ਮਜੀਠਾ: ਹਲਕਾ ਮਜੀਠਾ ਤੋਂ ਬਾਦਲ ਦਲ ਦੇ ਉਮੀਦਵਾਰ ਅਤੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਬਾਦਲ-ਭਾਜਪਾ ਗੱਠਜੋੜ ਦੀ ਵੱਡੀ ਜਿੱਤ ਹੋਵੇਗੀ ਅਤੇ ਗੱਠਜੋੜ ਦੀ ਹੈਟ੍ਰਿਕ ਬਣੇਗੀ। ਮਜੀਠੀਆ ਮਜੀਠਾ ਦੇ ਬੂਥ ਨੰਬਰ 35 ਵਿੱਚ ਆਪਣੀ ਵੋਟ ਪਾਉਣ ਆਏ ਸਨ।
ਮਜੀਠੀਆ ਨੇ ਦੁਬਾਰਾ ਵੋਟਾਂ ਪੁਆਉਣ ਸਬੰਧੀ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕਮਿਸ਼ਨ ਨੂੰ ਕੁਝ ਬੂਥਾਂ ’ਤੇ ਕਮੀ ਪੇਸ਼ੀ ਨਜ਼ਰ ਆਈ ਹੋਵੇਗੀ। ਕਾਂਗਰਸ ਵੱਲੋਂ ਮਜੀਠਾ ਵਿੱਚ ਹੀ ਮੁੜ ਕਿਉਂ ਵੋਟਾਂ ਪੁਆਉਣ ਦੀ ਗੱਲ ’ਤੇ ਮਜੀਠੀਆ ਨੇ ਕਿਹਾ ਕਿ ਮਜੀਠਾ ਤੋਂ ਇਲਾਵਾ ਪੰਜ ਹੋਰ ਹਲਕਿਆਂ ਵਿੱਚ ਵੀ ਦੁਬਾਰਾ ਵੋਟਾਂ ਪਈਆਂ ਹਨ। ਮਜੀਠੀਆਂ ਨੇ ਤੰਜ ਕਰਦਿਆਂ ਕਿਹਾ ਕਿ ਕਾਂਗਰਸ ਹਾਰ ਤੋਂ ਬੁਖ਼ਲਾਈ ਹੋਈ ਹੈ ਜਿਸ ਕਰਕੇ ਉਹ ਚੋਣ ਕਮਿਸ਼ਨ ਵਿੱਚ ਵੀ ਨੁਕਸ ਕੱਢਣ ਤੋਂ ਗੁਰੇਜ਼ ਨਹੀਂ ਕਰ ਰਹੀ ਹੈ। ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਵੀ ਪਿਛਲੀ ਵਾਰ ਆਪਣੀ ਹਾਰ ਦਾ ਠੀਕਰਾ ਵੋਟਿੰਗ ਮਸ਼ੀਨਾਂ ਦੇ ਸਿਰ ਭੰਨ੍ਹਿਆ ਸੀ। ਬਾਦਲ ਦਲ ਦੇ ਕੁਝ ਵਰਕਰਾਂ ਦੇ ਫੜੇ ਜਾਣ ਸਬੰਧੀ ਪੁੱਛੇ ਜਾਣ ’ਤੇ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਬੁਖ਼ਲਾਹਟ ਵਿੱਚ ਹੀ ਅਜਿਹੇ ਦੋਸ਼ ਲਾ ਰਹੇ ਹਨ।
ਐਗਜ਼ਿਟ ਪੋਲ ਬਾਰੇ ਮਜੀਠੀਆ ਨੇ ਕਿਹਾ ਕਿ ਇਹ ਭਰੋਸੇਯੋਗ ਨਹੀਂ ਹਨ ਕਿਉਂਕਿ ਪਿਛਲੀਆਂ ਕਿਆਸ-ਅਰਾਈਆਂ ਵੀ ਫੇਲ੍ਹ ਸਾਬਿਤ ਹੋਈਆਂ ਸਨ ਅਤੇ ਹੁਣ ਵੀ ਗੱਠਜੋੜ ਭਾਰੀ ਜਿੱਤ ਦਰਜ ਕਰ ਕੇ ਸਰਕਾਰ ਬਣਾਏਗਾ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਲਾਉਂਦਿਆਂ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਗੱਲ ਅਸੂਲਾਂ ਦੀ ਕਰਦੇ ਹਨ ਪਰ ਅਸਲ ਵਿੱਚ ਉਹ ਅਸੂਲਾਂ ਨੂੰ ਛਿੱਕੇ ਟੰਗ ਕੇ ਸਮਾਜ ਦੇ ਉਨ੍ਹਾਂ ਅਨਸਰਾਂ ਦੀ ਪੁਸ਼ਟਪਨਾਹੀ ਕਰ ਰਹੇ ਹਨ ਜੋ ਭ੍ਰਿਸ਼ਟਾਚਾਰ ਅਤੇ ਹੋਰ ਬੁਰਾਈਆਂ ਵਿੱਚ ਸ਼ਾਮਲ ਹਨ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨਰਿੰਦਰ ਮੋਦੀ ਵੱਲੋਂ ਸੰਸਦ ਮੈਂਬਰ ਭਗਵੰਤ ਮਾਨ ’ਤੇ ਸ਼ਰਾਬ ਪ੍ਰਤੀ ਕੀਤੀ ਗਈ ਟਿੱਪਣੀ ਬਾਰੇ ਕਿਹਾ ਕਿ ਮੀਡੀਆ ਇਸ ਨੂੰ ਵਿਅੰਗ ਵਿੱਚ ਨਾ ਲਵੇ ਸਗੋਂ ਇੱਕ ਲੋਕ ਸਭਾ ਮੈਂਬਰ ਜਿਸ ਕੋਲ 12 ਲੱਖ ਦੇ ਕਰੀਬ ਲੋਕਾਂ ਦੀ ਨੁਮਾਇੰਦਗੀ ਦੀ ਜ਼ਿੰਮੇਵਾਰੀ ਹੈ ਅਤੇ ਜਿਸ ਨੂੰ ਲੋਕਾਂ ਲਈ ਰੋਲ ਮਾਡਲ ਹੋਣਾ ਚਾਹੀਦਾ ਸੀ, ਵੱਲੋਂ ਅਜਿਹਾ ਵਰਤਾਰਾ ਅਪਣਾਉਣਾ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।