ਸ੍ਰੀਨਗਰ: ਇਕ ਕਸ਼ਮੀਰੀ ਨੌਜਵਾਨ ਨੂੰ ਫੌਜੀ ਜੀਪ ਦੇ ਮੂਹਰੇ ਬੰਨ੍ਹਣ ਵਾਲੇ ਫੌਜੀ ਅਫਸਰ ਨੂੰ ਭਾਰਤੀ ਫੌਜ ਵਲੋਂ ਸਨਮਾਨਤ ਕੀਤੇ ਜਾਣ ਦੇ ਫੈਸਲੇ ਦੀ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਬਹੁਤ ਨਿੰਦਾ ਹੋ ਰਹੀ ਹੈ।

ਭਾਰਤੀ ਫੌਜ ਨੇ ਮੇਜਰ ਐਲ, ਗੋਗੋਈ ਨੂੰ 22 ਮਈ ਦੇ ਦਿਨ ਸਨਮਾਨਤ ਕੀਤਾ ਸੀ। ਮੇਜਰ ਗੋਗੋਈ ਨੇ ਕਸ਼ਮੀਰੀ ਨੌਜਵਾਨ ਨੂੰ ਜੀਪ ਮੂਹਰੇ ਬੰਨ੍ਹਣ ਲਈ ਇਹ ਦਾਅਵਾ ਕੀਤਾ ਕਿ ਉਸਨੇ ਪੱਥਰਬਾਜ਼ਾਂ ਨੂੰ ‘ਸਬਕ’ ਸਿਖਾਉਣ ਲਈ ਇਹ ਰਣਨੀਤੀ ਅਪਣਾਈ ਸੀ।

ਕਸ਼ਮੀਰੀ ਅਖ਼ਬਾਰਾਂ ਨੇ ਸਵਾਲ ਚੁੱਕਿਆ ਕਿ ਇਕ ਫੌਜੀ ਅਫਸਰ ਨੂੰ, ਜਿਸਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ, ਉਸਨੂੰ ਸਨਮਾਨਤ ਕਿਵੇਂ ਕੀਤਾ ਜਾ ਸਕਦਾ ਹੈ?
ਇਕ ਰੋਜ਼ਾਨਾ ਅਖ਼ਬਾਰ ਨੇ ਸਵਾਲ ਕੀਤਾ, ਕੀ ਭਾਰਤ ਅਜਿਹੇ ਫੈਸਲੇ ਲੈਣ ਤੋਂ ਬਾਅਦ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਕਹਿ ਸਕਦਾ ਹੈ?

