
ਲੁਧਿਆਣਾ ( 23 ਅਪ੍ਰੈਲ 2015): ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਭਗਤਣ ਤੋਂ ਬਾਅਦ ਵੀ ਵੱਖ-ਵੱਖ ਜੇਲਾਂ ਵਿੱਚ ਬੰਦ ਲੰਘੇ ਸਿੱਖ ਸੰਘਰਸ਼ ਨਾਲ ਸਬੰਧਿਤ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਪਿਛਲੇ 96ਵੇਂ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ, ਜਿਸ ਨੂੰ ਪਿਛਲੀ 8 ਫਰਵਰੀ ਤੋਂ ਸਿਵਲ ਹਸਪਤਾਲ ’ਚ ਨਜ਼ਰਬੰਦ ਕੀਤਾ ਹੋਇਆ ਸੀ, ਨੂੰ ਅੱਜ ਪੁਲੀਸ ਨੇ ਰਿਹਾਅ ਕਰ ਦਿੱਤਾ ਹੈ।
ਵੀਰਵਾਰ ਰਾਤ ਨੂੰ ਪੁਲੀਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਉਨ੍ਹਾਂ ਨੂੰ ਘਰ ਭੇਜ ਦਿੱਤਾ। ਬਾਪੂ ਸੂਰਤ ਸਿੰਘ ਖਾਲਸਾ 16 ਜਨਵਰੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਹੋਏ ਸਨ। ਉਨ੍ਹਾਂ ਨੂੰ ਪੁਲੀਸ ਨੇ ਫਰਵਰੀ ਮਹੀਨੇ ’ਚ ਹਾਲਤ ਵਿਗੜੀ ਦੇਖ ਕੇ ਇਲਾਜ ਲੲੀ ਜਬਰੀ ਹਸਪਤਾਲ ਦਾਖਲ ਕਰਵਾਇਆ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲਾਂ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਅਤੇ ਬਾਅਦ ਵਿੱਚ ਅੰਬਾਲਾ ਵਿੱਚ ਭੁੱਖ ਹੜਤਾਲ ‘ਤੇ ਬੈਠਣ ਵਾਲੇ ਭਾਈ ਗੁਰਬਖਸ਼ ਸਿੰਘ ਵੱਲੋਂ ਸੰਘਰਸ਼ ਨੂੰ ਅੱਧਵਾਟੇ ਛੱਡਣ ਤੋਂ ਬਾਅਦ ਬਾਪੂ ਸੂਰਤ ਸਿੰਘ ਨੇ 16 ਜਨਵਰੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ।
ਅਮਰੀਕਾ ਦੀ ਨਾਗਰਿਕਤਾ ਪ੍ਰਾਪਤ ਉਨ੍ਹਾਂ ਦੇ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ ਜੋ ਆਪਣੇ ਪਿਤਾ ਜੀ ਦੀ ਸਿਹਤ ਸੰਭਾਲ ਲਈ ਭਾਰਤ ਆਏ ਸਨ, ਉਨ੍ਹਾਂ ਨੂੰ ਵੀ ਝੂਠੇ ਦੋਸਾਂ ਅਧੀਨ ਗ੍ਰਿਫਤਾਰ ਕਰਕੇ ਜੇਲ ਵਿੱਚ ਬੰਦ ਕੀਤਾ ਹੋਇਆ ਹੈ।