Site icon Sikh Siyasat News

ਪਠਾਨਕੋਟ ਹਮਲੇ ਲਈ ਸੁਖਬੀਰ ਬਾਦਲ ਦੀ ਭੂਮਿਕਾ ਸ਼ੱਕੀ: ਆਮ ਆਦਮੀ ਪਾਰਟੀ

ਮੋਦੀ ਨੂੰ ਗੈਰਜਿਮੇਵਾਰਾਨਾਂ ਬਿਆਨਬਾਜ਼ੀ ਤੋਂ ਗੁਰੇਜ਼ ਕਰਕੇ ਲੋਕ ਹਿੱਤਾਂ ਵਿੱਚ ਕੰਮ ਕਰਨਾ ਚਾਹੀਦਾ ਹੈ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੈ ਸਿੰਘ, ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਲੀਗਲ ਸੈੱਲ ਦੇ ਮੁੱਖੀ ਹਿੰਮਤ ਸਿੰਘ ਸ਼ੇਰਗਿੱਲ ਵਲੋਂ ਚੰਡੀਗੜ੍ਹ ਵਿੱਚ ਸੱਦੀ ਗਈ ਪ੍ਰੈਸ ਮਿਲਣੀ ਦੌਰਾਨ ਪਠਾਨਕੋਟ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਗਿਆ ਕਿ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਕਰਕੇ ਹੀ ਸਾਰਾ ਦੇਸ ਸੁਰੱਖਿਅਤ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਜੈ ਸਿੰਘ, ਸੁੱਚਾ ਸਿੰਘ ਛੋਟੇਪੁਰ ਅਤੇ ਹਿੰਮਤ ਸਿੰਘ ਸ਼ੇਰਗਿੱਲ

ੳੁਹਨਾਂ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਇਸ ਮੁੱਦੇ ਨੂੰ ਬੜੇ ਹੀ ਬਚਕਾਨਾ ਢੰਗ ਨਾਲ ਨਜਿੱਠ ਰਹੇ ਹਨ ਅਤੇ ਉਹਨਾਂ ਨੂੰ ਕੋਈ ਹੱਕ ਨਹੀ ਹੈ ਕਿ ਅਜਿਹਾ ਕਰਕੇ ਸੁਰੱਖਿਆ ਬਲਾਂ ਦੀ ਸ਼ਾਨ ਘਟਾਉਣ। ਸ੍ਰੀ ਮੋਦੀ ਨੂੰ ਗੈਰਜਿਮੇਵਾਰਾਨਾਂ ਬਿਆਨਬਾਜ਼ੀ ਤੋਂ ਗੁਰੇਜ਼ ਕਰਕੇ ਲੋਕ ਹਿੱਤਾਂ ਵਿੱਚ ਕੰਮ ਕਰਨਾ ਚਾਹੀਦਾ ਹੈ।

ਸੰਜੈ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਪਾਕਿਸਤਾਨ ਨਾਲ ਗੱਲਬਾਤ ਦੇ ਵਿਰੋਧ ਵਿੱਚ ਨਹੀਂ ਹੈ ਪਰ ਇਹ ਗੱਲਬਾਤ ਮੁੱਦਿਆਂ ਅਤੇ ਠੋਸ ਨੀਤੀ ‘ਤੇ ਅਧਾਰਿਤ ਹੋਣੀ ਚਾਹੀਦੀ ਹੈ ਨਾ ਕਿ ਸ਼ਾਲ,ਸਾੜ੍ਹੀ ਵਾਲੀ ਡਿਪਲੋਮੇਸੀ ਤੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀ ਮੋਜੂਦਾ ਵਿਦੇਸ਼ ਨੀਤੀ ਗੈਰਜਿਮੇਵਾਰਾਨਾ ਅਤੇ ਦਿਸ਼ਾਹੀਣ ਹੈ, ਜਿਸ ਕਰਕੇ ਨੇਪਾਲ ਸਮੇਤ ਬਾਕੀ ਗਵਾਂਢੀ ਮੁਲਕਾਂ ਨਾਲ ਭਾਰਤ ਦੇ ਰਿਸ਼ਤਿਆਂ ਵਿੱਚ ਖਟਾਸ ਪੈਦਾ ਹੋ ਗਈ ਹੈ। ਉਹਨਾਂ ਕਿਹਾ ਕਿ ਦੀਨਾਨਗਰ ਹਮਲੇ ਤੋਂ ਬਾਅਦ 7 ਮਹੀਨੇ ਬੀਤਣ ‘ਤੇ ਦੂਜਾ ਹਮਲਾ ਵੀ ਹੋ ਗਿਆ ਹੈ ਪਰ ਬਾਵਜ਼ੂਦ ਇਸਦੇ ਅਜੇ ਤੱਕ ਹਮਲੇ ਸੰਬੰਧੀ ਕੋਈ ਠੋਸ ਤੱਥ ਬਾਹਰ ਨਹੀਂ ਆਏ ਹਨ ਜੋ ਕਿ ਖੁਫੀਆ ਅਤੇ ਸੁਰੱਖਿਆ ਅਜੈਂਸੀਆਂ ਦੀ ਕਾਰਜਕੁਸ਼ਲਤਾ ਵਿਚਲੀ ਨਲਾਇਕੀ ਨੂੰ ਦਰਸਾਉੋਦਾ ਹੈ।

