Site icon Sikh Siyasat News

ਦਿੱਲੀ ਗੁਰਦੁਆਰਾ ਚੋਣਾਂ: ਸ਼੍ਰੋ. ਅਕਾਲੀ ਦਲ ਦਿੱਲੀ (ਸਰਨਾ) ਵਲੋਂ ਚੋਣ ਮਨੋਰਥ ਪੱਤਰ ਜਾਰੀ

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ 2017 ਨੂੰ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖ ਕੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਜਿਸ ਵਿੱਚ ਧਰਮ ਪ੍ਰਚਾਰ ਨੂੰ ਪਹਿਲ ਦੇਣ, ਪਤਿਤਪੁਣੇ ਨੂੰ ਠੱਲ੍ਹ ਪਾਉਣ, ਬਾਦਲ ਦਲ ਵਲੋਂ ਬੰਦ ਕੀਤੀਆਂ ਵਿਦਿਅਕ ਸੰਸਥਾਵਾਂ ਨੂੰ ਮੁੜ ਸ਼ੁਰੂ ਕਰਨ ਅਤੇ ਇੱਕ ਸਿੱਖ ਯੂਨੀਵਰਸਿਟੀ ਸਥਾਪਤ ਕਰਨ ਵਰਗੇ ਵਾਅਦੇ ਕੀਤੇ ਗਏ ਹਨ।

ਪੱਤਰਕਾਰ ਸੰਮੇਲਨ ਦੌਰਾਨ ਆਪਣੇ ਵੱਖ-ਵੱਖ ਹਲਕਿਆਂ ਤੋਂ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਗੁਰੂ ਦੀ ਗੋਲਕ ਨੂੰ ਬਾਦਲ ਦਲ ਵਾਲਿਆਂ ਨੇ ਘੁਣ ਵਾਂਗ ਖਾਧਾ ਹੈ ਅਤੇ ਇਸ ਵੇਲੇ ਦਿੱਲੀ ਕਮੇਟੀ ਦਾ ਖਜ਼ਾਨਾ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਗੋਲਕ ਨੂੰ ਅਮਰਵੇਲ ਵਾਂਗ ਲੱਗੇ ਬਾਦਲ ਦਲ ਵਾਲੇ ਉਹ ਐਫ.ਡੀ.ਆਰਜ਼ ਵੀ ਹਜ਼ਮ ਕਰ ਗਏ ਹਨ ਜਿਹੜੀਆ ਉਹਨਾਂ ਨੇ ਆਪਣੇ ਸੇਵਾ ਕਾਰਜ ਸਮੇ 123 ਕਰੋੜ ਦੀਆਂ ਇਕੱਠੀਆਂ ਕੀਤੀਆਂ ਸਨ। ਮੌਜੂਦਾ ਕਮੇਟੀ ਪ੍ਰਧਾਨ ਅਤੇ ਸਕੱਤਰ ‘ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇੱਕ ਸਵਾ ਕਰੋੜ ਦੀ ਐਫ.