Site icon Sikh Siyasat News

ਸਮਾਜੀ ਕਾਰਜ ਕਰਨ ਵਾਲਿਆਂ ਦੇ ਆਪ ਵਿਚ ਸ਼ਾਮਲ ਹੋਣ ਨਾਲ ਕ੍ਰਾਂਤੀਕਾਰੀ ਕਾਫਿਲਾ ਹੋਰ ਵਧ ਰਿਹਾ ਹੈ: ‘ਆਪ’

ਚੰਡੀਗੜ੍ਹ: ਮਰਹੂਮ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਕੈਪਟਨ ਬਲਵੀਰ ਸਿੰਘ ਬਾਠ, ਸੈਕੂਲਰ ਲੋਕ ਰਾਜ ਪਾਰਟੀ ਦੇ ਮੁਖੀ ਹਰਚੰਦ ਸਿੰਘ ਬਰਸਟ ਅਤੇ ਪੰਜਾਬੀ ਲੋਕ ਗਾਇਕ ਸੁਖਵਿੰਦਰ ਸੁੱਖੀ ਸ਼ਨੀਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸਦੇ ਨਾਲ ਹੀ ਬਰਸਟ ਨੇ ਸੈਕੂਲਰ ਲੋਕ ਰਾਜ ਪਾਰਟੀ ਦਾ ਆਮ ਆਦਮੀ ਪਾਰਟੀ ਵਿਚ ਰਲੇਵੇਂ ਦਾ ਐਲਾਨ ਕਰ ਦਿੱਤਾ।

ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹਏ ਸੁੱਚਾ ਸਿੰਘ ਛੋਟੇਪੁਰ, ਸੰਜੈ ਸਿੰਘ ਅਤੇ ਪ੍ਰੋ. ਸਾਧੂ ਸਿੰਘ

ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਪਾਰਟੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਆਦਿ ਨੇ ਕਿਹਾ ਕਿ ਸਮੂਹ ਇਨਸਾਫ ਪਸੰਦ ਪੰਜਾਬੀਆਂ ਨੂੰ ਬਾਦਲ ਸਰਕਾਰ ਦੇ ਖਿਲਾਫ ਖੜੇ ਹੋ ਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਸੰਜੇ ਸਿੰਘ ਨੇ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ, ਕੈਪਟਨ ਬਲਵੀਰ ਬਾਠ, ਹਰਚੰਦ ਸਿੰਘ ਹਰਸਟ ਅਤੇ ਸੁਖਵਿੰਦਰ ਸੁੱਖੀ ਨੇ ਆਪਣੇ ਤਰੀਕੇ ਨਾਲ ਸਮਾਜ ਦੀ ਭਲਾਈ ਲਈ ਕਾਰਜ ਕੀਤੇ ਹਨ ਅਤੇ ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਪਾਰਟੀ ਨੂੰ ਹੋਰ ਮਜਬੂਤ ਕਰੇਗਾ।

ਸੁਖਬੀਰ ਗ੍ਰਹਿ ਮੰਤਰੀ ਨਾਲੋਂ ਮਨੋਰੰਜਨ ਮੰਤਰੀ ਵਾਂਗ ਜ਼ਿਆਦਾ ਵਰਤਾਓ ਕਰ ਰਿਹਾ ਹੈ: ਸੰਜੇ ਸਿੰਘ

ਪਿਛਲੇ ਦਿਨਾਂ ਦੌਰਾਨ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੁਆਰਾ ਆਮ ਆਦਮੀ ਪਾਰਟੀ ਦੇ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਉੱਤੇ ਪਲਟਵਾਰ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਸੁਖਬੀਰ ਰਾਜ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨਾਲੋਂ ‘ਮਨੋਰੰਜਨ ਮੰਤਰੀ’ ਵਾਂਗ ਜ਼ਿਆਦਾ ਵਰਤਾਓ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਬੂਤ ਤੋਂ ਆਮ ਆਦਮੀ ਪਾਰਟੀ ਦਾ ਨਾਮ ਖਾਲਿਸਤਾਨੀਆਂ, ਆਈ.ਐਸ.ਆਈ.ਐਸ ਅਤੇ ਆਈ.ਐਸ.ਆਈ. ਵਰਗੇ ਗਰੁੱਪਾਂ ਨਾਲ ਜੋੜਨਾ ਸੁਖਬੀਰ ਦੀ ਬਚਕਾਨਾ ਸੋਚ ਦਾ ਪ੍ਰਗਟਾਵਾ ਹੈ। ਆਈ.ਐਸ.ਆਈ. ਦੁਆਰਾ ਪੰਜਾਬ ਦੇ ਨੇਤਾਵਾਂ ਉਤੇ ਹਮਲੇ ਦੇ ਖਦਸ਼ੇ ਬਾਰੇ ਸੁਖਬੀਰ ਬਾਦਲ ਦੁਆਰਾ ਦਿੱਤੇ ਗਏ ਬਿਆਨ ਬਾਰੇ ਬੋਲਦਿਆਂ ਸੰਜੇ ਸਿੰਘ ਨੇ ਕਿਹਾ ਕਿ ਅਜਿਹਾ ਕਰਕੇ ਉਹ ਆਈ.ਐਸ.ਆਈ. ਦੀ ਆੜ ਹੇਠ ਵਿਰੋਧੀਆਂ ਖਿਲਾਫ ਕਾਰਵਾਈ ਕਰਨ ਦੀ ਜ਼ਮੀਨ ਤਿਆਰ ਕਰ ਰਿਹਾ ਹੈ।

ਪੰਜਾਬ ਦੇ ਮੁੱਖ ਪਾਰਲੀਮੈਂਟਰੀ ਸਕੱਤਰਾਂ ਦੀ ਨਿਯੁਕਤੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਰੱਦ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਜਨਤਾ ਦੀ ਮਿਹਨਤ ਨਾਲ ਕਮਾਏ ਧੰਨ ਨੂੰ ਨਜਾਇਜ਼ ਢੰਗ ਨਾਲ ਲੁਟਾ ਰਹੀ ਸੀ। ਉਨ੍ਹਾਂ ਕਿਹਾ ਕਿ ਕਿਉਂ ਜੋ ਇਹ ਪੈਸਾ ਬਾਦਲ ਦੀ ਜੇਬ ਵਿਚੋਂ ਨਾ ਜਾ ਕੇ ਪੰਜਾਬ ਦੇ ਖਜ਼ਾਨੇ ਵਿਚੋਂ ਗਿਆ ਹੈ ਸੋ ਪਾਰਲੀਮੈਂਟਰੀ ਸਕੱਤਰਾਂ ਦੁਆਰਾ ਵਰਤਿਆ ਗਿਆ ਪੈਸਾ ਉਨ੍ਹਾਂ ਕੋਲੋਂ ਵਸੂਲ ਕਰਕੇ ਖਜ਼ਾਨੇ ਵਿਚ ਵਾਪਿਸ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version