ਬਾਦਲ ਸਰਕਾਰ ’ਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਪਠਾਨਕੋਟ ਹਮਲਾ ਅਕਾਲੀ ਨੇਤਾਵਾਂ, ਡਰੱਗ ਸਮਗਲਰਾਂ ਅਤੇ ਅੱਤਵਾਦੀਆਂ ਦੇ ਨਾਪਾਕ ਗੱਠਜੋੜ ਦਾ ਨਤੀਜਾ ਹੈ। ਉਹਨਾਂ ਇਸ ਹਮਲੇ ਵਿੱਚ ਪੰਜਾਬ ਪੁਲਿਸ ਦੇ ਐਸ.ਪੀ. ਦੀ ਭੂਮਿਕਾ ਸ਼ੱਕੀ ਹੈ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਉਸਨੇ ਅੱਤਵਾਦੀਆਂ ਨੂੰ ਨਿਸ਼ਾਨੇ ‘ਤੇ ਪਹੁੰਚਾਉਣ ਵਿੱਚ ਮਦਦ ਕੀਤੀ ਹੈ। ਉਸ ਦੁਆਰਾ ਵਾਰ ਵਾਰ ਬਦਲੇ ਜਾ ਰਹੇ ਬਿਆਨਾਂ ਅਤੇ ਬੇਵਕਤੇ ਉਸਦੀ ਅਜਿਹੀ ਜਗ੍ਹਾ ਹਾਜਰੀ, ਜਿੱਥੇ ਕਿ ਉਹ ਤੈਨਾਤ ਵੀ ਨਹੀ ਹੈ ਅਤੇ ਨਾ ਹੀ ਉਸ ਨਾਲ ਕੋਈ ਗੰਨਮੈਨ ਜਾਂ ਸਟਾਫ ਮੈਬਰ ਹੈ, ਅਜਿਹੀਆ ਗੱਲਾਂ ਹਨ ਜੋ ਕਿ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ।

ਇਸ ਤੋਂ ਬਿਨ੍ਹਾਂ ਅਜਿਹੀਆਂ ਤੈਨਾਤੀਆਂ ਵਿੱਚ ਰਾਜਨੀਤਿਕ ਆਕਾਵਾਂ, ਖਾਸ ਕਰਕੇ ਰਾਜ ਦੇ ਗ੍ਰਹਿ ਮੰਤਰੀ ਦੀ ਸਿੱਧੀ ਦਖਲਅੰਦਾਜ਼ੀ ਹੁੰਦੀ ਹੈ।ਗ੍ਰਹਿ ਮੰਤਰੀ ਦੇ ਨੇੜਲੇ ਰਿਸ਼ਤੇਦਾਰ ਅਤੇ ਰਾਜ ਦੇ ਪ੍ਰਭਾਵਸ਼ਾਲੀ ਮੰਤਰੀ ਬਿਕਰਮ ਮਜੀਠੀਆ ਦਾ ਨਾਂ ਵੀ ਹੁਣ ਫਿਰ ਸੁਰਖੀਆਂ ਵਿੱਚ ਹੈ ਅਤੇ ਇਸ ਹਮਲੇ ਤੋਂ ਬਾਅਦ ਇਹ ਕਣਸੋਆਂ ਜ਼ੋਰ ਫੜ ਰਹੀਆਂ ਹਨ ਕਿ ਇਸ ਹਮਲੇ ਪਿੱਛੇ ਵੀ ਡਰੱਗ ਸਮਗਲਰਾਂ, ਨੇਤਾਵਾਂ ਅਤੇ ਅੱਤਵਾਦੀਆਂ ਦਾ ਗਠਜੋੜ ਕੰਮ ਕਰ ਰਿਹਾ ਹੈ।

ਸੰਜੈ ਸਿੰਘ ਨੇ ਕਿਹਾ ਕਿ ਹਮਲੇ ਤੋਂ ਇੱਕ ਰਾਤ ਪਹਿਲਾਂ ਐਸ.ਪੀ. ਦੀ ਰਾਜਸੀ ਨੇਤਾ ਨਾਲ ਮੁਲਾਕਾਤ ਵੀ ਚਰਚਾ ਵਿੱਚ ਹੈ ਅਤੇ ਇਹ ਹੋਰ ਸ਼ੱਕ ਪੈਦਾ ਕਰਦਾ ਹੈ ਕਿ ਅੱਤਵਾਦੀਆਂ ਨੇ ਇੱਕ ਟੈਕਸੀ ਚਾਲਕ ਨੂੰ ਤਾਂ ਮਾਰ ਮੁਕਾਇਆ ਪਰ ਹੱਥ ਆਏ ਐਸ.ਪੀ. ਨੂੰ ਜਿੰਦਾ ਕਿਵੇਂ ਛੱਡ ਦਿੱਤਾ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਇਸ ਸਾਰੀ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਾਲੀ ਕਮੇਟੀ ਤੋਂ ਕਰਵਾਈ ਜਾਵੇ ਕਿਉੋਕਿ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ ਅਤੇ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version