Site icon Sikh Siyasat News

ਕੇਜਰੀਵਾਲ ਨੇ ਕਿਹਾ; ਚੋਣ ਵਾਅਦੇ ਪੂਰੇ ਨਾ ਕਰਨ ਦੀ ਸੂਰਤ ‘ਚ ਕੈਪਟਨ ਸਰਕਾਰ ਖਿਲਾਫ ਅੰਦੋਲਨ ਕਰਾਂਗੇ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਮੀਡੀਆ ਨੂੰ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਭਾਵੇਂ ਚੋਣਾਂ ਦੇ ਨਤੀਜੇ ਪਾਰਟੀ ਅਤੇ ਪੰਜਾਬ ਦੀ ਜਨਤਾ ਦੀ ਉਮੀਦ ਅਨੁਸਾਰ ਨਹੀਂ ਆਏ ਪਰ ਅਸੀਂ ਉਪਰ ਵਾਲੇ (ਪਰਮਾਤਮਾ) ਦੀ ਰਜਾ ‘ਚ ਰਹਿਣ ਵਾਲੇ ਸਧਾਰਣ ਲੋਕ ਹਾਂ। ਜਿਸਨੇ ਸਾਨੂੰ ਮੁੱਖ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਸੌਂਪੀ ਹੈ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜੋ ਛੇਤੀ ਹੀ ਪੂਰਾ ਹੋ ਜਾਏਗੀ।

ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਪ੍ਰਧਾਨ ਅਰਵਿੰਦ ਕੇਜਰੀਵਾਲ ਸੋਮਵਾਰ (29 ਮਈ) ਦਰਬਾਰ ਸਾਹਿਬ ਮੱਥਾ ਟੇਕਣ ਉਪਰੰਤ

ਕੈਪਟਨ ਅਮਰਿੰਦਰ ਸਿੰਘ ‘ਤੇ ਟਿੱਪਣੀ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਨੌਜਵਾਨਾਂ ਲਈ ਨੌਕਰੀਆਂ ਅਤੇ ਮੁਫਤ ਸਮਾਰਟ ਫੋਨ ਦਾ ਵਾਅਦਾ ਕੀਤਾ ਸੀ ਪਰ ਵਾਅਦੇ ਖੋਖਲੇ ਸਾਬਿਤ ਹੁੰਦੇ ਜਾ ਰਹੇ ਹਨ। ਜਦੋਂ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਲਈ 100% ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਪਰ ਅਫਸੋਸ ਅਜੇ ਤੱਕ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਹਾਲੇ ਵੀ ਕਿਸਾਨ ਕਰਜ਼ੇ ਦੇ ਬੋਝ ਥੱਲ੍ਹੇ ਮਜਬੂਰ ਹੋ ਖੁਦਕੁਸ਼ੀਆਂ ਦਾ ਰਸਤਾ ਅਪਣਾ ਰਹੇ ਹਨ, ਪਰ ਹੁਣ ਕੈਪਟਨ ਅਮਰਿੰਦਰ ਆਪਣੇ ਕਰਜ਼ਾ ਮੁਆਫੀ ਸਮੇਤ ਹੋਰ ਵਾਅਦਿਆਂ ਤੋਂ ਮੁਕਰਨ ਹੋਣ ਲੱਗੇ ਹਨ।

ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ‘ਚ ਉਨਾਂ ਦੀ ਨੁਮਾਇੰਦਗੀ ਕਰਨ ਲਈ 20 ਵਿਧਾਇਕਾਂ ਨੂੰ ਚੁਣਿਆ ਹੈ ਜੋ ਕਿ ਇਕ 4 ਸਾਲ ਪੁਰਾਣੀ ਪਾਰਟੀ ਲਈ ਬਹੁਤ ਵੱਡੀ ਪ੍ਰਾਪਤੀ ਹੈ, ਉਨ੍ਹਾਂ ਕਿਹਾ ਕਿ ਕਈ ਵਾਰ ਗੰਦਗੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਝਾੜੂ ਦੋ ਵਾਰ ਲਗਾਉਣਾ ਪੈਂਦਾ ਹੈ। ਮਾਨ ਨੇ ਕਿਹਾ ਕਿ ਉਹ ਪਾਰਟੀ ਦੇ ਨਾਰਾਜ਼ ਕਾਰਜਕਰਤਾਵਾਂ ਨਾਲ ਸੰਪਰਕ ਕਰਨ ਤੋਂ ਨਹੀਂ ਝਿਜਕਣਗੇ ਅਤੇ ਉਨ੍ਹਾਂ ਨੂੰ ਮਨਾਉਣ ਲਈ ਹਰ ਸੰਭਵ ਕੋਸ਼ਿਸ ਕਰਨਗੇ।

ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਕਿਹਾ ਕਿ ਵਿਧਾਇਕਾਂ ਦੀ ਟੀਮ ਇਮਾਨਦਾਰੀ ਨਾਲ ਆਪਣੇ ਫਰਜ ਨਿਭਾ ਰਹੀ ਹੈ ਅਤੇ ਕਾਂਗਰਸ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਆਪਣਾ ਪੱਖ ਹਟਾਉਣ ਦੀ ਆਗਿਆ ਨਹੀਂ ਦੇਵੇਗੀ। ਫੂਲਕਾ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੇ 88% ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ 79% ਦੇ ਮੁਕਾਬਲੇ 10 + 2 ਨਤੀਜੇ ਪਾਸ ਹੋਏ ਹਨ।

ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਮੰਤਰੀ ਰਾਣਾ ਗੁਰਜੀਤ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ‘ਆਪ’ ਵੱਲੋਂ ਦਿੱਤੀ ਗਈ ਆਖਰੀ ਮਿਤੀ ਖਤਮ ਹੋ ਗਈ ਹੈ ਅਤੇ ਪਾਰਟੀ ਕੱਲ੍ਹ ਮੁੱਖ ਮੰਤਰੀ ਨਿਵਾਸ ਸਥਾਨ ‘ਤੇ ਘਿਰਾਓ ਕਰਨ ਜਾਏਗੀ। ਇਸ ਮੌਕੇ ‘ਤੇ ਮੀਤ ਪ੍ਰਧਾਨ ਅਮਨ ਅਰੋੜਾ, ਪ੍ਰੋ. ਸਾਧੂ ਸਿੰਘ ਐਮਪੀ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਅਤੇ ਪਾਰਟੀ ਦੇ ਹੋਰ ਵਿਧਾਇਕ ਮੌਜੂਦ ਸਨ।

ਸਬੰਧਤ ਖ਼ਬਰ:

29 ਮਈ ਤੱਕ ਰਾਣਾ ਗੁਰਜੀਤ ਨੂੰ ਅਹੁਦੇ ਤੋਂ ਨਹੀਂ ਹਟਾਇਆ ਤਾਂ ‘ਆਪ’ ਦੇ ਵਿਧਾਇਕ ਕਰਨਗੇ ਰੋਸ਼ ਮਾਰਚ: ਫੂਲਕਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version