ਅੰਮਿ੍ਤਸਰ (21 ਜਨਵਰੀ, 2016): ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ‘ਤੇ ਛੱਤ ਦੇਣ ਵਾਲਾ ਲੱਕੜ ਦਾ ਕਰੀਬ ਇਕ ਸਦੀ ਪੁਰਾਣਾ ਛੱਜਾ ਅੱਜ ਉਤਾਰ ਲਿਆ ਗਿਆ । ਸਿਉਂਕ ਅਤੇ ਸਲ੍ਹਾਬ ਕਾਰਣ ਇਸਦੀ ਹਾਲਤ ਖਰਾਬ ਹੋ ਗਈ ਸੀ।

ਪੰਜਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖ਼ਬਰ ਮੁਤਾਬਿਕ ਇਹ ਛੱਜਾ ਲੱਕੜ ਦੇ ਫੱਟਿਆਂ ‘ਤੇ ਲੈਂਟਰ ਨਾਲ ਬੱਝਾ ਸੀ ਪਰ ਇਸ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪੁਰਾਤਨ ਇਮਾਰਤ ਨਾਲ ਨਾ ਤਾਂ ਕੋਈ ਸਿੱਧਾ ਚੜ੍ਹਾਅ ਸੀ ਅਤੇ ਨਾ ਹੀ ਇਤਿਹਾਸਕ ਜੋੜ ਸੀ, ਫਿਰ ਵੀ ਇਸ ਦੀ ਪੁਰਾਤਨਤਾ ਨੂੰ ਵੇਖਦਿਆਂ ਸ਼ੋ੍ਰਮਣੀ ਕਮੇਟੀ ਵੱਲੋਂ ਨੋਇਡਾ ਤੇ ਚੰਡੀਗੜ੍ਹ ਤੋਂ ਮਾਹਿਰ ਬੁਲਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜੋ ਸਿਉਂਕ ਦੀ ਵੱਡੀ ਮਾਰ ਕਾਰਨ ਸਫ਼ਲ ਹੁੰਦੀ ਨਹੀਂ ਸੀ ਨਜ਼ਰ ਆਉਂਦੀ ਅਤੇ ਸਰੋਵਰ ਦੇ ਜਲ ‘ਚ ਸਿਉਂਕ ਦੇ ਡਿੱਗਣ ਦੀ ਸੰਭਾਵਨਾ ਵੱਧ ਰਹੀ ਸੀ ।
ਇਸ ਛੱਜੇ ਦੀ ਥਾਂ ਮੁੰਬਈ ਵਾਸੀ ਬੀਬੀ ਮਨਿੰਦਰ ਕੌਰ ਬੇਦੀ ਵੱਲੋਂ ਧਾਤਾਂ ਦੀ ਸੁਨਹਿਰੀ ਛੱਤ ਲਈ ਸੇਵਾ ਸ਼ੁਰੂ ਕਰਵਾ ਦਿੱਤੀ ਗਈ ਹੈ ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ: ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਕਰੀਬ 6 ਮਹੀਨੇ ‘ਚ ਇਹ ਸੇਵਾ ਮੁਕੰਮਲ ਹੋਵੇਗੀ, ਜਿਸ ਤਹਿਤ ਸਟੀਲ ਦੇ ਸ਼ਕੰਜੇ ‘ਤੇ ਤਾਂਬੇ ਦੀ ਛੱਤ ਚੜ੍ਹਾਅ ਕੇ ਸੁਨਹਿਰੀ ਪੱਤਰਿਆਂ ਦੀ ਝਾਲ ਕੀਤੀ ਜਾਵੇਗੀ ।ਸੇਵਾ ਦੇ ਸਮੇਂ ਦੌਰਾਨ ਆਰਜੀ ਛਤਾਉਤ ਦਾ ਪ੍ਰਬੰਧ ਕੀਤਾ ਗਿਆ ਹੈ ।ਇਹ ਛੱਜਾ ਪਾਵਨ ਮੁੱਖ ਇਮਾਰਤ ਦਾ ਪੁਰਾਤਨ ਹਿੱਸਾ ਨਹੀਂ ਸੀ ।
ਇਸ ਦੌਰਾਨ ਪ੍ਰਧਾਨ ਸ਼ੋ੍ਰਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਅੱਜ ਸ਼ੁਰੂ ਕਰਵਾਈ ਜਾ ਰਹੀ ਸੇਵਾ ਦੀ ਆਰੰਭਕ ਅਰਦਾਸ ‘ਚ ਸ਼ਮੂਲੀਅਤ ਕਰਨ ਉਪਰੰਤ ਕਿਹਾ ਕਿ ਇਸ ਸੇਵਾ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨਾਲ ਕੋਈ ਛੇੜ-ਛਾੜ ਨਹੀਂ ਕੀਤੀ ਜਾਵੇਗੀ ।