ਚੰਡੀਗੜ੍ਹ: ਪੇਂਡੂ ਖੇਤਰਾਂ ਵਿੱਚ ਪ੍ਰਦੂਸ਼ਤ ਪਾਣੀ ਸਪਲਾਈ ਦੇ ਵਿਰੁੱਧ ਸ਼ਾਂਤੀ ਪੂਰਵਕ ਰੋਸ਼ ਧਰਨੇ ਉੱਤੇ ਬੈਠੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਅਤੇ ਆਗੂਆਂ ਉੱਤੇ ਸ਼ਾਹਕੋਟ ਪੁਲਿਸ ਵਲੋਂ ਝੂਠਾ ਮਾਮਲਾ ਦਰਜ ਕਰਣ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਆਉਣ ਵਾਲੀ 31 ਅਗਸਤ ਨੂੰ ਸਥਾਨਕ ਅਕਾਲੀ ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦੇ ਪਿੰਡ ਵਿੱਚ ਰੋਸ਼ ਰੈਲੀ ਕਰੇਗੀ।
ਸੋਮਵਾਰ ਨੂੰ ਇਹ ਐਲਾਨ ਸ਼ਾਹਕੋਟ ਦੇ ਡੀਐਸਪੀ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਰੋਸ਼ ਧਰਨੇ ਵਿੱਚ ਪਾਰਟੀ ਦੀ ਰਾਜ ਪੱਧਰ ਲੀਡਰਸ਼ਿਪ ਨੇ ਕੀਤਾ। ‘ਆਪ’ ਆਗੂਆਂ ਨੇ ਸ਼ਾਹਪੁਰ ਪੁਲਿਸ ਉੱਤੇ ਅਕਾਲੀ ਮੰਤਰੀ ਅਜੀਤ ਸਿੰਘ ਕੋਹਾੜ ਦੀ ਕਠਪੁਤਲੀ ਹੋਣ ਦਾ ਦੋਸ਼ ਲਗਾਉਂਦੇ ਹੋਏ ਸ਼ਾਹਕੋਟ ਦੇ ਡੀਐਸਪੀ ਜਸਵਿੰਦਰ ਸਿੰਘ ਬਰਾੜ ਨੂੰ ਤੁਰੰਤ ਬਰਖਾਸਤ ਕਰਨ ਅਤੇ ਝੂਠੇ ਪਰਚੇ ਰੱਦ ਕਰਣ ਦੀ ਮੰਗ ਕੀਤੀ।
ਸ਼ਾਹਕੋਟ ਪੁਲਿਸ ਵਲੋਂ ‘ਆਪ’ ਕਾਰਜਕਰਤਾਵਾਂ ਉੱਤੇ ਝੂਠੇ ਮਾਮਲੇ ਦਰਜ ਕਰਨ ਅਤੇ ਬੇਵਜ੍ਹਾ ਤੰਗ-ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਡੀਐਸਪੀ ਦਫਤਰ ਸਾਹਮਣੇ ਧਰਨਾ ਦਿੱਤਾ। ਜਿਸ ਵਿੱਚ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਜਥੇਬੰਦਕ ਮਾਮਲਿਆਂ ਦੇ ਕੌਮੀ ਸਕੱਤਰ ਦੁਰਗੇਸ਼ ਪਾਠਕ, ਨੌਜਵਾਨ ਵਿੰਗ ਦੇ ਪ੍ਰਧਾਨ ਅਤੇ ਸਾਹਨੇਵਾਲ ਤੋਂ ਉਮੀਦਵਾਰ ਹਰਜੋਤ ਸਿੰਘ ਬੈਂਸ, ਬੁਲਾਰੇ ਸੁਖਪਾਲ ਸਿੰਘ ਖਹਿਰਾ, ਬੁਲਾਰੇ ਅਤੇ ਰਾਸ਼ਟਰੀ ਐਗਜੀਕਿਊਟੀਵ ਕੌਂਸਲ ਮੈਂਬਰ ਯਾਮਿਨੀ ਗੌਮਰ, ਗੁਰਪ੍ਰੀਤ ਸਿੰਘ ਘੁੱਗੀ, ਸੁਲਤਾਨਪੁਰ ਲੋਧੀ ਤੋਂ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਚੀਮਾ, ਨੌਜਵਾਨ ਵਿੰਗ ਦੇ ਸਕੱਤਰ ਸੁਖਦੀਪ ਸਿੰਘ ਲਾਪਰਾਂ ਸਮੇਤ ਹੋਰ ਆਗੂ ਅਤੇ ਭਾਰੀ ਗਿਣਤੀ ਵਿਚ ਕਾਰਜਕਰਤਾਵਾਂ ਅਤੇ ਸਮਰਥਕਾਂ ਨੇ ਭਾਗ ਲਿਆ।
