ਹੁਣ ਹੈ ਤੇ ਨਾ ਭਵਿੱਖ ਵਿਚ ਕਦੀ ਹੋ ਹੀ ਸਕਦਾ ਹੈ!’’
ਦੂਜੇ ਪਾਸੇ, ਸਾਡੇ ਦੇਸ ਤੇ ਸਮਾਜ ਦੀ ਵਰਤਮਾਨ ਅਸਲੀਅਤ ਇਹ ਹੈ ਕਿ ਮਾਨਵੀ ਸੁਭਾਅ ਤੇ ਸੋਚ ਰੱਖਣ ਵਾਲੇ ਮਨੁੱਖ ਵਾਸਤੇ ਅਖ਼ਬਾਰ ਪਡ਼੍ਹਨਾ ਤੇ ਟੀਵੀ ਦੇਖਣਾ ਬਡ਼ੀ ਬੇਚੈਨੀ ਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਜਦੋਂ ਮੈਂ ਇਹ ਲੇਖ ਲਿਖਣ ਬੈਠਾ ਹਾਂ, ਬੁੱਧਵਾਰ ਦੀ ਡੂੰਘੀ ਸਵੇਰ ਹੈ। ਦਿੱਲੀ ਤੋਂ ਛਪਦਾ ਅੱਜ ਦਾ ਅੰਗਰੇਜ਼ੀ ਅਖ਼ਬਾਰ ਅਜੇ ਆਇਆ ਨਹੀਂ ਤੇ ਕੱਲ੍ਹ ਦਾ ਮੇਰੇ ਸਾਹਮਣੇ ਪਿਆ ਹੈ। ਕਿਸੇ ਵੀ ਅਖ਼ਬਾਰ ਲਈ, ਭਾਵੇਂ ਉਹਦਾ ਪੱਤਰ ਪ੍ਰੇਰਕੀ ਤਾਣਾਪੇਟਾ ਕਿੰਨਾ ਵੀ ਫ਼ੈਲਿਆ ਹੋਇਆ ਹੋਵੇ, ਸਾਡੇ ਏਨੇ ਵੱਡੇ ਦੇਸ ਦੀ ਪੂਰੀ ਤਾਂ ਕੀ, ਅਧੂਰੀ ਤਸਵੀਰ ਦੇਣਾ ਵੀ ਸੰਭਵ ਨਹੀਂ। ਤਾਂ ਵੀ ਇਕ ਦਿਨ ਦੇ ਇਸ ਅਖ਼ਬਾਰ ਦੀਆਂ ਖ਼ਬਰਾਂ ਦੇਗ ਵਿਚੋਂ ਕੁਝ ਦਾਣੇ ਤਾਂ ਹਨ ਹੀ ਜੋ ਪੂਰੀ ਦੇਗ ਦੇ ਕੱਚ-ਸੱਚ ਦੀ ਥਾਹ ਪੁਆ ਸਕਦੇ ਹਨ।
ਪਹਿਲੇ ਪੰਨੇ ਉੱਤੇ ਹੀ ਇਕ ਲੰਮੀ-ਚੌਡ਼ੀ ਖ਼ਬਰ ਹੈ ਜਿਸ ਦਾ ਸਾਰ ਇਉਂ ਹੈ: ਮਹਾਰਾਸ਼ਟਰ ਦੇ ਰੇਨਾਪੁਰ ਥਾਣੇ ਦੇ ਏ.ਐਸ.ਆਈ. ਯੂਨੁਸ ਸ਼ੇਖ਼ ਤੇ ਸਿਪਾਹੀ ਅਵਾਸਕਰ ਦੀ ਡਿਊਟੀ ਫ਼ਿਰਕੂ ਪੱਖੋਂ ਸੰਵੇਦਨਸ਼ੀਲ ਮੰਨੇ ਜਾਂਦੇ ਪਾਨਗਾਉਂ ਇਲਾਕੇ ਦੇ ਅੰਬੇਦਕਰ ਚੌਕ ਵਿਚ ਲਾਈ ਜਾਂਦੀ ਹੈ। ‘ਸ਼ਿਵਾਜੀ ਜੈਅੰਤੀ ਮੰਡਲ’ ਦੇ ਲੋਕ ਉਸ ਚੌਕ ਵਿਚ ਭਗਵਾ ਝੰਡਾ ਝੁਲਾ ਕੇ ਸ਼ਿਵਾਜੀ ਜੈਅੰਤੀ ਮਨਾਉਣਾ ਚਾਹੁੰਦੇ ਹਨ।