ਡੀ. ਇਹਨਾਂ ਦੀਆਂ ਅੱਖਾਂ ਤੋ ਬੱਚ ਕੇ ਪਾਸੇ ਲੱਗੀ ਰਹਿ ਗਈ ਸੀ ਤੇ ਉਹ ਜੀ.ਕੇ. ਤੇ ਸਿਰਸਾ ਬੀਤੇ ਕਲ੍ਹ ਕੱਢਵਾ ਕੇ ਲੈ ਗਏ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਕੋਈ ਵਪਾਰਿਕ ਅਦਾਰਾ ਨਹੀਂ ਸਗੋਂ ਸੇਵਾ ਵਾਲਾ ਅਦਾਰਾ ਹੈ ਜਿਸ ਨੂੰ ਸੇਵਾ ਭਾਵਨਾ ਨਾਲ ਹੀ ਚਲਾਇਆ ਜਾਂਦਾ ਹੈ। ਸਰਨਾ ਨੇ ਕਿਹਾ ਕਿ ਉਹਨਾਂ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਹੈ ਕਿ ਧਰਮ ਪ੍ਰਚਾਰ ਨੂੰ ਪ੍ਰਫੁੱਲਤ ਕਰਨ ਅਤੇ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਨੂੰ ਤਰਤੀਬਵਾਰ ਕਰਨ ਲਈ ਇੱਕ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਅਤੇ ਪੰਥਕ ਵਿਚਾਰਧਾਰਾ ਰੱਖਣ ਵਾਲੇ ਪ੍ਰੋਫੈਸਰਾਂ ਦਾ ਇੱਕ ਬੋਰਡ ਸਥਾਪਤ ਕੀਤਾ ਜਾਵੇਗਾ, ਧਰਮ ਪ੍ਰਚਾਰ ਲਈ ਕਥਾਕਾਰਾਂ, ਪ੍ਰਚਾਰਕਾਂ ਤੇ ਹੋਰ ਗੁਰੂਬਾਣੀ ਦੀਆਂ ਭਰਪੂਰ ਜਾਣਕਾਰੀ ਰੱਖਣ ਵਾਲੀਆਂ ਸ਼ਖਸੀਅਤਾਂ ਦੀਆਂ ਅਮੁੱਲ ਸੇਵਾਵਾਂ ਲਈਆਂ ਜਾਣਗੀਆਂ ਅਤੇ ਨੌਜਵਾਨ ਦੇ ਚੇਤਨਾ ਕੈਂਪ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੀ ਧਰਮ ਪ੍ਰਚਾਰ ਲਈ ਇੱਕ ਐਫ.ਐਮ. ਰੇਡੀਉ ਵੀ ਸ਼ੁਰੂ ਕੀਤਾ ਜਾਵੇਗਾ ਜਿੱਥੋਂ ਪੰਥਕ ਵਿਦਵਾਨਾਂ ਦੇ ਵਿਚਾਰ, ਗੁਰਬਾਣੀ ਦੀ ਕਥਾ ਤੇ ਕੀਤਰਨ ਸੰਗਤਾਂ ਨੂੰ ਸਰਵਣ ਕਰਵਾਇਆ ਜਾਵੇਗਾ।

