Site icon Sikh Siyasat News

ਆਮ ਆਦਮੀ ਪਾਰਟੀ ਵੱਲੋਂ ਦਲਿਤ ਮੈਨੀਫੈਸਟੋ ਜਾਰੀ; ਉਪ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਉਣ ਦਾ ਐਲਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਣਾ ਮੰਡੀ ਗੁਰਾਇਆ ਵਿੱਚ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦਾ ਉਪ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਉਣ ਬਣਾਏਗੀ।

ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੀ ਮੈਨੀਫੈਸਟੋ ਤਿਆਰ ਕਰਦੀ ਹੈ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਵਿੱਚ ਦਲਿਤਾਂ ਦਾ ਜੀਵਨ ਪੱਧਰ ਹਰ ਪਾਸੇ ਤੋਂ ਉੱਚਾ ਚੁੱਕਣ ਲਈ ਤਿਆਰੀ ਕੀਤੀ ਗਈ ਹੈ। ਹੋਰ ਪਾਰਟੀਆਂ ਵਾਅਦੇ ਭੁੱਲ ਜਾਂਦੀਆਂ ਹਨ ਪਰ ਸਾਡੀ ਪਾਰਟੀ ਹਰ ਵਾਅਦੇ ਨੂੰ ਪੂਰਾ ਕਰਦੀ ਹੈ ਜਿਸ ਦੀ ਮਿਸਾਲ ਦਿੱਲੀ ’ਚ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਵਿਅਕਤੀ ਨੂੰ ਸਨਮਾਨ ਦਿੱਤਾ ਹੈ।

ਗੋਰਾਇਆ ਵਿੱਚ ਰੈਲੀ ਦੌਰਾਨ ਦਲਿਤ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਈ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ ਹੋਰ ਆਗੂ

ਇਸ ਤੋਂ ਪਹਿਲਾਂ ਜਰਨੈਲ ਸਿੰਘ ਨੇ ਪੂਰਾ ਦਲਿਤ ਮੈਨੀਫੈਸਟੋ ਪੜ੍ਹ ਕੇ ਸੁਣਾਇਆ, ਜਿਸ ਵਿੱਚ ਕਿਹਾ ਕਿ ਬੁਢਾਪਾ ਪੈਨਸ਼ਨ 2000 ਕੀਤੀ ਜਾਵੇਗੀ, ਫ਼ਸਲ ਦੇ ਮੁਆਵਜ਼ੇ ਨਾਲ ਖੇਤ ਮਜ਼ਦੂਰ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ, ਦਲਿਤਾਂ ਲਈ ਕੱਚੇ ਘਰਾਂ ਨੂੰ ਪੱਕੇ ਕਰਕੇ ਮਕਾਨ ਦਿੱਤੇ ਜਾਣਗੇ। ਰਾਖਵਾਂਕਰਨ ਪੂਰਾ ਕੀਤਾ ਜਾਵੇਗਾ। ਆਟਾ ਦਾਲ ਸਕੀਮ ਦੀ ਜਾਂਚ ਕਰਵਾ ਕੇ ਘੋਟਾਲਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਛੋਟੇ ਵਪਾਰ ਲਈ ਦੋ ਲੱਖ ਤੱਕ ਦਾ ਕਰਜ਼ਾ ਬਿਨਾਂ ਗਰੰਟੀ ਦਿੱਤਾ ਜਾਵੇਗਾ। ਸ਼ਗਨ ਸਕੀਮ ਦੀ ਰਕਮ 51000 ਕੀਤੀ ਜਾਵੇਗੀ। ਦਲਿਤ ਬੱਚਿਆਂ ਦੀ ਉੱਚ ਸਿੱਖਿਆ ਲਈ ਦਸ ਲੱਖ ਦਾ ਕਰਜ਼ਾ ਦਿੱਤਾ ਜਾਵੇਗਾ।

ਇਸ ਮੌਕੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਕਿਹਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ। ਇਸ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਐੱਸਵਾਈਐਲ ਨਹਿਰ ਨਹੀਂ ਬਣੇਗੀ। ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਬਾਹਰਲੇ ਸੂਬੇ ਨੂੰ ਨਹੀਂ ਦਿੱਤੀ ਜਾਵੇਗੀ। ਸਰੂਪ ਸਿੰਘ ਕੰਡਿਆਣਾ ਨੇ ਕਿਹਾ ਕਿ ਉਹ ਚੌਕੀਦਾਰ ਬਣ ਕੇ ਸੇਵਾ ਕਰਨਗੇ। ਉਨ੍ਹਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ।

ਇਸ ਮੌਕੇ ਮੋਹਨ ਸਿੰਘ ਫਲੀਆਂ ਵਾਲਾ, ਸੁਖਵਿੰਦਰ ਸੁੱਖੀ, ਸੱਜਣ ਸਿੰਘ ਚੀਮਾ, ਜਸਵਿੰਦਰ ਸਿੰਘ ਜਹਾਂਗੀਰ, ਹਰਜੋਤ ਕੌਰ, ਸਰਵਜੀਤ ਕੌਰ ਮਾਣੂਕੇ, ਭੁਪਿੰਦਰ ਸਿੰਘ ਬਿੱਟੂ, ਮਹਿੰਦਰ ਸਿੰਘ ਕੰਬੋਜ, ਗਿਆਨੀ ਪ੍ਰੇਮ ਸਿੰਘ, ਵਿਰਸਾ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਰਾਜੂ, ਡਾ. ਹਰਿੰਦਰ ਸਿੰਘ ਕੋਟਲੀ, ਠੇਕੇਦਾਰ ਸੁਖਦੇਵ ਸਿੰਘ, ਸਚਦੇਵ ਸਿੰਘ, ਪਰਮਪਾਲ ਸਿੰਘ ਭਰੋਵਾਲ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਦਿਲਬਾਗ ਸਿੰਘ, ਡਾ. ਪਾਲ ਸਿੰਘ, ਕੈਪਟਨ ਬਿਕਰਮਜੀਤ ਸਿੰਘ ਪਹੁੰਵਿੰਡੀਆ, ਮੇਜਰ ਸਿੰਘ ਤੇ ਹੋਰ ਹਾਜ਼ਰ ਸਨ।

‘ਆਪ’ ਦਾ ‘ਦਲਿਤ ਚੋਣ ਮਨੋਰਥ ਪੱਤਰ’ ਪੰਜਾਬੀ ‘ਚ: 

Download (PDF, 1.68MB)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version