ਤਰਨ ਤਾਰਨ/ ਫ਼ਿਰੋਜ਼ਪੁਰ/ਫਾਜ਼ਿਲਕਾ (11 ਅਗਸਤ, 2015): ਭਾਰੀ ਮੀਂਹ ਕਾਰਨ ਡੈਮਾਂ ਵਿੱਚ ਪਾਣੀ ਵਧਣ ਕਾਰਨ ਭਾਖੜਾ ਡੈਮ ਅਤੇ ਪੌਾਗ ਡੈਮ ਤੋਂ ਛੱਡਿਆ ਜਾ ਰਿਹਾ ਵਾਧੂ ਪਾਣੀ ਤੇ ਬਰਸਾਤੀ ਨਾਲਿਆਂ ‘ਚ ਆ ਰਹੇ ਹਜ਼ਾਰਾਂ ਕਿਊਸਕ ਪਾਣੀ ਨੇ ਸ੍ਰੀ ਅਨੰਦਪੁਰ ਸਾਹਿਬ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਦੇ ਅੰਦਰ ਧੁੱਸੀ ਬੰਨ੍ਹ ਦੇ ਅੰਦਰ ਵਾਲੇ ਦਰਿਆਈ ਖੇਤਰ ਦੇ ਨੀਵਾਨ ਵਾਲੇ ਖੇਤਾਂ ‘ਚ ਖੜ੍ਹੀਆਂ ਫ਼ਸਲਾਂ ਨੂੰ ਆਪਣੀ ਲਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ ।

ਫ਼ਾਜ਼ਿਲਕਾ ਇਲਾਕੇ ਦੇ ਸਰਹੱਦੀ ਪਿੰਡਾਂ ਦੇ ਲੋਕਾਂ ‘ਚ ਵੀ ਹੜ੍ਹਾਂ ਦਾ ਡਰ ਦੇਖਿਆ ਜਾ ਰਿਹਾ ਹੈ । ਹਾਲਾਤ ਨੂੰ ਭਾਪਦਿਆਂ ਦਰਿਆਈ ਪਾਣੀ ਦੀ ਮਾਰ ਤੋਂ ਕਿਸਾਨਾਂ ਨੂੰ ਬਚਾਉਣ ਲਈ ਸਿੰਚਾਈ ਵਿਭਾਗ ਵੱਲੋਂ ਹਜ਼ਾਰਾਂ ਕਿਊਸਿਕ ਪਾਣੀ ਪਾਕਿਸਤਾਨ ਵੱਲ ਭੇਜਣ ਲਈ ਹੁਸੈਨੀਵਾਲਾ ਹੈਡ ਵਰਕਸ ਦੇ ਗੇਟ ਖੋਲ੍ਹ ਦਿੱਤੇ ਹਨ । ਤਰਨ ਤਾਰਨ ਜ਼ਿਲ੍ਹੇ ‘ਚ ਸਥਿਤੀ ਗੰਭੀਰ ਬਣੀ ਹੋਈ ਹੈ ।

ਕਸਬਾ ਗੋਇੰਦਵਾਲ ਤੋਂ ਲੈ ਕੇ ਹਰੀਕੇ ਅਤੇ ਹਰੀਕੇ ਤੋਂ ਹਥਾੜ ਖੇਤਰ ‘ਚ ਪਾਣੀ ਨੇ ਧੁੱਸੀ ਬੰਨ੍ਹ ਨੂੰ ਖੋਰਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ । ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਹੈੱਡ ਵਰਕਸ ਦੇ ਹਥਾੜ ਖੇਤਰ ਵੱਲ 31 ਗੇਟਾਂ ‘ਚੋਂ 16 ਗੇਟ 2-2 ਫੁੱਟ ਖੋਲੇ੍ਹ ਜਾਣ ਕਾਰਨ ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲਿ੍ਹਆਂ ਦੇ ਪਿੰਡਾਂ ‘ਚ ਆਏ ਹੜ੍ਹ ਕਾਰਨ ਹਾਲਾਤ ਹੋਰ ਗੰਭੀਰ ਬਣ ਗਏ ਹਨ । ਧੁੱਸੀ ਬੰਨ੍ਹ ਤੋਂ ਅੱਗੇ ਕਿਸਾਨਾਂ ਵੱਲੋਂ ਬੀਜੀ ਗਈ ਫਸਲ ਅਜੇ ਕੱਚੀ ਹੋਣ ਦੇ ਬਾਵਜੂਦ ਕੰਬਾਈਨ ਲਗਾ ਕੇ ਵੱਢਣੀ ਸ਼ੁਰੂ ਕਰ ਦਿੱਤੀ ਹੈ ।
ਨਹਿਰੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1663.78 ਫੁੱਟ ਨਾਪਿਆ ਗਿਆ, ਜਿੱਥੇ ਪਾਣੀ ਦੀ ਆਮਦ 77184 ਕਿਊਸਿਕ ਸੀ, ਜਿੱਥੋਂ ਹੇਠਾਂ ਵੱਲ 46826 ਕਿਊਸਿਕ ਪਾਣੀ ਛੱਡਿਆ ਗਿਆ ।
ਹਰੀਕੇ ਹੈੱਡ ਵਰਕਸ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਤਰਨ ਤਾਰਨ ਅਤੇ ਫਿਰੋਜ਼ਪੁਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਗਾਊ ਸੂਚਨਾ ਦਿੱਤੀ ਗਈ ਹੈ ਕਿ ਹਰੀਕੇ ਹੈੱਡ ਵਰਕਸ ਵਿਚ ਬੁੱਧਵਾਰ ਸ਼ਾਮ ਤੱਕ 90 ਹਜ਼ਾਰ ਕਿਊਸਿਕ ਪਾਣੀ ਪੁੱਜ ਜਾਣ ਕਾਰਨ ਜ਼ਿਲਿ੍ਹਆਂ ਵਿਚ ਹਾਈ ਫਲੱਡ ਵਾਲੀ ਸਥਿਤੀ ਬਣ ਜਾਵੇਗੀ । ਜਿਸ ਕਾਰਨ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਹੋਰ ਪ੍ਰਬੰਧ ਕਰ ਲੈਣੇ ਚਾਹੀਦੇ ਹਨ।
ਤਰਨਤਾਰਨ, ਫਿਰੋਜਪੁਰ, ਸ਼੍ਰੀ ਆਨੰਦਪੁਰ ਸਾਹਿਬ ਅਤੇ ਬਿਆਸ ਇਲਾਕੇ ਵਿੱਚ ਹਜ਼ਾਰਾਂ ਕਿੱਲੇ ਫਸਲਾ ਬਰਬਾਦ ਹੋ ਗਈਆਂਹਨ। ਖੇਤਾਂ ਢਾਣੀਆਂ ‘ਤੇ ਬੈਠੇ ਕਿਸਾਨਾਂ ਦੇ ਗਰ ਵੀ ਪਾਣੀ ਦੀ ਪਲੇਟ ਵਿੱਚ ਆ ਗਏ ਹਨ। ਕਈ ਪਿੰਡਾਂ ਨੂੰ ਪਾਣੀ ਨੇ ਚਾਰ ਚੁਫੇਰਿਓੁ ਘੇਰ ਲਿਆ ਹੈ।