ਦਿੱਲੀ ਗੁਰਦੁਆਰਾ ਚੋਣਾਂ ਲਈ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸਾਥੀ

ਮਨੋਰਥ ਪੱਤਰ ‘ਚ ਅੱਗੇ ਕਿਹਾ ਗਿਆ ਕਿ ਅੱਜ ਸਿੱਖਾਂ ਨੂੰ ਸਿਰ ਦੇਣ ਦੀ ਲੋੜ ਨਹੀਂ ਸਗੋਂ ਸਿਰ ਵਰਤਣ ਦੀ ਲੋੜ ਹੈ ਅਤੇ ਦਿੱਲੀ ਕਮੇਟੀ ਸਿੱਖ ਸਿਰਾਂ ਨੂੰ ਵਿਸ਼ਵ ਪੱਧਰ ਦੇ ਹਾਣ ਦਾ ਬਣਾਉਣ ਲਈ ਵਿਦਿਅਕ ਸੰਸਥਾਵਾਂ ਦਾ ਆਧੁਨਿਕੀਕਰਨ ਕਰੇਗੀ। ਜਿਹੜੇ ਅਦਾਰੇ ਪਿਛਲੇ ਸਮੇਂ ਦੌਰਾਨ ਬੰਦ ਹੋ ਗਏ ਹਨ ਉਹਨਾਂ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਇੱਕ ਸਿੱਖ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਮੇਟੀ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਉਹ ਭਲੀਭਾਂਤ ਸਮਝਦੇ ਹਨ ਅਤੇ ਸੇਵਾ ਸੰਭਾਲਦਿਆਂ ਹੀ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇਗਾ। ਕਮੇਟੀ ਦੇ ਮੁਲਾਜ਼ਮਾਂ ਦੇ ਦੋ ਬੱਚਿਆਂ ਦੀ ਫੀਸ ਵਿਦਿਅਕ ਅਦਾਰਿਆਂ ਵਿਚੋਂ ਮੁਆਫ ਹੋਵੇਗੀ ਤੇ ਤੀਸਰੇ ਕੋਲੋਂ ਸਿਰਫ ਅੱਧੀ ਫੀਸ ਹੀ ਵਸੂਲੀ ਜਾਵੇਗੀ। ਉਹਨਾਂ ਕਿਹਾ ਕਿ ਸਟਾਫ ਨੂੰ ਉ¤ਚ ਪਾਏ ਦੀਆਂ ਵਰਦੀਆਂ ਦਿੱਤੀਆਂ ਜਾਣਗੀਆਂ ਜਿਹਨਾਂ ਦੀ ਧੁਆਈ ਤੇ ਸਫਾਈ ਵੀ ਕਮੇਟੀ ਆਪਣੇ ਖਰਚੇ ‘ਤੇ ਹੀ ਕਰਾਏਗੀ। ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਰੁਜ਼ਗਾਰ ਦਿਵਾਉਣ ਲਈ ਇੱਕ ਪ੍ਰਭਾਵਸ਼ਾਲੀ ਰੁਜ਼ਗਾਰ ਕੇਂਦਰ ਖੋਹਲਿਆ ਜਾਵੇਗਾ ਜਿਸ ਵਿੱਚ ਉਹਨਾਂ ਸਾਬਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਜਿਹੜੇ ਪਲੇਸਮੈਂਟ ਦੀ ਭਰਪੂਰ ਜਾਣਕਾਰੀ ਰੱਖਦੇ ਹੋਣਗੇ। ਸਰਕਾਰੀ ਅਰਧ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ‘ਚ ਨੌਕਰੀਆਂ ਦਿਵਾਉਣ ਲਈ ਪਲੇਸਮੈਂਟ ਕਮੇਟੀ ਆਪਣਾ ਯੋਗਦਾਨ ਪਾਵੇਗੀ।

ਚੋਣ ਮਨੋਰਥ ਪੱਤਰ ‘ਚ ਸਿੱਖ ਪੰਥ ਵਿਚੋਂ ਦਾਜ ਵਰਗੀ ਸਮਾਜਿਕ ਬੁਰਾਈ ਨੂੰ ਠੱਲ੍ਹ ਪਾਉਣ ਲਈ ਕਥਾਵਾਚਕਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈਆਂ ਜਾਣਗੀਆਂ ਅਤੇ ਗੁਰਦੁਆਰਿਆਂ ਵਿੱਚ ਜਿਹੜੇ ਲੋਕ ਆਪਣੇ ਬੱਚਿਆਂ ਦੇ ਅਨੰਦ ਕਾਰਜ ਕਰਨਗੇ ਉਹਨਾਂ ਦਾ ਸਾਰਾ ਰੋਟੀ ਪਾਣੀ ਦਾ ਖਰਚਾ ਕਮੇਟੀ ਵੱਲੋਂ ਕੀਤਾ ਜਾਵੇਗਾ। ਸਰਨਾ ਦਨ ਨੇ ਚੋਣ ਮਨੋਰਥ ਪੱਤਰ ‘ਚ ਕਿਹਾ ਕਿ ਉਹ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਨ ਪਰ ਵਾਅਦਾ ਕਰਦੇ ਹਨ ਕਿ ਜੇਕਰ ਕਿਸੇ ਸਿੱਖ ਪਰਿਵਾਰ ਨਾਲ ਕੋਈ ਅਣਹੋਣੀ ਵਾਪਰਦੀ ਹੈ ਉਸ ਦੀ ਆਰਥਿਕ ਮਦਦ ਕੀਤੀ ਜਾਵੇਗੀ।