ਸ਼ੇਖ਼ ਤੇ ਅਵਾਸਕਰ ਨੂੰ ਅਜਿਹਾ ਹੋਣੋਂ ਰੋਕਣ ਦਾ ਹੁਕਮ ਦਿੱਤਾ ਜਾਂਦਾ ਹੈ। ਸ਼ੇਖ਼ ਉਹਨਾਂ ਨੂੰ ਸਮਾਗਮ ਵਾਸਤੇ ਕੋਈ ਹੋਰ ਢੁੱਕਵੀਂ ਥਾਂ ਦੇਣ ਦਾ ਵਾਅਦਾ ਵੀ ਕਰਦਾ ਹੈ ਜਿਸ ਨੂੰ ਉਹ ਰੱਦ ਕਰ ਦਿੰਦੇ ਹਨ। ਹੁਕਮ ਮੰਨਣੋਂ ਇਨਕਾਰੀ ਭੀਡ਼ ਲਗਾਤਾਰ ਵਧਦੀ ਦੇਖ ਕੇ ਉਹ ਸਵੇਰ ਦੇ ਸਾਢੇ ਅੱਠ ਵਜੇ ਕੰਟਰੋਲ ਰੂਮ ਨੂੰ ਤੇ ਥਾਣੇ ਨੂੰ ਫੋਨ ਕਰ ਕੇ ਹੋਰ ਸਿਪਾਹੀ ਮੰਗਦਾ ਹੈ। ਨਿਹਫਲ ਉਡੀਕਣ ਮਗਰੋਂ ਪਰੇਸ਼ਾਨ ਹੋ ਕੇ ਉਹ ਦੁਬਾਰਾ ਫੋਨ ਕਰਦਾ ਹੈ। ਏਨੇ ਨੂੰ ਝੰਡਾ ਝੁਲਾਉਣੋਂ ਰੋਕਣ ਬਦਲੇ ਤੇ ਮਦਦ ਲਈ ਫੋਨ ਕਰਦਾ ਦੇਖ ਕੇ ਭੀਡ਼ 38 ਸਾਲ ਦੀ ਬੇਦਾਗ਼ ਸੇਵਾ ਵਾਲੇ ਵਰਦੀਧਾਰੀ ਸ਼ੇਖ਼ ਨੂੰ ਕੁੱਟਣਾ ਤੇ ਜ਼ਲੀਲ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਅਵਾਸਕਰ ਨੂੰ ਕੁਝ ਨਹੀਂ ਕਹਿੰਦੀ।
ਜੀਅ ਭਰ ਕੇ ਕੁੱਟ ਲੈਣ ਮਗਰੋਂ ਗੁੰਡੇ ਸ਼ੇਖ਼ ਨੂੰ ਜ਼ਖ਼ਮੀ ਹਾਲਤ ਵਿਚ ਭਗਵਾ ਝੰਡਾ ਚੁੱਕ ਕੇ ਤੁਰਨ ਵਾਸਤੇ ਅਤੇ ‘‘ਜੈ ਭਵਾਨੀ, ਜੈ ਸ਼ਿਵਾਜੀ” ਦੇ ਨਾਅਰੇ ਲਾਉਣ ਵਾਸਤੇ ਮਜਬੂਰ ਕਰਦਿਆਂ ਉਹਦਾ ਜਲੂਸ ਕੱਢਦੇ ਹਨ ਤੇ ਅੰਬੇਦਕਰ ਚੌਕ ਵਿਚ ਪਹੁੰਚ ਕੇ ਉਸੇ ਹੱਥੋਂ ਝੰਡਾ ਝੁਲਵਾਉਂਦੇ ਹਨ। ਦਸ ਵੱਜ ਕੇ ਦਸ ਮਿੰਟ ਉੱਤੇ ਹੋਰ ਸਿਪਾਹੀ ਪਹੁੰਚਦੇ ਹਨ ਤਾਂ ਇਹ ਸਾਰਾ ਕੁਝ ਹੋ ਚੁੱਕਿਆ ਹੁੰਦਾ ਹੈ। ਲਾਤੂਰ ਦੇ ਸਿਵਲ ਹਸਪਤਾਲ ਵਿਚ ਪੱਟੀਆਂ ਵਿਚ ਲਪੇਟਿਆ ਪਿਆ ਸ਼ੇਖ਼ ਪੁਛਦਾ ਹੈ, ‘‘ਆਖ਼ਰ ਮੇਰਾ ਕਸੂਰ ਕੀ ਸੀ? ਮੈਂ ਤਾਂ ਆਪਣੇ ਅਫ਼ਸਰ ਵੱਲੋਂ ਲਾਈ ਡਿਊਟੀ ਨਿਭਾ ਰਿਹਾ ਸੀ!”
