Site icon Sikh Siyasat News

ਭਾਜਪਾ ਤੇ ਸੰਘ ਆਗੂਆਂ ਵੱਲੋਂ ਬਾਦਲਾਂ ਨਾਲ ਮੁਲਾਕਾਤ; ਕਿਹਾ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ

ਚੰਡੀਗੜ੍ਹ: ਭਾਜਪਾ ਤੇ ਆਰਐਸਐਸ ਆਗੂਆਂ ਨੇ ਸੋਮਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਪੰਜਾਬ ਅੰਦਰ ਵਿਗੜੀ ਕਾਨੂੰਨ ਵਿਵਸਥਾ ਠੀਕ ਕਰਨ ਦੀ ਮੰਗ ਕੀਤੀ। ਭਾਜਪਾ ਦੇ ਸੀਨੀਅਰ ਆਗੂ ਪ੍ਰਭਾਤ ਝਾਅ ਤੇ ਆਰਐਸਐਸ ਦੇ ਉੱਤਰੀ ਭਾਰਤ ਦੇ ਪ੍ਰਚਾਰਕ ਰਮੇਸ਼ਵਰ ਦੀ ਅਗਵਾਈ ਵਾਲੇ ਵਫ਼ਦਾਂ ਨੇ ਆਰਐਸਐਸ ਆਗੂ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ’ਤੇ ਹੋਏ ਕਾਤਲਾਨਾ ਹਮਲੇ ਬਾਰੇ ਬਾਦਲਾਂ ਨਾਲ ਮੁਲਾਕਾਤ ਕੀਤੀ। ਕੇਂਦਰ ਸਰਕਾਰ ਤੇ ਸੰਘ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਵੀ ਰਾਜ ਸਰਕਾਰ ਤੋਂ ਲਗਾਤਾਰ ਰਿਪੋਰਟ ਲਈ ਜਾ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਬਾਰੇ ਸਰਕਾਰ ਨਾਲ ਗੱਲਬਾਤ ਕੀਤੀ ਹੈ।

ਬਾਦਲਾਂ ਦੀ ਭਾਜਪਾ ਅਤੇ ਸੰਘ ਆਗੂਆਂ ਨਾਲ ਮੀਟਿੰਗ

ਗਗਨੇਜਾ ਦਾ ਹਾਲ ਜਾਣਨ ਲਈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਡੀਐਮਸੀ, ਲੁਧਿਆਣਾ ਪੁੱਜੇ। ਉਨ੍ਹਾਂ ਗਗਨੇਜਾ ਦੇ ਪਰਿਵਾਰ ਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਹਮਲੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ, ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਜਿਸ ਏਜੰਸੀ ਤੋਂ ਜਾਂਚ ਕਰਵਾਉਣਾ ਚਾਹੁੰਦਾ ਹੈ, ਸਰਕਾਰ ਉਸ ਦੇ ਨਾਲ ਹੈ। ਮੁੱਖ ਮੰਤਰੀ ਤੋਂ ਪਹਿਲਾਂ ਉਪ ਮੁੱਖ ਮੰਤਰੀ ਡੀਐਮਸੀ ਪੁੱਜੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ 10 ਟੀਮਾਂ ਜਾਂਚ ਕਰ ਰਹੀਆਂ ਹਨ।

ਪੰਜਾਬ ’ਚ ਕਾਨੂੰਨ ਵਿਵਸਥਾ ਲੀਹੋਂ ਲਹਿਣ ਦੀ ਦਿੱਤੀ ਦੁਹਾਈ; ਗਗਨੇਜਾ ’ਤੇ ਹਮਲੇ ਪਿੱਛੇ ਵਿਦੇਸ਼ੀ ਤਾਕਤਾਂ: ਬਾਦਲ