ਕੌਮੀ ਖੇਤਰ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ 25-ਬੀ ਜਿਸ ਵਿੱਚ ਸਿੱਖਾਂ ਨੂੰ ਕੇਸਧਾਰੀ ਹਿੰਦੂ ਦੱਸਿਆ ਗਿਆ ਹੈ, ਨੂੰ ਸੰਵਿਧਾਨ ਵਿੱਚੋਂ ਰੱਦ ਕਰਾਉਣ ਅਤੇ ਅਨੰਦ ਮੈਰਿਜ ਐਕਟ ਨੂੰ ਲਾਗੂ ਕਰਾਉਣ ਲਈ ਕਮੇਟੀ ਕਨੂੰਨੀ ਤੇ ਰਾਜਨੀਤਕ ਯਤਨ ਕਰੇਗੀ ਤੇ ਉਸ ਵੇਲੇ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਜਦੋ ਤੱਕ ਇਸ ਮੋਰਚਾ ਫਤਿਹ ਨਹੀਂ ਹੋ ਜਾਂਦਾ।

ਸਰਨਾ ਨੇ ਚੋਣ ਮਨੋਰਥ ਪੱਤਰ ‘ਚ “ਕਾਲੀ ਸੂਚੀ” ਨੂੰ ਖਤਮ ਕਰਵਾਉਣ ਦਾ ਵੀ ਵਾਅਦਾ ਕੀਤਾ। ਉਹਨਾਂ ਕਿਹਾ ਕਿ ਸਿੱਖ ਚੈਂਬਰ ਆਫ ਕਾਮਰਸ ਸਥਾਪਤ ਕੀਤਾ ਜਾਵੇਗਾ ਤੇ ਦਿੱਲੀ ਸਿੱਖ ਐਟਰਪਰਾਈਜ਼ਜ਼ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਜਾਵੇਗਾ। ਦਿੱਲੀ ਦੇ ਹਰ ਸਿੱਖ ਦੀ ਸਿਹਤਯਾਬੀ ਲਈ ਮੈਡੀਕਲ ਸਹੂਲਤ ਮੁੜ ਆਰੰਭ ਕੀਤੀ ਜਾਵੇਗੀ ਜਿਹੜੀ ਕਿ ਬਾਦਲ ਦਲ ਦੇ ਆਗੂਆਂ ਨੇ ਬੰਦ ਕਰ ਦਿੱਤੀ ਸੀ। ਸ੍ਰੀ ਗੁਰੂ ਹਰਕਿਸ਼ਨ ਮੈਡੀਕਲ ਸੈਂਟਰ ਦੇ ਕਾਰਜਾਂ ਨੂੰ ਨਵੇਂ ਸਿਰੇ ਅਜਿਹੇ ਤਰੀਕੇ ਨਾਲ ਸ਼ੁਰੂ ਕੀਤਾ ਜਾਵੇਗਾ ਕਿ ਭਵਿੱਖ ਵਿੱਚ ਕੋਈ ਹੋਰ ਕਮੇਟੀ ਇਸ ਨੂੰ ਬੰਦ ਕਰਨ ਦੀ ਹਿੰਮਤ ਨਾ ਜੁਟਾ ਸਕੇ।

ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਬੀਬੀਆਂ ਲਈ ਘੱਟੋ-ਘੱਟ 10 ਫੀਸਦੀ ਸੀਟਾਂ ਰਾਖਵੀਆਂ ਕਰਨ ਲਈ ਕਾਰਜਕਾਰਨੀ ਕਮੇਟੀ ਵਿੱਚ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ। ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਕਾਰਜ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਹਿਲਾਂ ਤੋਂ ਹੀ ਨਨਕਾਣਾ ਸਾਹਿਬ ਤੇ ਡੇਰਾ ਸਾਹਿਬ ਦੀ ਸੇਵਾ ਕਰਵਾ ਰਿਹਾ ਹੈ।

ਸਰਨਾ ਨੇ ਚੋਣ ਮਨੋਰਥ ਪੱਤਰ ਰਾਹੀਂ ਸੰਗਤਾਂ ਨਾਲ ਵਾਅਦਾ ਕੀਤਾ ਕਿ ਨਵੰਬਰ 1984 ਦੇ ਪੀੜਤਾਂ ਲਈ ਆਰਥਿਕ ਪੈਕਜ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version