ਦੂਜੀ ਖ਼ਬਰ। ਦਿੱਲੀ ਦੀ ਅਦਾਲਤ ਵਿਚ ਦਰਜਨਾਂ ਪੁਲਸੀਆਂ ਦੀ ਹਾਜ਼ਰੀ ਵਿਚ ਵਕੀਲਾਂ, ਵਿਦਿਆਰਥੀਆਂ ਤੇ ਪ੍ਰੋਫ਼ੈਸਰਾਂ ਨੂੰ, ਖਾਸ ਕਰਕੇ ਪੁਲੀਸ ਦੇ ਹਿਰਾਸਤੀਏ ਵਿਦਿਆਰਥੀ ਆਗੂ ਕਨ੍ਹਈਆ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੇ ਬੀਜੇਪੀ-ਪੱਖੀ ਤਿੰਨ ਵਕੀਲ ਇਕ ਸਟਿੰਗ ਅਪਰੇਸ਼ਨ ਵਿਚ ਆਪਣੀ ਕਰਤੂਤ ਬਾਰੇ ਖੁੱਲ੍ਹ ਕੇ ਦਸਦੇ ਹਨ। ਉਹ ਆਖਦੇ ਹਨ,‘‘ਜਦੋਂ ਅਸੀਂ ਕੁੱਟਮਾਰ ਕਰ ਰਹੇ ਸੀ, ਸਾਨੂੰ ਹਲਾਸ਼ੇਰੀ ਦਿੰਦੇ ਹੋਏ ਪੁਲੀਸਕਰਮੀ ਆਖ ਰਹੇ ਸਨ ਕਿ ਵਰਦੀ ਕਾਰਨ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ। ਅਸੀਂ ਕਨ੍ਹਈਆ ਨੂੰ ਤਾਂ ਕੁੱਟਿਆ ਵੀ ਤੇ ਉਹਤੋਂ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਵੀ ਲੁਆਏ।” ਇਕ ਵਕੀਲ ਦਾ ਕਹਿਣਾ ਸੀ,‘‘ਅਗਲੀ ਪੇਸ਼ੀ ਸਮੇਂ ਮੈਂ ਪੈਟਰੌਲ ਬੰਬ ਲੈ ਕੇ ਆਵਾਂਗਾ ਤੇ ਗ੍ਰਿਫ਼ਤਾਰ ਹੋ ਕੇ ਕਨ੍ਹਈਆ ਨੂੰ ਜੇਲ੍ਹ ਵਿਚ ਕੁੱਟਾਂਗਾ।” ਟੀਵੀ ਚੈਨਲਾਂ ਦੀਆਂ ਲਗਾਤਾਰ ਖ਼ਬਰਾਂ ਤੇ ਹੁਣ ਇਸ ਇਕਬਾਲ ਮਗਰੋਂ ਵੀ ਦਿੱਲੀ ਪੁਲੀਸ ਕਮਿਸ਼ਨਰ ਦਾ ਕਹਿਣਾ ਹੈ ਕਿ ਕਾਰਵਾਈ ਕਰਨ ਵਾਸਤੇ ਇਹ ਕੋਈ ਪੁਖ਼ਤਾ ਸਬੂਤ ਨਹੀਂ ਹਨ।
ਤੀਜੀ ਖ਼ਬਰ। ਬੀਜੇਪੀ ਦੇ ਮਿਸਾਲੀ ਮੁੱਖ ਮੰਤਰੀ ਰਮਨ ਸਿੰਘ ਦੇ ਛੱਤੀਸਗਡ਼੍ਹ ਦੇ ਬੇਵੱਸ ਤੇ ਬੇਆਸ ਆਦਿਵਾਸੀਆਂ ਦੇ ਭਲੇ ਲਈ ਕੰਮ ਕਰਨ ਵਾਲੀ ਬੇਗਰਜ਼ ਸਮਾਜ-ਸੇਵਿਕਾ ਸੋਨੀ ਸੋਰੀ ਦੇ ਚਿਹਰੇ ਉੱਤੇ ਦਾਂਤੇਵਾਡ਼ਾ ਦੇ ਇਲਾਕੇ ਵਿਚ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਗੁੰਡਿਆਂ ਨੇ ਕੋਈ ਤੇਜ਼ਾਬੀ ਚੀਜ਼ ਪਾ ਦਿੱਤੀ। ਕੁਝ ਸਮਾਂ ਪਹਿਲਾਂ ਸੋਰੀ ਨੇ ਤਿੰਨ ਮਾਮਲਿਆਂ ਵਿਚ ਆਦਿਵਾਸੀ ਕੁਡ਼ੀਆਂ ਦੀ ਸਮੂਹਕ ਬੇਪਤੀ ਦੇ ਅਪਰਾਧੀਆਂ ਵਿਰੁੱਧ ਮੁਕੱਦਮੇ ਦਰਜ ਕਰਵਾਏ ਸਨ।
ਪੁਲੀਸ ਨੂੰ ਕਿਸੇ ਕਾਰਵਾਈ ਦੀ ਲੋਡ਼ ਮਹਿਸੂਸ ਨਹੀਂ ਸੀ ਹੋਈ। ਸੋਰੀ ਨੇ ਖੁੱਲ੍ਹੇ ਫਿਰਦੇ ਗੁੰਡਿਆਂ ਤੋਂ ਲਗਾਤਾਰ ਮਿਲਦੀਆਂ ਧਮਕੀਆਂ ਦੀ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਤੇ ਸੁਰੱਖਿਆ ਦੀ ਮੰਗ ਵੀ ਕੀਤੀ। ਪੁਲੀਸ ਨੇ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਵੀ ਲੋਡ਼ ਨਹੀਂ ਸਮਝੀ ਕਿਉਂਕਿ ਉਹ ਤਾਂ ਆਪ ਲੰਮੇ ਸਮੇਂ ਤੋਂ ਉਸ ਉੱਤੇ ਨਕਸਲੀ ਹੋਣ ਦਾ ਠੱਪਾ ਲਾ ਕੇ ਉਹਨੂੰ ਤੰਗ ਤੇ ਜ਼ਲੀਲ ਕਰਦੀ ਰਹਿੰਦੀ ਹੈ। ਚਿਹਰੇ ਦੇ ਜ਼ਖ਼ਮਾਂ ਦੀ ਗੰਭੀਰਤਾ ਨੂੰ ਦੇਖਦਿਆਂ ਉਹਨੂੰ ਦਿੱਲੀ ਲਿਆ ਕੇ ਇੰਦਰਪ੍ਰਸਥ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਹਦਾ ਪਤਾ ਲੈਣ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਲਾਜ ਦਾ ਸਾਰਾ ਖ਼ਰਚ ਦੇਣ ਦਾ ਐਲਾਨ ਕੀਤਾ ਹੈ।
ਚੌਥੀ ਖ਼ਬਰ। ‘ਭਗੌਡ਼ੇ’ ਉਮਰ ਖ਼ਾਲਿਦ ਨੇ, ਜੋ ਕਾਰਪੋਰੇਟ ਮੀਡੀਆ ਤੇ ਸੰਘ ਪਰਿਵਾਰ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਆਤੰਕਵਾਦੀ ਤੇ ਦੇਸ਼ਧਰੋਹੀ ਹੈ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਸਾਹਮਣੇ ਆ ਕੇ ਵਿਦਿਆਰਥੀਆਂ ਸਾਹਮਣੇ ਭਾਸ਼ਨ ਦਿੱਤਾ। ਉਹ ਹੋਰ ਗੱਲਾਂ ਤੋਂ ਇਲਾਵਾ ਕਹਿੰਦਾ ਹੈ, ‘‘ਸੱਚ ਦੱਸਾਂ, ਮੈਨੂੰ ਆਪਣੀ ਬਹੁਤੀ ਚਿੰਤਾ ਨਹੀਂ ਸੀ ਕਿਉਂਕਿ ਮੈਂ ਜਾਣਦਾ ਸੀ ਤੇ ਮੇਰਾ ਪੱਕਾ ਭਰੋਸਾ ਸੀ ਕਿ ਤੁਸੀਂ ਸਾਰੇ ਹਜ਼ਾਰਾਂ ਦੀ ਗਿਣਤੀ ਵਿਚ ਮੇਰੀ ਹਮਾਇਤ ਵਿਚ ਨਿਤਰੋਗੇ। ਪਰ ਜਦੋਂ ਮੈਂ ਆਪਣੀ ਭੈਣ ਤੇ ਆਪਣੇ ਪਿਤਾ ਦੇ ਬਿਆਨ ਦੇਖੇ, ਮੈਨੂੰ ਫ਼ਿਕਰ ਹੋਇਆ, ਮੈਨੂੰ ਡਰ ਲੱਗਣ ਲਗਿਆ।
ਮੇਰੇ ਕਈ ਭੈਣਾਂ ਹਨ ਤੇ ਇਹਨਾਂ ਲੋਕਾਂ ਨੇ, ਇਹ ਜੋ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ‘ਦੇਸ਼ਧਰੋਹੀ’ ਆਖਦੇ ਹਨ, ਸੋਸ਼ਲ ਮੀਡੀਆ ਵਿਚ ਭਾਂਤ ਭਾਂਤ ਦੀਆਂ ਗੱਲਾਂ ਲਿਖਣੀਆਂ ਤੇ ਇਹ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਨ੍ਹਾਂ ਨਾਲ ਕੀ ਕਰਨਗੇ। ਮੇਰੀ ਇਕ ਭੈਣ ਨੂੰ ਕਿਹਾ ਗਿਆ ਕਿ ਉਹਦੇ ਨਾਲ ਬਲਾਤਕਾਰ ਕੀਤਾ ਜਾਵੇਗਾ, ਦੂਜੀ ਨੂੰ ਕਿਹਾ ਗਿਆ ਕਿ ਉਹਨੂੰ ਜਾਨੋਂ ਮਾਰ ਦਿੱਤਾ ਜਾਵੇਗਾ।
ਉਸ ਮੌਕੇ ਮੈਨੂੰ ਕੰਧਮਾਲ ਵਿਚ ਬਜਰੰਗਦਲੀਆਂ ਦਾ ਇਕ ਈਸਾਈ ਨਨ ਨਾਲ ਬਲਾਤਕਾਰ ਕਰਦਿਆਂ ‘‘ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਾਉਣਾ ਚੇਤੇ ਆਇਆ। ਮੈਨੂੰ ਸਾਥੀ ਕਨ੍ਹਈਆ ਦਾ 11 ਫ਼ਰਵਰੀ ਦਾ ਭਾਸ਼ਨ ਯਾਦ ਆਉਂਦਾ ਹੈ, ‘ਜੇ ਤੁਹਾਡੀ ਭਾਰਤ ਮਾਤਾ ਇਹ ਹੈ ਤਾਂ ਇਹ ਸਾਡੀ ਭਾਰਤ ਮਾਤਾ ਨਹੀਂ ਹੈ! ਤੇ ਸਾਨੂੰ ਇਹ ਕਹਿੰਦਿਆਂ ਕੋਈ ਸ਼ਰਮ ਨਹੀਂ!’… ਇਕ ਪਲ ਮੈਂ ਇਕ ਗੱਲ ਆਪਣੀ ਵੀ ਕਰ ਲਵਾਂ।
