ਲੁਧਿਆਣਾ (13 ਦਸੰਬਰ, 2009): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ ਪ੍ਰਕਾਸ਼ਿਤ ਇੱਕ ਖਬਰ ਅਨੁਸਾਰ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ 13 ਦਸੰਬਰ ਨੂੰ ਲੁਧਿਆਣਾ ਗੋਲੀ ਕਾਂਡ ਦੇ ਜ਼ਖ਼ਮੀਆਂ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਅਰਦਾਸ ਦਿਵਸ ਮਨਾਇਆ ਗਿਆ। ਸ਼੍ਰੋਮਣੀ ਤੱਤ ਖਾਲਸਾ ਦੀ ਅਗਵਾਈ ਹੇਠ ਹੋਏ ਇਸ ਅਰਦਾਸ ਦਿਵਸ ਸਮਾਗਮ ਸਮੇਂ ਇਕ ਮਤਾ ਪਾਸ ਕਰਕੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਸਾਰੇ ਮਾਮਲੇ ਦੀ ਸੀ. ਬੀ. ਆਈ ਤੋਂ ਉਚ ਪੱਧਰੀ ਜਾਂਚ ਕਰਾਈ ਜਾਵੇ ਤੇ ਗੋਲੀ ਕਾਂਡ ਲਈ ਜ਼ਿੰਮੇਵਾਰ ਭਾਜਪਾ ਵਿਧਾਇਕ ਹਰੀਸ਼ ਬੇਦੀ, ਉਸਦੇ ਲੜਕੇ ਹਨੀ ਬੇਦੀ ਤੇ ਸਬੰਧਿਤ ਪੁਲਿਸ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ।
ਖਬਰ ਅਨੁਸਾਰ ਇਕੱਠ ਨੇ ਪਾਸ ਕੀਤੇ ਮਤੇ ’ਚ ਇਸ ਮੰਗ ਦੀ ਪੂਰਤੀ ਲਈ ਸੰਘਰਸ਼ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਹੈ। ਇਕ ਹੋਰ ਮਤੇ ਰਾਹੀਂ ਇਸ ਸਾਰੇ ਕਾਂਡ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦੇ ਕੇ ਸਿੱਖਾਂ ਦਾ ਦੁਸ਼ਮਣ ਕਹਿੰਦਿਆਂ ਸਿੱਖ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਧਾਰਮਿਕ, ਸਮਾਜਿਕ ਤੇ ਸਿਆਸੀ ਬਾਈਕਾਟ ਦੀ ਅਪੀਲ ਕੀਤੀ ਗਈ ਹੈ। ਮੀਟਿੰਗ ਨੇ ਇਕ ਹੋਰ ਮਤਾ ਪਾਸ ਕਰਕੇ ਕਿਸੇ ਦਾ ਨਾਂਅ ਲਏ ਬਗੈਰ ਪੰਥਕ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਬਾਦਲ ਦੇ ਏਜੰਟਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੇ ਨਾਂਅ ਪੰਥ ਅੱਗੇ ਜਲਦੀ ਹੀ ਰੱਖਣ ਦਾ ਵੀ ਐਲਾਨ ਕੀਤਾ। ਸ਼੍ਰੋਮਣੀ ਤੱਤ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਤੇ ਭਾਈ ਬਲਜਿੰਦਰ ਸਿੰਘ ਜਿੰਦੂ ਨੇ ਉਕਤ ਮਤੇ ਪੇਸ਼ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ ਪਿੰਡ ਲੁਹਾਰਾ ਵਿਖੇ ਸ਼ਹੀਦ ਦਰਸ਼ਨ ਸਿੰਘ ਦੇ ਭੋਗ ਮੌਕੇ ਵੱਧ ਚੜ੍ਹਕੇ ਪੁੱਜਣ ਤੇ ਕੌਮੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ।
ਅੱਜ ਦੇ ਇਕੱਠ ’ਚ ਪੰਜਾਬ ਭਰ ਤੋਂ ਸੰਗਤਾਂ ਪੁੱਜੀਆਂ ਹੋਈਆਂ ਸਨ ਜਦਕਿ ਐਸ. ਪੀ. ਸ੍ਰੀ ਹਰਸ਼ ਬਾਂਸਲ ਦੀ ਅਗਵਾਈ ਹੇਠ ਪੁਲਿਸ ਨੇ ਸਾਰੇ ਇਲਾਕੇ ਦੀ ਨਾਕਾਬੰਦੀ ਕੀਤੀ ਹੋਈ ਸੀ। ਇਸ ਸਮੇਂ ਦਲ ਖਾਲਸਾ ਦੇ ਭਾਰੀ ਸਤਨਾਮ ਸਿੰਘ ਪਾਉਂਟਾ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ: ਤਰਸੇਮ ਸਿੰਘ, ਗਿਆਨੀ ਰਣਜੀਤ ਸਿੰਘ, ਆਰ. ਪੀ. ਸਿੰਘ ਚੰਡੀਗੜ੍ਹ, ਚਰਨਜੀਤ ਸਿੰਘ ਚੰਨੀ ਤੇ ਗੁਰਿੰਦਰਪਾਲ ਸਿੰਘ ਧਨੌਲਾ ਆਦਿ ਨੇ ਸੰਬੋਧਨ ਕੀਤਾ। ਇਸ ਸਮੇਂ ਅਮਰਜੀਤ ਸਿੰਘ ਮਦਾਨ, ਜਸਵਿੰਦਰ ਸਿੰਘ ਬਲੀਏਵਾਲ, ਭੁਪਿੰਦਰ ਸਿੰਘ ਨਿਮਾਣਾ, ਹਰਦਿਆਲ ਸਿੰਘ ਅਮਨ, ਭਾਈ ਹਰਜਿੰਦਰ ਸਿੰਘ ਗਊਘਾਟ, ਡਾ: ਰੁਪਿੰਦਰ ਸਿੰਘ, ਬੇਅੰਤ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪ੍ਰਿੰਸੀਪਲ ਹਰਭਜਨ ਸਿੰਘ, ਸੁਲਤਾਨ ਸਿੰਘ ਸੋਢੀ, ਇਕਬਾਲ ਸਿੰਘ, ਸੁਰਿੰਦਰਪਾਲ ਸਿੰਘ ਖਾਲਸਾ, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।