‘ਆਪ’ ਦੀ ਅਗਵਾਈ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਰਾਜਨੀਤਕ ਦਬਾਅ ਵਿੱਚ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕਰਨ ਦੇ ਦੋਸ਼ੀ ਡੀਐਸਪੀ ਜਸਵਿੰਦਰ ਸਿੰਘ ਬਰਾੜ ਨੂੰ ਤੁਰੰਤ ਬਰਖਾਸਤ ਕਰਨ, ਝੂਠੇ ਪਰਚੇ ਰੱਦ ਕਰਣ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇਲਾਕੇ ਵਿੱਚ ਸਪਾਲਈ ਕੀਤੇ ਪ੍ਰਦੂਸ਼ਿਤ ਪੀਣ ਵਾਲੇ ਪਾਣੀ ਨਾਲ ਬਿਮਾਰ ਹੋਏ ਪੀੜਿਤਾਂ ਦਾ ਮੁਫਤ ਇਲਾਜ ਕਰਨਾ ਅਤੇ ਮ੍ਰਿਤਕ ਦੇ ਪੀੜਿਤ ਪਰਿਵਾਰ ਨੂੰ ਢੁਕਵੇਂ ਮੁਆਵਜ਼ੇ ਵਰਗੀ ਮੰਗ ਚੁੱਕੀ। ‘ਆਪ’ ਆਗੂਆਂ ਨੇ ਪ੍ਰਦੂਸ਼ਿਤ ਪਾਣੀ ਦੀ ਸਪਲਾਈ ਕਰਨ ਵਾਲਿਆਂ ਉੱਤੇ ਵੀ ਕਾਰਵਾਈ ਦੀ ਮੰਗ ਕੀਤੀ।
‘ਆਪ’ ਦੇ ਦਬਾਅ ਵਿੱਚ ਆ ਕੇ ਸਥਾਨਕ ਪ੍ਰਸ਼ਾਸਨ ਨੇ ਡੀਐਸਪੀ ਜਸਵਿੰਦਰ ਸਿੰਘ ਬਰਾੜ ਨੂੰ ਸੱਤ ਦਿਨ ਦੀ ਛੁੱਟੀ ਉੱਤੇ ਭੇਜ ਦਿੱਤਾ ਹੈ, ਨਾਲ ਹੀ ਪੂਰੇ ਮਾਮਲੇ ਦੀ ਪੰਜ ਦਿਨਾਂ ਵਿੱਚ ਜਾਂਚ ਕਰਨ ਅਤੇ ਉਸ ਤੋਂ ਬਾਅਦ ਝੂਠੇ ਪਰਚੇ ਰੱਦ ਕਰਣ ਦਾ ਭਰੋਸਾ ‘ਆਪ’ ਆਗੂਆਂ ਨੂੰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਪ੍ਰਸ਼ਾਸਨ ਨੇ ਪ੍ਰਦੂਸ਼ਿਤ ਪਾਣੀ ਦੀ ਕੀਤੀ ਸਪਲਾਈ ਕਾਰਨ ਬੀਮਾਰ ਹੋਏ ਪੇਂਡੂਆਂ ਦਾ ਮੁਫਤ ਇਲਾਜ ਕਰਾਉਣ ਦਾ ਭਰੋਸਾ ਵੀ ਦਿੱਤਾ ਗਿਆ।
ਇਸ ਮੌਕੇ ਬੋਲਦੇ ਹੋਏ ਸੁੱਚਾ ਸਿੰਘ ਛੋਟੇਪੁਰ, ਹਰਜੋਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ ਅਤੇ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਕਾਲੀ ਸਰਕਾਰ ਦੇ ਅਤਿਆਚਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਿਹਾ, ‘ਪੁਲਿਸ ਅਤੇ ਪ੍ਰਸ਼ਾਸਨ ਨੂੰ ਕਾਨੂੰਨ ਦੇ ਮੁਤਾਬਿਕ ਕੰਮ ਕਰਨਾ ਚਾਹੀਦਾ ਜੋ ਅਫਸਰ ਅਕਾਲੀ ਦਲ ਦੇ ‘ਜੱਥੇਦਾਰ’ ਬਣਕੇ ਆਪਣੇ ਰਾਜਨੀਤਿਕ ਆਕਾਵਾਂ ਨੂੰ ਖੁਸ਼ ਕਰਨ ਲਈ ਆਮ ਜਨਤਾ ਅਤੇ ‘ਆਪ’ ਕਾਰਜਕਰਤਾਵਾਂ ਉੱਤੇ ਅਤਿਆਚਾਰ ਕਰਣਗੇ, ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪ੍ਰਦੂਸ਼ਿਤ ਪਾਣੀ ਕਾਰਨ ਸ਼ਾਹਕੋਟ ਦੇ ਪੇਂਡੂ ਇਲਾਕਿਆਂ ਵਿੱਚ ਦੋ ਮੌਤਾਂ ਦੀ ਖਬਰ ਹੈ ਜਦੋਂ ਕਿ 50 ਤੋਂ ਜ਼ਿਆਦਾ ਲੋਕ ਬੀਮਾਰ ਪੈ ਚੁੱਕੇ ਹਨ। ਜਿਸਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ ਗਿਆ ਸੀ ਅਤੇ ਸ਼ਾਹਕੋਟ ਪੁਲਿਸ ਨੇ ਧਰਨੇ ਵਿਚ ਸ਼ਾਮਲ ‘ਆਪ’ ਸਮਰਥਕਾਂ ਉੱਤੇ 307 ਦਾ ਝੂਠਾ ਮੁਕਦਮਾ ਦਰਜ ਕਰ ਦਿੱਤਾ ਸੀ।