ਪਿਛਲੇ ਸੱਤ ਸਾਲਾਂ ਵਿਚ ਜਦੋਂ ਤੋਂ ਮੈਂ ਇਸ ਕੈਂਪਸ ਵਿਚ ਰਾਜਨੀਤੀ ਕਰਦਾ ਆਇਆ ਹਾਂ, ਮੈਂ ਕਦੇ ਸੋਚਿਆ ਤੱਕ ਨਹੀਂ ਕਿ ਮੈਂ ਮੁਸਲਮਾਨ ਹਾਂ। ਮੈਂ ਕਦੇ ਮੁਸਲਮਾਨ ਵਜੋਂ ਦਿੱਸਣਾ ਵੀ ਨਹੀਂ ਚਾਹਿਆ। ਤੇ ਮੈਂ ਹਮੇਸ਼ਾ ਹੀ ਇਹ ਮਹਿਸੂਸ ਕੀਤਾ ਹੈ ਕਿ ਅੱਜ ਸਮਾਜ ਵਿਚ ਸਿਰਫ਼ ਮੁਸਲਮਾਨ ਹੀ ਮਜ਼ਲੂਮ ਨਹੀਂ ਸਗੋਂ ਮਜ਼ਲੂਮ ਭਾਈਚਾਰੇ ਕਈ ਹਨ ਜਿਵੇਂ ਆਦਿਵਾਸੀ ਨੇ, ਦਲਿਤ ਨੇ।… ਪਿਛਲੇ ਸੱਤ ਸਾਲਾਂ ਵਿਚ ਮੈਨੂੰ ਹੁਣ ਪਹਿਲੀ ਵਾਰ ਅਹਿਸਾਸ ਹੋਇਆ ਹੈ ਕਿ ਮੈਂ ਮੁਸਲਮਾਨ ਹਾਂ ਤੇ ਇਹ ਪਿਛਲੇ ਦਸ ਦਿਨਾਂ ਵਿਚ ਹੋਇਆ ਹੈ। … ਹਮਰਾਹੀਓ, ਘਬਰਾਉਣ ਦੀ ਲੋਡ਼ ਨਹੀਂ। ਇਹਨਾਂ ਕੋਲ ਸੰਸਦ ਦੀ ਬਹੁਗਿਣਤੀ, ਮੀਡੀਆ, ਸਰਕਾਰੀ ਮਸ਼ੀਨਰੀ ਤੇ ਪੁਲੀਸ, ਸਭ ਕੁਝ ਹੋ ਸਕਦਾ ਹੈ ਪਰ ਇਹ ਬੁਜ਼ਦਿਲ ਹਨ। ਇਹ ਸਾਥੋਂ ਡਰਦੇ ਹਨ, ਇਹ ਸਾਡੀਆਂ ਜਦੋਜਹਿਦਾਂ ਤੋਂ ਡਰਦੇ ਹਨ। ਇਹ ਸਾਥੋਂ ਇਸ ਲਈ ਡਰਦੇ ਹਨ ਕਿਉਂਕਿ ਅਸੀਂ ਸੋਚ ਸਕਦੇ ਹਾਂ! ਤੇ ਅੱਜ ਇਸ ਦੇਸ ਵਿਚ ਜਿਸ ਪਲ ਤੁਸੀਂ ਸੋਚਣਾ ਸ਼ੁਰੂ ਕਰਦੇ ਹੋ, ਉਸੇ ਪਲ ਤੁਸੀਂ ‘ਦੇਸ਼ਧਰੋਹੀ’ ਬਣ ਜਾਂਦੇ ਹੋ!”
ਪੰਜਵੀਂ ਖ਼ਬਰ। ਕੇਂਦਰੀ ਸਭਿਆਚਾਰ ਮੰਤਰਾਲੇ ਅਧੀਨ ਚਲਦੀ ਕਲਕੱਤੇ ਦੀ ਸੰਸਥਾ ਵਿਕਟੋਰੀਆ ਮੈਮੋਰੀਅਲ ਨੇ ਉਥੇ ਲੱਗਣ ਵਾਲੀ ਪਾਕਿਸਤਾਨੀ ਕਲਾਕਾਰ ਸ਼ਾਹਿਦ ਰੱਸਮ ਦੀ ਨੁਮਾਇਸ਼ ‘ਗ਼ਾਲਿਬ ਤੇ ਗੁਲਜ਼ਾਰ’ ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਰੱਦ ਕਰ ਦਿੱਤੀ ਕਿਉਂਕਿ ਪੱਛਮੀ ਬੰਗਾਲ ਦੇ ਭਗਵੇ ਗਵਰਨਰ ਕੇਸਰੀ ਨਾਥ ਤ੍ਰਿਪਾਠੀ ਨੇ ਪਹਿਲਾਂ ਉਹਦਾ ਉਦਘਾਟਨ ਕਰਨਾ ਪਰਵਾਨ ਕਰ ਕੇ ਮੌਕੇ ਉੱਤੇ ਇਨਕਾਰ ਕਰ ਦਿੱਤਾ।
