Site icon Sikh Siyasat News

ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕੀਤਾ ਗਿਆ

ਚੰਡੀਗੜ੍ਹ –  ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਤੋ ਸ਼ੁਰੂ ਹੋ ਕੇ ਗੋਲ ਮਾਰਕਿਟ ਤੋਂ ਹੁੰਦਾ ਹੋਇਆ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਮਾਰਚ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵੱਖ ਵੱਖ ਮਹਿਕਮਿਆ (ਵਿਭਾਗਾਂ) ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ।
ਗੋਸਟਿ ਸਭਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋ ਮੰਚ ਸੰਚਾਲਨ ਕਰਦਿਆ ਕਿਹਾ ਗਿਆ ਕਿ ਨਵੰਬਰ ੧੯੮੪ ਸਿੱਖਾਂ ਦੀ ਨਸਲਕੁਸ਼ੀ ਸੀ ਜਿਸ ਨੂੰ ਦਿੱਲੀ ਤਖਤ ਨੇ ਦਿੱਲੀ ਦੰਗਿਆ ਤੱਕ ਸੀਮਤ ਕਰ ਦਿੱਤੀ ਸੀ ਪਰ ਹੁਣ ਦੁਨੀਆ ਅੰਦਰ ਬੈਠਾ ਹਰ ਸਿੱਖ ਇਹ ਗੱਲ ਜਾਣਦਾ ਹੈ ਕਿ ਦਿੱਲੀ ਤਖਤ ਵੱਲੋ ਦਿੱਲੀ ਦੰਗਿਆਂ ਦਾ ਜੋ ਝੂਠਾ ਬਿਰਤਾਂਤ ਸਿਰਜਿਆ ਗਿਆ ਸੀ ਉਸ ਨੂੰ ਸਿੱਖ ਤੋੜ ਚੁੱਕੇ ਹਨ। ਸਿੱਖਾਂ ਦੇ ਵੱਡੇ ਹਿੱਸੇ ਨੇ ਇਸ ਜਖਮ ਨੂੰ ਸੂਰਜ ਬਣਾ ਲਿਆ ਹੈ ਅਤੇ ਉਸ ਦੀ ਰੋਸ਼ਨੀ ’ਚੋ ਭਵਿੱਖ ਦੀਆਂ ਮੰਜਿਲਾਂ ਤੈਅ ਕਰ ਰਹੇ ਹਨ।
ਇਸ ਮਾਰਚ ਵਿਚ ਯੂਨੀਵਰਸਿਟੀ ਦੀਆਂ ਵੱਖ ਵੱਖ ਵਿਚਾਰਧਾਰਾ ਨਾਲ ਸਬੰਧਤ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਦਿਆਂ ਨੇ ਆਪਣੀ-ਆਪਣੀ ਗੱਲ ਰੱਖੀ। ਉਹਨਾਂ ਨੇ ਵਿਦਿਆਰਥੀਆ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਨਵੰਬਰ ੧੯੮੪ ਵਿੱਚ ਸਿੱਖਾਂ ਦੀ ਯੋਜਨਾਬੰਦ ਤਰੀਕੇ ਨਾਲ ਕੀਤੀ ਗਈ ਨਸਲਕੁਸ਼ੀ ਸੀ ਤੇ ਮੌਜੂਦਾ ਸਮੇ ਵਿੱਚ ਦਿੱਲੀ ਦਰਬਾਰ ਜਿਹਨਾਂ ਨੀਤੀਆਂ ਤੇ ਚੱਲ ਰਿਹਾ ਹੈ ਉਹਨਾਂ ਨੀਤੀਆਂ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਸਾਹਮਣੇ ਰੱਖੇ।

ਇਸ ਮਾਰਚ ਦੀ ਅਹਿਮੀਅਤ ਇਸ ਗੱਲ ਕਰਕੇ ਹੈ ਕਿ ਇਹ ਮਾਰਚ ਵਿਦਿਆਰਥੀ ਜਥੇਬੰਦੀਆਂ ਜਿਵੇ ਕਿ ਪੀ.ਐਸ.ਯੂ., ਪੀ.ਐਸ.ਯੂ.(ਲਲਕਾਰ), ਸੈਫੀ, ਡੀ.ਐਸ.ਓ., ਐਸ.ਐਫ.ਆਈ., ਪੀ.ਆਰ.ਐਸ.ਯੂ., ਸੱਥ, ਯੂ.ਐਸ.ਐਸ.ਐਫ., ਏ.ਆਈ.ਐਸ.ਐਫ. ਆਦਿ ਦੇ ਸਾਂਝੇ ਉਦਮ ਨਾਲ ਕੀਤਾ ਗਿਆ ਤੇ ਇਹ ਆਪਸੀ ਏਕਤਾ ਨੂੰ ਮਜ਼ਬੂਤ ਕਰਨ ਦਾ ਅਹਿਮ ਉਪਰਾਲਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version