Site icon Sikh Siyasat News

ਅਮਨਜੋਤ ਕੌਰ ਰਾਮੂਵਾਲੀਆ ਨੇ ਜ਼ਿਲ੍ਹਾ ਯੋਜਨਾ ਕਮੇਟੀ ਚੇਅਰਪਰਸਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਅਮਨਜੋਤ ਕੌਰ ਰਾਮੂਵਾਲੀਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (3 ਨਵੰਬਰ,  2015): ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਸਮਾਜਵਾਦੀ ਪਾਰਟੀ ਦਾ ਹਿੱਸਾ ਬਣਦੇ ਹੋਏ ਯੂ.ਪੀ ਦੀ ਅਖਿਲੇਸ਼ ਯਾਦਵ ਸਰਕਾਰ ਵਿੱਚ ਕੈਬਿਨਟ ਮੰਤਰੀ ਬਨਣ ਤੋਂ ਬਾਅਦ ਉਨ੍ਹਾਂ ਦੀ ਧੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਜ਼ਿਲ੍ਹਾ ਯੋਜਨਾ ਕਮੇਟੀ ਚੇਅਰਪਰਸਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ।

ਯੂਪੀ ਵਿੱਚ ਮੰਤਰੀ ਬਨਣ ਤੋਂ ਪਹਿਲਾਂ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉੱਪ ਪ੍ਰਧਾਨ ਸਨ।ਬਲਵੰਤ ਸਿੰਘ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਰੀਦਕੋਟ ਅਤੇ ਸੰਗਰੂਰ ਤੋਂ ਦੋ ਵਾਰ ਮੈਂਬਰ ਪਾਰਲੀਮੈਂਟ ਚੁਣੇ ਜਾ ਚੁੱਕੇ ਹਨ।ਬਲਵੰਤ ਸਿੰਘ ਰਾਮੂਵਾਲੀਆ ਐਚ.ਡੀ ਦੇਵਗੌੜਾ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ।

ਰਾਮੂਵਾਲੀਆ ਵੱਲੋਂ ਸਮੇ ਸਮੇ ਤੇ ਪਾਰਟੀਆਂ ਬਦਲੀਆਂ ਜਾਂਦੀਆਂ ਰਹੀਆਂ ਹਨ।ਰਾਮੂਵਾਲੀਆਂ ਵੱਲੋਂ 2011 ਵਿੱਚ ਆਪਣੀ ਲੋਕ ਭਲਾਈ ਪਾਰਟੀ ਦਾ ਰਲੇਵਾਂ ਅਕਾਲੀ ਦਲ ਵਿੱਚ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 2012 ਦੀਆਂ ਚੌਣਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਹਾਲੀ ਹਲਕੇ ਤੋਂ ਲੜੇ ਸਨ। ਪਰ ਇਨ੍ਹਾਂ ਚੌਣਾਂ ਵਿੱਚ ਰਾਮੂਵਾਲੀਆ ਨੂੰ ਕਾਂਗ੍ਰੇਸ ਦੇ ਬਲਵੀਰ ਸਿੰਘ ਸਿੱਧੂ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਰਾਮੂਵਾਲੀਆ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ 1963 ਵਿੱਚ ਐਸ.ਐਫ.ਆਈ ਦੇ ਜਨਰਲ ਸਕੱਤਰ ਦੇ ਤੌਰ ਤੇ ਕੀਤੀ ਸੀ।ਉਸ ਤੋਂ ਬਾਅਦ ਰਾਮੂਵਾਲੀਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਹਿੱਸਾ ਬਣੇ ਤੇ 1968-72 ਤੱਕ ਇਸ ਪਾਰਟੀ ਦੇ ਪ੍ਰਧਾਨ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version