ਨਵੀਂ ਦਿੱਲੀ: ਬੀਤੇ ਸ਼ੁਕਰਵਾਰ ਦੀ ਰਾਤ ਰਾਜਸਥਾਨ ਦੇ ਅਲਵਰ ਇਲਾਕੇ ਵਿਚ ਇਕ 28 ਸਾਲਾ ਮੁਸਲਿਮ ਨੌਜਵਾਨ ਨੂੰ ਗਾਂ ਰੱਖਿਆ ਦੇ ਨਾਂ ‘ਤੇ ਕੁੱਟ-ਕੁੱਟ ਕੇ ਮਾਰ ਦੇਣ ਦੀ ਘਟਨਾ ਸਬੰਧੀ ਪੁਲਿਸ ਦੀ ਬੇਸ਼ਰਮੀ ਭਰੀ ਕਾਰਵਾਈ ਸਾਹਮਣੇ ਆਈ ਹੈ। ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ੁਕਰਵਾਰ-ਸ਼ਨੀਵਾਰ ਦੀ ਰਾਤ 12.41 ‘ਤੇ ਪਤਾ ਲਗਦਾ ਹੈ ਤੇ ਪੁਲਿਸ ਘਟਨਾ ਵਾਲੀ ਥਾਂ ‘ਤੇ 1.15 ਵਜੇ ਪਹੁੰਚਦੀ ਹੈ। ਪਰ ਉੱਥੋਂ ਉਹ ਪੀੜਤ ਅਕਬਰ ਖਾਨ ਨੂੰ ਹਸਪਤਾਲ ਲਿਜਾਂਦਿਆਂ 4 ਵਜਾ ਦਿੰਦੇ ਹਨ ਜਦਕਿ ਹਸਪਤਾਲ ਮਹਿਜ ਘਟਨਾ ਵਾਲੀ ਥਾਂ ਤੋਂ 4 ਕਿਲੋਮੀਟਰ ਦੂਰ ਹੈ। ਪੁਲਿਸ ਦੀ ਇਸ ਢਿੱਲ ਦਾ ਨਤੀਜਾ ਨਿਕਲਦਾ ਹੈ ਕਿ ਅਕਬਰ ਖਾਨ ਹਸਪਤਾਲ ਮਿਰਤਕ ਹਾਲਤ ਵਿਚ ਪਹੁੰਚਦਾ ਹੈ।
ਇਸ ਦੌਰਾਨ ‘ਟਾਈਮਜ਼ ਆਫ ਇੰਡੀਆ’ ਦੀ ਖ਼ਬਰ ਤੋਂ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਪੀੜਤ ਅਕਬਰ ਖਾਨ ਨਾਲ ਜਿੱਥੇ ਕੁੱਟਮਾਰ ਵੀ ਕੀਤੀ ਉੱਥੇ ਹੀ ਉਸਨੂੰ ਪਹਿਲਾਂ ਹਸਪਤਾਲ ਲਿਜਾਣ ਦੀ ਬਜਾਏ ਗਾਵਾਂ ਨੂੰ ਪਹਿਲਾਂ ਗਊਸ਼ਾਲਾ ਵਿਚ ਛੱਡਣ ਲਈ ਗਏ।
ਇੰਡੀਅਨ ਐਕਸਪ੍ਰੈਸ ਅਖਬਾਰ ਵਲੋਂ ਖ਼ਬਰ ਛਾਪੀ ਗਈ ਹੈ ਕਿ ਪੀੜਤ ਅਕਬਰ ਖਾਨ ਨੂੰ ਹਸਪਤਾਲ ਲਿਜਾਂਦਿਆਂ ਸਮੇਂ ਪੁਲਿਸ ਵਾਲੇ ਚਾਹ ਪੀਣ ਲਈ ਇਕ ਥਾਂ ‘ਤੇ ਰੁਕੇ ਵੀ ਸੀ। ਗੋਵਿੰਦਗੜ੍ਹ ਵਿਚ ਚਾਹ ਦੀ ਦੁਕਾਨ ਕਰਦੇ ਲਾਲ ਚੰਦ ਦੇ ਹਵਾਲੇ ਨਾਲ ਅਖਬਾਰ ਨੇ ਛਾਪਿਆ ਹੈ, “ਪੁਲਿਸ ਜੀਪ ਰੁਕੀ, ਡਰਾਈਵਰ ਬਾਹਰ ਆਇਆ ਤੇ ਚਾਰ ਗਿਲਾਸ ਚਾਹ ਦੇ ਲਏ। ਕਾਰ ਵਿਚ ਬੈਠੇ ਹੋਰ ਲੋਕ ਬਾਹਰ ਨਹੀਂ ਆਏ। ਮੈਂ ਨਹੀਂ ਦੇਖਿਆ ਕਿ ਕਾਰ ਵਿਚ ਕੌਣ ਹੈ। ਉਹ ਚਾਹ ਪੀ ਕੇ ਚਲੇ ਗਏ।”
ਇਸ ਸਾਰੀ ਅਣਗਿਹਲੀ ਨੂੰ ਆਪਣੇ ਮੂਹੋਂ ਬਿਆਨ ਰਹੇ ਏਐਸਆਈ ਮੋਹਨ ਸਿੰਘ ਦੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਏਐਸਆਈ ਮੋਹਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਤਿੰਨ ਸਿਪਾਹੀਆਂ ਨੂੰ ਲਾਈਨ ਹਾਜ਼ਿਰ ਕੀਤਾ ਹੈ। ਪੁਲਿਸ ਵਲੋਂ ਵਰਤੀ ਗਈ ਅਣਗਿਹਲੀ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ।
ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਧਰਮਿੰਦਰ ਯਾਦਵ, ਪਰਮਜੀਤ ਸਿੰਘ ਅਤੇ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ, ਜਿਹਨਾਂ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਹੈ।
ਅਲਵਰ ਦੇ ਐਸਪੀ ਨੇ ਕਿਹਾ ਕਿ ਪੁਲਿਸ ‘ਤੇ ਪੀੜਤ ਅਕਬਰ ਖਾਨ ਨੂੰ ਕੁੱਟਣ ਅਤੇ ਦੇਰ ਨਾਲ ਹਸਪਤਾਲ ਲਿਜਾਣ ਦਾ ਦੋਸ਼ ਲੱਗਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਸਬੰਧਿਤ ਖ਼ਬਰ: ਹਿੰਦੁਤਵੀ ਦਹਿਸ਼ਤ: ਗਾਂ ਰੱਖਿਆ ਦੇ ਨਾਂ ‘ਤੇ ਅਲਵਰ ਵਿਚ ਇਕ ਹੋਰ ਮੁਸਲਮਾਨ ਦਾ ਕਤਲ
ਮਾਮਲੇ ਦੀ ਜਾਂਚ ਨੂੰ ਅਲਵਰ ਤੋਂ ਜੈਪੁਰ ਤਬਦੀਲ ਕੀਤਾ ਗਿਆ
ਇਸ ਮਾਮਲੇ ਵਿਚ ਅਲਵਰ ਪੁਲਿਸ ਦੀ ਦੋਸ਼ ਭਰਪੂਰ ਕਾਰਵਾਈ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਅਲਵਰ ਤੋਂ ਜੈਪੁਰ ਤਬਦੀਲ ਕਰਦਿਆਂ ਜੈਪੁਰ ਰੇਂਜ ਦੇ ਐਡੀਸ਼ਨਲ ਸੁਪਰੀਂਟੈਂਡੈਂਟ ਆਫ ਪੁਲਿਸ (ਜ਼ੁਰਮ ਅਤੇ ਵਿਜੀਲੈਂਸ) ਵੰਦਨਾ ਭੱਟੀ ਨੂੰ ਦੇ ਦਿੱਤੀ ਗਈ ਹੈ।
ਹੁਕਮ ਅਦੂਲੀ ਬਾਰੇ ਪਾਈ ਗਈ ਫਰਿਆਦ ਸੁਣਨ ਲਈ ਤਿਆਰ ਹੋਈ ਸੁਪਰੀਮ ਕੋਰਟ
ਭਾਰਤ ਦੀ ਸੁਪਰੀਮ ਕੋਰਟ ਨੇ ਰਾਜਸਥਾਨ ਸਰਕਾਰ ਖਿਲਾਫ ਪਾਈ ਗਈ ਹੁਕਮ ਅਦੂਲੀ ਦੀ ਫਰਿਆਦ ਨੂੰ ਸੁਣਨ ਦੀ ਹਾਮੀ ਭਰ ਦਿੱਤੀ ਹੈ। ਇਹ ਅਪੀਲ ਤਹਿਸੀਨ ਪੂਨਾਵਾਲਾ ਅਤੇ ਤੁਸ਼ਾਰ ਗਾਂਧੀ ਵਲੋਂ ਪਾਈ ਗਈ ਹੈ। ਇਸ ਅਪੀਲ ਵਿਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਵਲੋਂ ਭੀੜਾਂ ਵਲੋਂ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਕੀਤੇ ਹੁਕਮਾਂ ਦੇ ਬਾਵਜੂਦ ਭੀੜਾਂ ਦੇ ਹਮਲੇ ਲਗਾਤਾਰ ਜਾਰੀ ਹਨ। ਇਸ ਅਪੀਲ ‘ਤੇ ਸੁਣਵਾਈ 28 ਅਗਸਤ ਨੂੰ ਹੋਵੇਗੀ।