ਚੰਡੀਗੜ੍ਹ: ਆਮ ਆਦਮੀ ਪਾਰਟੀ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਦਾ ਗੁਭਾਰਾ ਅੱਜ ਫੁੱਟ ਗਿਆ। ਆਮ ਆਦਮੀ ਪਾਰਟੀ ਦੇ ਕੇਂਦਰੀ ਆਗੂਆਂ ਨੇ ਦਿੱਲੀ ਤੋਂ ਫੁਰਮਾਨ ਜਾਰੀ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਦਿੜਬਾ ਤੋਂ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਹੈ।
ਪੰਜਾਬ ਆਪ ਦੇ ਮੁਖੀ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਟਵੀਟ ਕਰਕੇ ਲਿਖਿਆ, “ਆਪ ਨੇ ਪੰਜਾਬ ਵਿਚ ਵਿਰੋਧੀ ਧਿਰ ਦੇ ਆਗੂ ਨੂੰ ਬਦਲਣ ਦਾ ਫੈਂਸਲਾ ਕੀਤਾ ਹੈ। ਦਿੜਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹੋਣਗੇ।”
ਆਪ ਦੇ ਇਸ ਫੈਂਸਲੇ ‘ਤੇ ਟਿੱਪਣੀ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਫੇਸਬੁੱਕ ਪੇਜ ‘ਤੇ ਪ੍ਰਤੀਕਰਮ ਦਿੰਦਿਆਂ ਲਿਖਿਆ ਹੈ ਕਿ, “ਦੋਸਤੋ, ਮੈਂ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੇ ਕਾਰਜਕਾਲ ਦੋਰਾਨ ਪੰਜਾਬ ਅਤੇ ਪੰਜਾਬੀਆਂ ਦੀ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਸੇਵਾ ਕੀਤੀ ਹੈ। ਨਿਆਂ ਅਤੇ ਇਨਸਾਫ ਦੀ ਇਸ ਲੜਾਈ ਨੂੰ ਮੈਂ ਨਿਡਰਤਾ ਨਾਲ ਲੜਿਆ ਹਾਂ ਅਤੇ ਬਿਨਾਂ ਕਿਸੇ ਡਰ ਅਤੇ ਭੈਅ ਦੇ ਹਰ ਪ੍ਰਕਾਰ ਦੇ ਮਾਫੀਆ ਦਾ ਮੁਕਾਬਲਾ ਕੀਤਾ। ਜੇਕਰ ਸੱਚ ਬੋਲਣ ਲਈ ਮੈਨੂੰ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਤੋਂ ਹਟਾਇਆ ਜਾਂਦਾ ਹੈ ਤਾਂ ਪੰਜਾਬ, ਪੰਜਾਬੀਅਤ ਅਤੇ ਸਾਡੀ ਕੋਮ ਵਾਸਤੇ ਅਜਿਹੀਆਂ 100 ਕੁਰਸੀਆਂ ਕੁਰਬਾਨ। ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਫੈਸਲਾ ਕਰਨ ਵਾਲਿਆਂ ਨੇ ਉਹੀ ਕੀਤਾ ਜੋ ਕਾਂਗਰਸ ਅਤੇ ਅਕਾਲੀ ਦਲ ਵਰਗੇ ਸਾਡੇ ਕੱਟੜ ਵਿਰੋਧੀ ਚਾਹੁੰਦੇ ਸਨ।”