Site icon Sikh Siyasat News

ਅਸਤੀਫਿਆਂ ਦਾ ਅਮਲ ਜਾਰੀ: ਅੰਮ੍ਰਿਤਸਰ ਤੋਂ ਜਿਲਾ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਬਾਦਲ ਨੂੰ ਕਿਹਾ ਅਲਵਿਦਾ

 ਅੰਮ੍ਰਿਤਸਰ (24 ਅਕਤੂਬਰ, 2015): ਬਾਦਲ ਦਲ ਦੀ  ਸਿੱਖਾਂ ਦੇ ਮੌਜੂਦਾ ਭੱਖਦਿਆਂ ਮਸਲ਼ਿਆਂ ‘ਤੇ ਅਪਣਾਈ ਜਾ ਰਹੀ ਪਹੁੰਚ ਦੇ ਚੱਲਦਿਆਂ ਪਾਰਟੀ ਦੇ ਅੰਦਰੋਂ ਕਾਫੀ ਵੱਡੇ ਹਿੱਸੇ ਵਿੱਚ ਰੋਸ ਪੈਦਾ ਹੁੰਦਾ ਜਾ ਰਿਹਾ ਹੈ, ਜਿਸ ਕਰਕੇ ਬਾਦਲ ਦਲ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਬਾਦਲ ਦਲ ਦੇ ਅਹੁਦੇਦਾਰਾਂ ਵੱਲੋਂ ਅਸਤੀਫਾ ਦੇਣ ਦਾ ਅਮਲ ਜਾਰੀ ਹੈ।

ਉਪਕਾਰ ਸਿੰਘ ਸੰਧੂ

ਅੱਜ ਅੰਮ੍ਰਿਤਸਰ ਤੋਂ ਬਾਦਲ ਅਕਾਲੀ ਦਲ ਦੇ ਜਿਲਾ ਪ੍ਰਧਾਨ, ਪੇਡਾ ਦੇ ਰਾਜ ਪੱਧਰ ਦੇ ਚੇਅਰਮੈਨ ਅਤੇ ਕੈਬਨਿਟ ਮੰਤਰੀ ਮਜੀਠੀਆ ਦਾ ਖ਼ਾਸਮ ਖ਼ਾਸ ਸਮਝੇ ਜਾਂਦੇ ਉਪਕਾਰ ਸਿੰਘ ਸੰਧੂ ਵੱਲੋਂ ਪੇਡਾ ਦੀ ਚੇਅਰਮੈਨੀ ਤੇ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਤੇ ਬਾਦਲ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਗਿਆ।

ਉਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਅਤੇ ਉਸਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਸ਼ਾਂਤਮਈ ਤਰੀਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸਿੱਖ ਸੰਗਤ ‘ਤੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਅਤੇ ਤਖਤ ਸਾਹਿਬ ਦੇ ਜੱਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਅਤੇ ਪੰਜਾਂ ਪਿਆਰਿਆਂ ਨੂੰ ਜਿਸ ਤਰਾਂ ਮੁਅਤੱਲ ਕੀਤਾ ਗਿਆ, ਇਸ ਨਾਲ ਸਾਰੇ ਸਿੱਖ ਮਨਾਂ ਨੂੰ ਠੇਸ ਪਹੁੰਚੀ ਅਤੇ ਮੈਨੂੰ ਵੀ ਪਹੁੰਚੀ ਹੈ। ਇਸ ਸਭ ਦੇ ਰੋਸ ਵਜੋਂ ਉਹ ਬਾਦਲ ਦਲ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹਦਿਆਂ ਤੋਂ ਅਸਤੀਫਾ ਦਿੰਦੇ ਹਨ।

ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤ ਸਾਹਿਬਾਨ ਦੇ ਜੱਥੇਦਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੱਥੇਦਾਰਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਣ ਚਾਹੀਦਾ ਸੀ।ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ ਨਾ ਕਿ ਉੱਥੇ ਬੈਠੇ ਕੋਈ ਵਿਅਕਤੀ ਵਿਸ਼ੇਸ਼ ਜਾਂ ਜੱਥੇਦਾਰ।

ਪਿੰਡ ਬਰਗਾੜੀ ਬੇਅਦਬੀ ਦੇ ਮਾਮਲੇ ਵਿੱਚ ਗ੍ਰਿਫਤਾਰ ਸਿੱਖ ਨੌਜਾਵਨਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਦੀ ਕਾਰਵਾਈ ਸ਼ੱਕੀ ਲੱਗਦੀ ਹੈ । ਇਸ ਬਾਰੇ ਜੋ ਬਾਹਰ ਤੋਂ ਵੀਡੀਓੁ ਸਾਹਮਣੇ ਆ ਰਹੀਆਂ ਹਨ, ਉਸ ਤੋਂ ਲੱਗਦਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਵੀ ਕਾਹਲੀ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version