ਭਾਜਪਾ ਤੇ ਸੰਘ ਦੇ ਆਗੂਆਂ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਹੀ ਲੁਧਿਆਣਾ ’ਚ ਆਰਐਸਐਸ ਦੀ ਸ਼ਾਖਾ ’ਤੇ ਹਮਲਾ, ਨਾਮਧਾਰੀ ਆਗੂ ਦੀ ਪਤਨੀ ਚੰਦ ਕੌਰ ਦੀ ਦਿਨ ਦਿਹਾੜੇ ਕਤਲ ਸਮੇਤ ਸੂਬੇ ਵਿੱਚ ਅਗਵਾ, ਲੁੱਟਮਾਰ ਅਤੇ ਚੋਰੀ ਡਕੈਤੀ ਦੀਆਂ ਵਾਰਦਾਤਾਂ ਵਧਣ ਨਾਲ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਮੀਟਿੰਗਾਂ ਦੌਰਾਨ ਡੀਜੀਪੀ ਸੁਰੇਸ਼ ਅਰੋੜਾ ਵੀ ਮੌਜੂਦ ਸਨ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਭਾਜਪਾ ਆਗੂ ਝਾਅ ਨੇ ਪੱਤਰਕਾਰਾਂ ਨੂੰ ਕਿਹਾ ਕਿ ਗਗਨੇਜਾ ’ਤੇ ਹੋਏ ਹਮਲੇ ਅਤੇ ਰਾਜ ਦੀ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ ਅਤੇ ਬਾਦਲ ਨੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਗਗਨੇਜਾ ’ਤੇ ਹਮਲੇ ਦੀ ਜਾਂਚ ਲਈ ਏਡੀਜੀਪੀ-ਕਮ-ਡਾਇਰੈਕਟਰ ਜਾਂਚ ਬਿਓਰੋ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ’ਚ ਚਾਰ-ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ। ਸੂਬੇ ’ਚ ਸਖ਼ਤ ਜਦੋ-ਜਹਿਦ ਨਾਲ ਕਾਇਮ ਕੀਤੇ ਅਮਨ-ਸ਼ਾਂਤੀ ਤੇ ਫਿਰਕੂ ਸਦਭਾਵਨਾ ਵਾਲੇ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਸਹਿਣ ਨਹੀਂ ਕੀਤੀਆਂ ਜਾਣਗੀਆਂ।

ਭਾਜਪਾ ਦੇ ਵਫਦ ’ਚ ਸੂਬਾਈ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ, ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਮਦਨ ਮੋਹਨ ਮਿੱਤਲ, ਪ੍ਰੋ. ਬ੍ਰਿਜ ਲਾਲ ਰਿਣਵਾਂ, ਅਸ਼ਵਨੀ ਸ਼ਰਮਾ, ਮਨੋਰੰਜਨ ਕਾਲੀਆ, ਕਮਲ ਸ਼ਰਮਾ ਤੇ ਦਿਨੇਸ਼ ਕੁਮਾਰ ਸ਼ਾਮਲ ਸਨ। ਆਰਐਸਐਸ ਦੇ ਵਫ਼ਦ ’ਚ ਉੱਤਰੀ ਜ਼ੋਨ ਦੇ ਪ੍ਰਮੁੱਖ ਪ੍ਰਚਾਰਕ ਰਮੇਸ਼ਵਰ, ਉੱਤਰੀ ਜ਼ੋਨ ਦੇ ਖੇਤਰੀ ਪ੍ਰਚਾਰਕ ਬਨਵੀਰ ਸਿੰਘ, ਪੰਜਾਬ ਦੇ ਪ੍ਰਾਂਤ ਪ੍ਰਚਾਰਕ ਪ੍ਰਮੋਦ ਕੁਮਾਰ, ਪੰਜਾਬ ਦੇ ਪ੍ਰਾਂਤ ਕਾਰਯਵਾਹਕ ਵਿਨੇ ਸ਼ਰਮਾ ਤੇ ਸੰਗਰੂਰ ਦੇ ਵਿਭਾਗ ਸੰਘ ਸੰਚਾਲਕ ਇਕਬਾਲ ਸਿੰਘ ਸ਼ਾਮਲ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version