Site icon Sikh Siyasat News

ਮਿਡ-ਡੇ ਮੀਲ ਵਰਕਰਾਂ ਨਾਲ ਤਨਖਾਹ ਦੇ ਨਾਮ ‘ਤੇ ਕੀਤਾ ਜਾ ਰਿਹਾ ਹੈ ਭੱਦਾ ਮਜ਼ਾਕ- ਪ੍ਰੋ. ਬਲਜਿੰਦਰ ਕੌਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਬੁਧਵਾਰ ਸਰਕਾਰੀ ਸਕੂਲਾਂ ਵਿਚ ਚੱਲ ਰਹੇ ਮਿਡ-ਡੇ ਮੀਲ ਪ੍ਰੋਗਰਾਮ ਦੇ ਵਰਕਰਾਂ ਨਾਲ ਸਰਕਾਰ ਦੁਆਰਾ ਤਨਖਾਹ ਦੇ ਨਾਮ ‘ਤੇ ਕੀਤੇ ਜਾ ਰਹੇ ਭੱਦੇ ਮਜ਼ਾਕ ਦਾ ਮੁੱਦਾ ਚੁੱਕਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕੰਮ ਦੇ ਅਨੁਸਾਰ ਵੱਧ ਤਨਖਾਹ ਦਿੱਤੀ ਜਾਵੇ।

ਮਿਡ-ਡੇ ਮੀਲ ਵਰਕਰਾਂ ਦੀ ਸਰਕਾਰ ਹੱਥੋਂ ਹੋ ਰਹੇ ਸ਼ੋਸ਼ਣ ਬਾਰੇ ਬੋਲਦਿਆਂ ਆਮ ਆਦਮੀ ਪਾਰਟੀ ਦੀ ਔਰਤਾਂ ਦੀ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਅਤੇ ਇਸਤਰੀ ਆਗੂ ਪਰਮਿੰਦਰ ਕੌਰ ਨੇ ਕਿਹਾ ਕਿ ਸਰਕਾਰ ਦੁਆਰਾ ਇਸ ਮਹਿੰਗਾਈ ਦੇ ਦੌਰ ਵਿਚ ਇੰਨੀ ਘੱਟ ਤਨਖਾਹ ਦੇਣਾ ਵਰਕਰਾਂ ਨਾਲ ਇਕ ਭੱਦਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਮਿਡ-ਡੇ ਮੀਲ ਵਰਕਰਾਂ ਨੂੰ ਹਰ ਮਹੀਨੇ 1200 ਰੁਪਏ ਤਨਖਾਹ ਵਜੋਂ ਦਿੱਤੇ ਜਾਂਦੇ ਹਨ ਜਿਸ ਵਿਚੋਂ 750 ਰੁਪਏ ਕੇਂਦਰ ਸਰਕਾਰ ਵਲੋਂ ਅਤੇ 450 ਰੁਪਏ ਪੰਜਾਬ ਸਰਕਾਰ ਵਲੋਂ ਦਿੱਤੇ ਜਾਂਦੇ ਹਨ।

‘ਆਪ’ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ: ਬਲਜਿੰਦਰ ਕੌਰ (ਫਾਈਲ ਫੋਟੋ)

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਤਨਖਾਹ ਦੇ ਮਾਮਲੇ ਵਿਚ ਪੰਜਾਬ ਸੂਬਾ ਸਭ ਤੋਂ ਘੱਟ ਪੈਸੇ ਦੇਣ ਵਾਲੇ ਰਾਜਾਂ ਵਿਚੋਂ ਇਕ ਹੈ। ਅਜਿਹੇ ਕਾਰਜ ਲਈ ਹੀ ਤਾਮਿਲਨਾਡੂ ਵਿਚ ਪ੍ਰਤੀ ਮਹੀਨੇ 6500 ਅਤੇ ਕੇਰਲਾ ਵਿਚ 9500 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਪਿਛਲੇ ਸਮਿਆਂ ਵਿਚ ਭਾਰਤ ਵਿਚ ਮਹਿੰਗਾਈ ਦੀ ਦਰ ਕਈ ਗੁਣਾਂ ਵੱਧ ਗਈ ਹੈ ਅਤੇ ਸਰਕਾਰ ਨੂੰ ਇਸ ਗੱਲ ਦਾ ਧਿਆਨ ਰੱਖਦਿਆਂ ਤਨਖਾਹ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ।

ਪਰਮਿੰਦਰ ਕੌਰ ਨੇ ਕਿਹਾ ਕਿ ਖਾਣਾ ਬਣਾਉਣ ਦੇ ਨਾਲ-ਨਾਲ ਇਹ ਵਰਕਰ ਭਾਂਡੇ ਧੋਣ ਦਾ ਕੰਮ ਵੀ ਕਰਦੇ ਹਨ। ਜਿਸ ਕਾਰਣ ਇਹ ਤਨਖਾਹ ਹੋਰ ਵੀ ਨਿਗੂਣੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਰਕਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਉਨ੍ਹਾਂ ਦੇ ਨਾਲ ਖੜੀ ਹੈ ਅਤੇ ਤਨਖਾਹ ਨਾ ਵੱਧਣ ਦੀ ਸੂਰਤ ਵਿਚ ਪਾਰਟੀ ਯੂਨੀਅਨ ਲੀਡਰਾਂ ਦੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ ਨਹੀਂ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version