ਕਲਾਕਾਰ ਦਾ ਕਹਿਣਾ ਹੈ, ‘‘ਮੈਨੂੰ ਕਿਹਾ ਗਿਆ ਕਿ ਨੁਮਾਇਸ਼ ਇਸ ਕਰਕੇ ਰੱਦ ਕਰ ਦਿੱਤੀ ਗਈ ਹੈ ਕਿ ਗਵਰਨਰ ਸਾਹਿਬ ਨਹੀਂ ਆ ਰਹੇ। ਮੈਂ ਇਸ ਨੁਮਾਇਸ਼ ਵਾਸਤੇ ਸਾਲਾਂ ਦੀ ਮਿਹਨਤ ਲਾਈ ਹੈ। ਮੈਂ ਸਮਝਦਾ ਹਾਂ, ਇਹ ਬਡ਼ੀ ਬਦਕਿਸਮਤੀ ਦੀ ਗੱਲ ਹੈ ਕਿ ਮੇਰੇ ਨਾਲ ਇਹ ਵਰਤਾਉ ਕੀਤਾ ਗਿਆ। ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਮੈਨੂੰ ਵਿਕਟੋਰੀਆ ਮੈਮੋਰੀਅਲ ਦੀ ਈਮੇਲ ਆਈ ਕਿ ਨੁਮਾਇਸ਼ ਨਹੀਂ ਲਗੇਗੀ!” ਹੁਣ ਮਮਤਾ ਬੈਨਰਜੀ ਨੇ ਕਿਹਾ ਹੈ, ‘‘ਹਰ ਕਲਾਕਾਰ ਦਾ ਸਵਾਗਤ ਕਰਨਾ ਸਾਡੀ ਪ੍ਰੰਪਰਾ ਹੈ। ਮੈਂ ਪੂਰੀ ਗੱਲ ਦਾ ਪਤਾ ਕਰਾਂਗੀ।”
ਛੇਵੀਂ ਖ਼ਬਰ। ਰਾਜਸਥਾਨ ਦੇ ਸ਼ਹਿਰ ਅਜਮੇਰ ਦੇ ਜਵਾਹਰ ਰੰਗਮੰਚ ਵਿਚ ਹੋਣ ਵਾਲਾ ਸਾਹਿਤਕ ਪ੍ਰੋਗਰਾਮ ‘ਸ਼ਾਇਰੀ: ਸਰਹੱਦ ਸੇ ਪਰੇ’ ਰੱਦ ਕਰ ਦਿੱਤਾ ਗਿਆ। ਇਸ ਵਿਚ ਭਾਰਤੀ ਸ਼ਾਇਰ ਏ.ਐਮ. ਤੂਰਾਜ ਅਤੇ ਪਾਕਿਸਤਾਨੀ ਸ਼ਾਇਰ ਅੱਬਾਸ ਤਾਬਿਸ਼ ਨੇ ਹਿੱਸਾ ਲੈਣਾ ਸੀ। ਕਨਵੀਨਰ ਰਾਸਬਿਹਾਰੀ ਗੌਡ਼ ਦਾ ਕਹਿਣਾ ਹੈ ਕਿ ਸਾਨੂੰ ਪ੍ਰੋਗਰਾਮ ਇਸ ਲਈ ਰੱਦ ਕਰਨਾ ਪਿਆ ਕਿਉਂਕਿ ਬੀਜੇਪੀ ਦੇ ਜ਼ਿਲਾ ਪ੍ਰਧਾਨ ਅਰਵਿੰਦ ਯਾਦਵ ਨੇ ਫੋਨ ਕਰ ਕੇ ‘ਬੇਨਤੀ’ ਕੀਤੀ ਸੀ।
ਅਸੀਂ ਨਹੀਂ ਸੀ ਚਾਹੁੰਦੇ ਕਿ ਕੋਈ ਭੈਡ਼ੀ ਘਟਨਾ ਵਾਪਰੇ।” ਯਾਦਵ ਦਾ ਕਹਿਣਾ ਹੈ,‘‘ਅਸੀਂ ਪ੍ਰੋਗਰਾਮ ਦਾ ਵਿਰੋਧ ਇਸ ਲਈ ਕੀਤਾ ਕਿਉਂਕਿ ਇਸ ਵਿਚ ਇਕ ਪਾਕਿਸਤਾਨੀ ਹਿੱਸਾ ਲੈ ਰਿਹਾ ਸੀ।”
