ਚੰਡੀਗੜ੍ਹ – ਚੀਨ ਅਤੇ ਇੰਡੀਆ ਦਰਮਿਆਨ ਸੰਬੰਧਾਂ ਦੀ ਤਾਣੀ ਉਲਝਦੀ ਜਾ ਰਹੀ ਹੈ। ਇਸ ਤਾਣੀ ਦੀ ਗੁੰਝਲਦਾਰ ਹੁੰਦੀ ਜਾ ਰਹੀ ਇੱਕ ਤੰਦ ਲੋਕ ਰਾਏ ਨਾਲ ਸੰਬੰਧਿਤ ਹੈ। ਲੰਘੇ ਮਹੀਨੇ (17 ਜੁਲਾਈ ਨੂੰ) ਜਦੋਂ ਚੀਨ ਦੇ ਵਿਦੇਸ਼ ਮੰਤਰੀ ਅਤੇ ਇੰਡੀਆ ਦੇ ਸੁਰੱਖਿਆ ਸਲਾਹਕਾਰ ਦਰਮਿਆਨ ਗੱਲਬਾਤ ਹੋਈ ਤਾਂ ਉਸ ਮੌਕੇ ਚੀਨ ਵੱਲੋਂ ਉਚੇਚੇ ਤੌਰ ਉੱਤੇ ਇਹ ਗੱਲ ਕਹੀ ਗਈ ਕਿ ਇੰਡੀਆ ਆਪਣੇ ਦੇਸ਼ ਵਿੱਚ ਚੀਨ ਬਾਰੇ ਪ੍ਰਚੱਲਤ ਲੋਕ ਰਾਏ ਨੂੰ ‘ਸਹੀ ਸੇਧ’ ਦੇਵੇ।
ਜਿਕਰਯੋਗ ਹੈ ਕਿ ਲੱਦਾਖ ਤਣਾਅ ਤੋਂ ਬਾਅਦ ਇੰਡੀਆ ਵਿੱਚ ਚੀਨ ਵਿਰੁੱਧ ਰਾਏ ਪ੍ਰਚੱਲਤ ਹੋ ਰਹੀ ਹੈ। ਹਾਲ ਵਿੱਚ ਹੀ ਹੋਏ ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਬਾਰੇ ਹਾਲ ਦੀ ਘੜੀ ਕੋਈ ਸੁਧਾਰ ਹੁੰਦਾ ਨਜਰ ਨਹੀਂ ਆ ਰਿਹਾ। ਇੰਡੀਆ ਦੇ ਇੱਕ ਖਬਰ ਅਦਾਰੇ ਵੱਲੋਂ ਕੀਤੇ ਇਸ ਸਰਵੇਖਣ ਦੌਰਾਨ 59 ਫੀਸਦੀ ਲੋਕਾਂ ਨੇ ਕਿਹਾ ਕਿ ਲਦਾਖ ਮਾਮਲੇ ਉੱਤੇ ਇੰਡੀਆ ਨੂੰ ਚੀਨ ਨਾਲ ਜੰਗ ਛੇੜ ਦੇਣੀ ਚਾਹੀਦੀ ਹੈ।
ਇੰਡੀਆ ਟੂਡੇ ਵੱਲੋਂ ਕੀਤੇ ਗਏ ਇਸ ਸਰਵੇਖਣ ਦੌਰਾਨ ਜਦੋਂ ਲੋਕਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਚੀਨ ਦੇ ਮੁਕਾਬਲੇ ਇੰਡੀਆ ਦੀ ਫੌਜੀ ਸਮਰੱਥਾ ਬਾਰੇ ਉਨ੍ਹਾਂ ਦੀ ਕੀ ਰਾਏ ਹੈ ਤਾਂ 72 ਫੀਸਦੀ ਲੋਕਾਂ ਨੇ ਕਿਹਾ ਕਿ ਇੰਡੀਆ ਚੀਨ ਨਾਲ ਹੋਣ ਵਾਲੀ ਜੰਗ ਜਿੱਤ ਲਵੇਗਾ।
15 ਜੂਨ ਨੂੰ ਗਲਵਾਨ ਘਾਟੀ ਵਿੱਚ ਹੋਏ ਫੌਜੀ ਟਕਰਾਅ ਜਿਸ ਵਿੱਚ ਇੰਡੀਆ ਦੇ 20 ਫੌਜੀ ਮਾਰੇ ਗਏ ਸਨ, ਤੋਂ ਬਾਅਦ ਇੰਡੀਆ ਦੀਆਂ ਵਿਰੋਧੀ ਪਾਰਟੀਆਂ ਮੋਦੀ ਸਰਕਾਰ ਨੂੰ ਆਲੋਚਨਾ ਦਾ ਨਿਸ਼ਾਨਾ ਬਣਾ ਰਹੀਆਂ ਹਨ ਕਿ ਸਰਕਾਰ ਨੇ ਚੀਨ ਵਿਰੁੱਧ ਢੁਕਵੀਂ ਕਾਰਵਾਈ ਨਹੀਂ ਕੀਤੀ ਪਰ ਇੰਡੀਆ ਟੁਡੇ ਦੇ ਇਸ ਸਰਵੇਖਣ ਦੌਰਾਨ 72 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਨੇ ਚੀਨ ਨੂੰ ਢੁਕਵਾਂ ਮੋੜਵਾ ਜਵਾਬ ਦਿੱਤਾ ਹੈ।
ਸਰਵੇਖਣ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਇੰਡੀਆ ਦੀ ਸਰਕਾਰ ਵੱਲੋਂ ਚੀਨ ਦੀਆਂ 59 ਜੁਗਤਾਂ (ਮੋਬਾਇਲ ਐਪਾਂ) ਨੂੰ ਰੋਕਣ ਦੇ ਫੈਸਲੇ ਦੀ ਆਮ ਲੋਕਾਂ ਵਿੱਚ ਭਾਰੀ ਪ੍ਰਵਾਨਗੀ ਹੈ।
ਸਰਵੇਖਣ ਦੌਰਾਨ ਜਵਾਬ ਦੇਣ ਵਾਲੇ 90 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਚੀਨ ਦੀਆਂ ਬਣੀਆਂ ਚੀਜ਼ਾਂ ਦੇ ਬਾਈਕਾਟ ਦੇ ਹੱਕ ਵਿੱਚ ਹਨ ਅਤੇ 67 ਫੀਸਦੀ ਲੋਕਾਂ ਦਾ ਤਾਂ ਇਹ ਕਹਿਣਾ ਸੀ ਕਿ ਉਹ ਵੱਧ ਕੀਮਤ ਦੇ ਕੇ ਵੀ ਚੀਨ ਦੀਆਂ ਬਣੀਆਂ ਚੀਜਾਂ ਦੇ ਬਦਲ ਖਰੀਦਣ ਦੇ ਚਾਹਵਾਨ ਹਨ।