Site icon Sikh Siyasat News

ਅਕਾਲ ਖਾਲਸਾ ਦਲ ਵੱਲੋਂ ਮਨਾਇਆ ਗਿਆ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ

ਚੰਡੀਗੜ੍ਹ: ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਢੀ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ 14 ਅਗਸਤ ਨੂੰ ਉਹਨਾਂ ਦੇ ਜੱਦੀ ਪਿੰਡ ਮੰਡੀ ਦਾਸੂਵਾਲ (ਜ਼ਿਲ੍ਹਾ ਤਰਨ ਤਾਰਨ) ਦੇ ਗੁਰਦਵਾਰਾ ਸ਼ਹੀਦ ਬਾਬਾ ਬੀਰ ਸਿੰਘ ਵਿਖੇ ਅਕਾਲ ਖਾਲਸਾ ਦਲ ਵੱਲੋਂ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ, ਯੂ. ਕੇ., ਯੂਰਪ, ਅਮਰੀਕਾ ,ਕੈਨੇਡਾ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।

ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ

ਇਸ ਮੌਕੇ ਵੱਖ-ਵੱਖ ਰਾਜਨੀਤਕ ਅਤੇ ਧਾਰਮਿਕ ਬੁਲਾਰਿਆਂ ਨੇ ਜਥੇਦਾਰ ਸੁਖਦੇਵ ਸਿੰਘ ਬੱਬਰ ਵੱਲੋਂ ਮੌਜੂਦਾ ਸਿੱਖ ਸੰਘਰਸ਼ ਵਿਚ ਪਾਏ ਯੋਗਦਾਨ ਲਈ ਸ਼ਰਧਾˆਜਲੀ ਭੇਟ ਕੀਤੀ। ਸ਼ਹੀਦੀ ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ।

ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ (ਸਾਬਕਾ) ਪੰਜਾਂ ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ ਸਿੰਘਾਂ ਨੇ ਵੀ ਇਸ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

ਗਿਆਨੀ ਬਲਦੇਵ ਸਿੰਘ (ਮੁੱਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ) ਨੇ ਸੰਗਤਾਂ ਨੂੰ ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ੰਘਰਸ਼ੀਲ਼ ਜੀਵਨ ਤੋਂ ਜਾਣੂ ਕਰਵਾਇਆ।

ਸ਼ਹੀਦੀ ਸਮਾਗਮ ਦੌਰਾਨ ਬੋਲਣ ਵਾਲੇ ਵੱਖ-ਵੱਖ ਬੁਲਾਰੇ

ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ 70 ਸਾਲ ਪਹਿਲਾਂ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਅਜ਼ਾਦੀ ਮਿਲ ਗਈ ਸੀ ਪਰ ਸਿੱਖਾਂ ਨੂੰ ਆਪਣਾ ਘਰ ਨਹੀਂ ਮਿਲਿਆ। ਇਸ ਲਈ ਸਿੱਖ ਉਦੋਂ ਤੋਂ ਹੀ ਆਪਣੇ ਕੌਮੀ ਘਰ ਲਈ ਯਤਨਸ਼ੀਲ ਹਨ।

ਇਸ ਸ਼ਹੀਦੀ ਸਮਾਗਮ ਵਿਚ ਸ਼ਹੀਦ ਭਾਈ ਸੁਲੱਖਣ ਸਿੰਘ ਬੱਬਰ, ਸ਼ਹੀਦ ਭਾਈ ਅਨੋਖ ਸਿੰਘ ਬੱਬਰ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਪਰਿਵਾਰ ਤੋਂ ਇਲਾਵਾ ਇਲਾਕੇ ਦੇ ਤੀਹ ਦੇ ਕਰੀਬ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣ ਵਾਲੇ ਅਕਾਲ ਖ਼ਾਲਸਾ ਦਲ ਦੇ ਮੁਖੀ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਅਤੇ ਨਾਲ ਖੜ੍ਹੇ ਹਨ ਭਾਈ ਭੁਪਿੰਦਰ ਸਿੰਘ ਭਲਵਾਨ (ਜਰਮਨੀ)

ਜਰਮਨੀ ਤੋਂ ਉਚੇਚੇ ਤੌਰ ‘ਤੇ ਇਸ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਸ਼ਹੀਦ ਜਥੇਦਾਰ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਣ ਕੀਤੇ ਅਤੇ ਵਿਦੇਸ਼ ਵਸਦੇ ਸਿੰਘਾਂ ਦੀ ਹਾਜ਼ਰੀ ਸਮਾਗਮ ਵਿੱਚ ਲਵਾਈ । ਉਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਔਰਤ ਨੂੰ ਸੋਧਣ ਵਾਲੇ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਅਤੇ ਭਾਈ ਨਿਹਾਲ ਸਿੰਘ ਦੇ ਪਰਿਵਾਰਾਂ ਨੂੰ ਇੱਕ- ਇੱਕ ਲੱਖ ਰੁਪਏ ਅਤੇ ਸ਼ਹੀਦ ਜਥੇਦਾਰ ਸੁਖਦੇਵ ਸਿੰਘ ਬੱਬਰ ਯਾਦਗਾਰੀ ਐਵਾਰਡ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ।

ਸਮਾਗਮ ਅੰਦਰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜਰਬੰਦ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਉਹਨਾਂ ਦੇ ਬੁਲਾਰੇ ਅਤੇ ਵਕੀਲ ਅਮਰ ਸਿੰਘ ਚਾਹਲ ਵੱਲੋਂ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਗਿਆ।

ਅਖੀਰ ਵਿੱਚ ਸਮੁੱਚੇ ਸਮਾਗਮ ਦਾ ਸੰਚਾਲਨ ਕਰ ਰਹੇ ਅਕਾਲ ਖਾਲਸਾ ਦਲ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਇਸ ਸ਼ਹੀਦੀ ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲੀਆਂ ਸਮੂਹ ਜਥੇਬੰਦੀਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਕਵਰੇਜ ਕਰਨ ਵਾਲੇ ਅਕਾਲ ਚੈਨਲ ਯੂਕੇ, ਸਿੱਖ ਚੈਨਲ ਯੂਕੇ ਅਤੇ ਡੀ ਡੀ ਪੰਜਾਬੀ ਦਾ ਵੀ ਧੰਨਵਾਦ ਕੀਤਾ।

ਇਸ ਸ਼ਹੀਦੀ ਸਮਾਗਮ ਵਿਚ ਭਾਈ ਸਰਬਜੀਤ ਸਿੰਘ ਘੁਮਾਣ, ਭਾਈ ਸੁਖਜੀਤ ਸਿੰਘ ਖੋਸਾ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਹਲਕੇ ਦੇ ਐਮ ਐਲ ਏ. ਵਿਰਸਾ ਸਿੰਘ ਵਲਟੋਹਾ ਅਤੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਵੀ ਸੰਗਤਾਂ ਵਿਚ ਆਪਣੀ ਹਾਜ਼ਰੀ ਲਗਵਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version