ਸੱਤਵੀਂ ਖ਼ਬਰ। ਰਾਜਸਥਾਨ ਦੇ ਰਾਮਗਡ਼੍ਹ ਹਲਕੇ ਤੋਂ ਬੀਜੇਪੀ ਵਿਧਾਇਕ ਗਿਆਨਦੇਵ ਆਹੂਜਾ ਨੇ ਆਪਣੇ ਜ਼ਿਲਾ-ਸ਼ਹਿਰ ਅਲਵਰ ਵਿਚ ‘ਦੇਸ਼ਧਰੋਹੀਆਂ ਵਿਰੁੱਧ ਮਾਰਚ’ ਦੀ ਅਗਵਾਈ ਕੀਤੀ। ਇਹ ਉਹੋ ਮਹਾਂਪੁਰਸ਼ ਹੈ ਜਿਸ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਗੋਲ਼ੀ ਮਾਰ ਦਿੱਤੀ ਜਾਂ ਫ਼ਾਂਸੀ ਲਾ ਦਿੱਤੀ ਜਾਣੀ ਚਾਹੀਦੀ ਹੈ।
ਅੱਠਵੀਂ ਖ਼ਬਰ।… ਓਹੋ! ਅੱਠਵੀਂ ਤਾਂ ਕੀ, ਖ਼ਬਰਾਂ ਤਾਂ ਅਜੇ ਕਈ ਹੋਰ ਹਨ ਪਰ ਮੇਰੇ ਕੰਪਿਊਟਰ ਨੇ ਲੇਖ ਦੀ ਲੰਮਾਈ ਦੀ ਹੱਦ ਦੀ ਲਾਲ ਝੰਡੀ ਦਿਖਾ ਦਿੱਤੀ ਹੈ। ਤਾਂ ਵੀ ਆਸ ਹੈ, ਇਹ ਸੱਤ ਦਾਣੇ ਪਾਠਕਾਂ ਨੂੰ ਪੂਰੀ ਦੇਗ ਦੀ ਤਾਸੀਰ ਦੱਸਣ ਲਈ ਅਤੇ ਉਪਰੋਕਤ ਸਭ ਗੱਲਾਂ ਬਾਰੇ ਸੋਚਣ ਵਾਸਤੇ ਮਜਬੂਰ ਕਰਨ ਲਈ ਕਾਫ਼ੀ ਹੋਣਗੇ। ਸੋਚਣਾ ਇਸ ਲਈ ਜ਼ਰੂਰੀ ਹੈ ਕਿਉਂਕਿ, ਉਮਰ ਖ਼ਾਲਿਦ ਦੇ ਕਹਿਣ ਵਾਂਗ, ਸੋਚਣ ਵਾਲੇ ਲੋਕ ਹੀ ਹਨ ਜਿਨ੍ਹਾਂ ਤੋਂ ਹਾਕਮ ਸਭ ਤੋਂ ਬਹੁਤਾ ਡਰਦੇ ਹਨ!
ਮੈਂ ਆਪਣੀ ਇਹ ਲਿਖਤ ਅਸਹਿਣਸ਼ੀਲਤਾ ਦੀ ਹੋਂਦ ਤੋਂ ਪੂਰੀ ਤਰ੍ਹਾਂ ਮੁਨਕਰ, ਆਜ਼ਾਦ ਜਮਹੂਰੀ ਭਾਰਤ ਦੇ ਪਹਿਲੇ ਦਰਬਾਰੀ ਕਲਾਕਾਰ ਅਨੂਪਮ ਖੇਰ ਨੂੰ ਸਮਰਪਿਤ ਕਰਦਾ ਹਾਂ!
ਇਹ ਲੇਖ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਮਿਤੀ 28 ਫਰਵਰੀ, 2016 ਨੂੰ ਛਪਿਆ ਹੈ ਅਸੀਂ ਇੱਥੇ ਧੰਨਵਾਦ ਸਾਹਿਤ ਸਿੱਖ ਸੰਘਰਸ਼ ਦੇ ਪਾਠਕਾਂ ਲਈ ਛਾਪਣ ਦੀ ਖੁਸ਼ੀ ਲੈ ਰਹੇ ਹਾਂ।