ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਸਬੰਧੀ ਅੱਜ ਦਿੱਲੀ ਵਿਚ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਪਾਰਟੀ ਵਿਧਾਇਕਾਂ ਨਾਲ ਇਕ ਬੈਠਕ ਕਰ ਰਹੇ ਹਨ। ਗੌਰਤਲਬ ਹੈ ਕਿ ਬੀਤੇ ਦਿਨੀਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਦੇ ਕੇਂਦਰੀ ਆਗੂਆਂ ਨੇ ਫੁਰਮਾਨ ਜਾਰੀ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਤੇ ਉਨ੍ਹਾਂ ਦੀ ਥਾਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਨਿਯੁਕਤ ਕਰ ਦਿੱਤਾ ਗਿਆ ਸੀ।
ਆਪ ਦੇ ਕੇਂਦਰੀ ਆਗੂਆਂ ਦੇ ਇਸ ਫੈਂਸਲੇ ਨਾਲ ਆਪ ਪੰਜਾਬ ਅੰਦਰ ਸੁਲਘ ਰਹੀ ਅੰਦਰੂਨੀ ਕਲੇਸ਼ ਦੀ ਚੰਗਿਆਰੀ ਮਘ ਉੱਠੀ ਹੈ ਤੇ ਪੰਜਾਬ ਦੀ ਹਿੰਦ ਨਵਾਜ਼ ਸਿਆਸਤ ਵਿਚ ਕੁਝ ਵੱਡੀਆਂ ਤਬਦੀਲੀਆਂ ਹੋਣ ਦੀ ਸੰਭਾਵਨਾ ਦੇ ਅਸਾਰ ਬਣ ਰਹੇ ਹਨ।
ਟ੍ਰਿਬਿਊਨ ਅਖਬਾਰ ਵਿਚ ਛਪੀ ਖਬਰ ਮੁਤਾਬਿਕ ਸੁਖਪਾਲ ਸਿੰਘ ਖਹਿਰਾ ਦੇ ਹਮਾਇਤੀ 8 ਵਿਧਾਇਕਾਂ ਵਿਚੋਂ ਇਕ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਦਿੱਲੀ ਅਰਵਿੰਦ ਕੇਜਰੀਵਾਲ ਨਾਲ ਬੈਠਕ ਕਰਨ ਜਾ ਰਹੇ ਹਨ ਤੇ ਇਸ ਬੈਠਕ ਦਾ ਸਮਾਂ 6 ਵਜੇ ਨਿਯਤ ਕੀਤਾ ਗਿਆ ਸੀ।
ਗੌਰਤਲਬ ਹੈ ਕਿ ਆਪ ਦੇ ਇਸ ਮੋਜੂਦਾ ਅੰਦਰੂਨੀ ਕਲੇਸ਼ ਦੀ ਜੜ੍ਹ ਸੁਖਪਾਲ ਸਿੰਘ ਖਹਿਰਾ ਅਤੇ ਆਪ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦਰਮਿਆਨ ਚਲ ਰਹੀ ਗੜਬੜ ਬਣੀ ਹੈ। ਇਸ ਤੋਂ ਇਲਾਵਾ ਬੀਤੇ ਕਲ੍ਹ ਬਲਬੀਰ ਸਿੰਘ ਦੇ ਧੜੇ ਨੇ ਇਕ ਅਖਬਾਰੀ ਬਿਆਨ ਜਾਰੀ ਕਰਦਿਆਂ ਆਪ ਦੇ ਇਸ ਅੰਦਰੂਨੀ ਕਲੇਸ਼ ਲਈ ਆਪ ਦੀ ਪੰਜਾਬ ਵਿਚ ਸਹਿਯੋਗੀ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਸੁਖਪਾਲ ਸਿੰਘ ਖਹਿਰਾ ਦੇ ਕਰੀਬੀ ਬੈਂਸ ਭਰਾਵਾਂ- ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੂੰ ਜ਼ਿੰਮੇਵਾਰ ਦੱਸਿਆ ਸੀ।