ਨਵੀਂ ਦਿੱਲੀ(19 ਜਨਵਰੀ, 2015): ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਪੰਜਾਬ ਦੀ ਸਿਆਸੀ ਫਿਜ਼ਾ ਇਸ ਵਾਰ ਪਹਿਲਾਂ ਨਾਲੋਂ ਕਾਫੀ ਵੱਖਰੀ ਕਿਸਮ ਦੀ ਹੋਵੇਗੀ।ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਉਭਾਰ ਜਿੱਥੇ ਪੰਜਾਬ ਦੀਆਂ ਮੁੱਖ ਰਵਾਇਤੀ ਪਾਰਟੀਆਂ ਬਾਦਲ ਦਲ ਅਤੇ ਕਾਂਗਰਸ ਲਈ ਜਿੱਥੇ ਇੱਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ, ਉੱਥੇ ਆਮ ਆਦਮੀ ਪਾਰਟੀ ਦਾ ਬਾਗੀ ਧੜਾ ਵੀ ਇਨਾਂ ਆਉਣ ਵਾਲੀਆਂ ਚੋਣਾਂ ਵਿੱਚ ਕੁੱਦਣ ਦੀ ਵਿਉਂਤ ਬਣਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਬਾਗੀ ਆਗੂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਪਣੀ ਕਿਸਮਤ ਅਜਮਾਉਣ ਲਈ ਸਿਆਸੀ ਪਾਰਟੀ ਦਾ ਗਠਨ ਕਰ ਸਕਦੇ ਹਨ ।
ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਦੀ ਅਗਵਾਈ ਵਾਲੀ ਸਵਰਾਜ ਮੁਹਿੰਮ ਅਜੇ ਕੋਈ ਸਿਆਸੀ ਪਾਰਟੀ ਨਾ ਹੋਣ ਕਰਕੇ ਪੰਜਾਬ ਚੋਣਾਂ ‘ਚ ਸ਼ਿਰਕਤ ਨਹੀਂ ਕਰ ਸਕਦੀ । ਪਰ ਪੰਜਾਬ ਚੋਣਾਂ ਦੀ ਤਿਆਰੀ ‘ਚ ਰੁੱਝੇ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਸਵਰਾਜ ਮੁਹਿੰਮ ‘ਚ ਗੰਭੀਰ ਵਿਚਾਰਾਂ ਕਰ ਰਹੀ ਹੈ ।
ਸਵਰਾਜ ਮੁਹਿੰਮ ਨਾਲ ਜੁੜੇ ਇਕ ਸੀਨੀਅਰ ਆਗੂ ਨੇ ਜਾਣਕਾਰੀ ਦਿੰ ਦਿਆਂ ਕਿਹਾ ਕਿ ਸਵਰਾਜ ਮੁਹਿੰਮ ਸਿਆਸੀ ਪਾਰਟੀ ਦੇ ਗਠਨ ਤੋਂ ਇਨਕਾਰ ਨਹੀਂ ਕਰ ਰਿਹਾ । ਪਰ ਇਸ ਬਾਰੇ ‘ਚ ਹਾਲੇ ਕੋਈ ਤਾਰੀਖ ਨਿਸਚਿਤ ਨਹੀਂ ਕੀਤੀ ਗਈ । ਫਿਲਹਾਲ ਪੰਜਾਬ ਦੀ ਸਿਆਸੀ ਹਲਚਲ ‘ਚ ਆਪਣਾ ਯੋਗਦਾਨ ਪਾਉਣ ਲਈ ਸਵਰਾਜ ਮੁਹਿੰਮ ਖਡੂਰ ਸਾਹਿਬ ਦੀਆਂ ਜ਼ਿਮਨੀ ਚੋਣਾਂ ਲੜ ਰਹੇ ਭਾਈ ਬਲਦੀਪ ਸਿੰਘ ਨੂੰ ਆਪਣਾ ਸਮਰਥਨ ਦੇ ਰਹੀ ਹੈ ।
ਯਾਦਵ ਸਮੇਤ ਸਵਰਾਜ ਮੁਹਿੰਮ ਨਾਲ ਜੁੜੇ ਹੋਰ ਨੇਤਾ ਛੇਤੀ ਹੀ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜ ਰਹੇ ਭਾਈ ਬਲਦੀਪ ਸਿੰਘ ਲਈ ਪ੍ਰਚਾਰ ਵੀ ਕਰਨਗੇ । ਭਾਈ ਬਲਦੀਪ ਸਿੰਘ ਨੂੰ ਆਪ ਦੇ ਬਾਗੀ ਸੰਸਦ ਮੈਂਬਰਾਂ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖ਼ਾਲਸਾ ਦਾ ਵੀ ਸਮਰਥਨ ਹਾਸਲ ਹੈ ਜੋ ਕਿ ਪਾਰਟੀ ਤੋਂ ਬਰਖਾਸਤ ਕੀਤੇ ਗਏ ਹਨ ਪਰ ਪਾਰਟੀ ‘ਚੋਂ ਕੱਢੇ ਨਹੀਂ ਗਏ ।
ਸਵਰਾਜ ਮੁਹਿੰਮ ਦੇ ਆਗੂ ਪੰਜਾਬ ਚੋਣਾਂ ਨੂੰ ਸਿਰਫ਼ ਆਮ ਆਦਮੀ ਪਾਰਟੀ ਨਾਲ ‘ਸਿੱਧੀ ਲੜਾਈ’ ਨਹੀਂ ਮੰਨ ਰਹੇ । ਮੁਹਿੰਮ ਨਾਲ ਜੁੜੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ‘ਚ ਉਨ੍ਹਾਂ ਲਈ ਆਪ ਕਿਸੇ ਵੀ ਹੋਰ ਸਿਆਸੀ ਪਾਰਟੀ ਵਾਂਗ ਹੈ ਅਤੇ ਉਥੇ ਉਹ ‘ਆਪ’ ਨਾਲ ਲੜਨ ਲਈ ਨਹੀਂ ਸਗੋਂ ‘ਲੋਕਾਂ ਲਈ’ ਲੜਨਾ ਚਾਹੁੰਦੇ ਹਨ ।
ਪੰਜਾਬ ਤੋਂ ਜੈ ਕਿਸਾਨ ਅੰਦੋਲਨ ਦੀ ਸ਼ੁਰੂਆਤ ਕਰਨ ਵਾਲੀ ਸਵਰਾਜ ਮੁਹਿੰਮ ਫ਼ਿਲਹਾਲ ਦੇਸ਼ ਦੇ ਵੱਖ-ਵੱਖ ਰਾਜਾਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਮਹਾਂਰਾਸ਼ਟਰ, ਹਰਿਆਣਾ ‘ਚ ਕਿਸਾਨਾਂ ਦੇ ਮਸਲੇ ਚੁੱਕ ਰਹੀ ਹੈ ।