ਇਹ ਮਾਮਲਾ ਪਿਛਲੇ ਮਹੀਨੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ, ਜਿਸਨੂੰ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਪਰ ਅਬਦੁੱਲਾ ਨੇ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਇਸਤੋਂ ਬਾਅਦ ਭਾਰਤੀ ਫੌਜ ਨੇ ਇਸ ਘਟਨਾ ਦੀ ‘ਜਾਂਚ’ ਸ਼ੁਰੂ ਕਰ ਦਿੱਤੀ।
ਅੰਗ੍ਰੇਜ਼ੀ ਅਖ਼ਬਾਰ ‘ਕਸ਼ਮੀਰ ਮਾਨਿਟਰ’ ਨੇ ਆਪਣੇ ਸੰਪਾਦਕੀ ‘ਚ ਲਿਖਿਆ ਹੈ ਕਿ ਭਾਰਤ ਸਰਕਾਰ ਨੇ ਇਹ ਜਾਣਬੁੱਝ ਕੇ ਕੀਤਾ ਹੈ। ਕਿਸੇ ਵੀ ਫੌਜੀ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਭਾਰਤ ਦ ਇਸ ਰਵੱਈਏ ਨੂੰ ਦੇਖਦੇ ਹੋਏ ਕਸ਼ਮੀਰੀ ਲੋਕਾਂ ਦੇ ਦਿਲ ਦਿਮਾਗ ‘ਚ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਹਥਿਆਰਬੰਦ ਭਾਰਤੀ ਦਸਤਿਆਂ ਵਲੋਂ ਅਪਰਾਧ ਦੀ ਜਦੋਂ ਵੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਣ ਵਾਲਾ।
ਸਬੰਧਤ ਖ਼ਬਰ:
‘Will Boycott Voting’ Victim Of Human Shield Incident Farooq Dhar …
ਉਰਦੂ ਰੋਜ਼ਾਨਾ ਅਖ਼ਬਾਰ ‘ਚੱਟਾਨ’ ਦਾ ਕਹਿਣਾ ਹੈ ਕਿ ਇਹ ਘਟਨਾ ਕਸ਼ਮੀਰ ਦੇ ਫੌਜੀ ਇਤਿਹਾਸ ‘ਚ ਇਹ ਆਪਣੀ ਤਰ੍ਹਾਂ ਦਾ ਨਿਵੇਕਲਾ ਮਾਮਲਾ ਹੈ। ਅਖ਼ਬਾਰ ਨੇ ਲਿਖਿਆ ਕਿ ਕਸ਼ਮੀਰੀ ਨੌਜਵਾਨ ਨੂੰ ਜੀਪ ਨਾਲ ਬੰਨ੍ਹਣ ਵਾਲੇ ਫੌਜੀ ਅਫਸਰ ਦਾ ਸਨਮਾਨ ਕਰਨਾ ਕਸ਼ਮੀਆਂ ਨਾਲ ਵੱਡਾ ਮਜ਼ਾਕ ਹੈ। ਇਸਦੀ ਜਿੰਨੀ ਹੋ ਸਕੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਉਰਦੂ ਰੋਜ਼ਾਨਾ ‘ਕਸ਼ਮੀਰ ਉਜ਼ਮਾ’ ਦਾ ਮੰਨਣਾ ਹੈ ਕਿ ਇਹ ਕਦਮ ਕਸ਼ਮੀਰੀਆਂ ਲਈ ਭਾਰਤ ਵਲੋਂ “ਖੁੱਲ੍ਹੀ ਚਿਤਾਵਨੀ” ਹੈ। ਅਖ਼ਬਾਰ ਨੇ ਲਿਖਿਆ, “ਦਿੱਲੀ ਤੋਂ ਚੱਲ ਰਹੀ ਸਰਕਾਰ ਕਸ਼ਮੀਰੀ ਲੋਕਾਂ ਨੂੰ ਇਹ ਸਪੱਸ਼ਟ ਸੁਨੇਹਾ ਦੇਣਾ ਚਾਹੁੰਦੀ ਹੈ ਕਿ ‘ਸ਼ਾਂਤੀ ਲਿਆਉਣ ਲਈ’ ਉਨ੍ਹਾਂ ਕੋਲ ਇਕ ਕਾਰਗਰ ਰਣਨੀਤੀ ਹੈ, ਚਾਹੇ ਤਾਂ ਇਸ ਰਣਨੀਤੀ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਰਹੇ।”
ਅੰਗ੍ਰੇਜ਼ੀ ਅਖ਼ਬਾਰ ‘ਕਸ਼ਮੀਰ ਰੀਡਰ’ ਨੇ ਕਿਹਾ ਹੈ ਇਹ ਇਕ ਭਿਆਨਕ ਘਟਨਾ ਹੈ ਅਤੇ ਇਸਦਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਕਸ਼ਮੀਰ ‘ਚ ਕਿਸੇ ਵੀ (ਹਰੇਕ) ਸ਼ਖਸ ਦੀ ਅਜ਼ਾਦੀ ਖਤਰੇ ਵਿਚ ਹੈ। ਕਿਉਂਕਿ ਸੱਤਾ ‘ਚ ਬੈਠੇ ਲੋਕ ਕਿਸੇ ਵੇਲੇ ਵੀ ਅਜ਼ਾਦੀ ਖੋਹ ਸਕਦੇ ਹਨ।
ਉਰਦੂ ਰੋਜ਼ਾਨਾ ‘ਸ੍ਰੀਨਗਰ ਟਾਈਮਸ’ ਨੇ ਸ਼ੱਕ ਜਾਹਰ ਕੀਤਾ ਹੈ ਕਿ ਫੌਜੀ ਜਾਂਚ ਕਮੇਟੀ ਮਹਿਜ਼ ਇਕ ਨਾਟਕ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Controversial Indian Army Major Gogoi Was Awarded “On The Spot” By Army Chief: Media Reports …