ਸ੍ਰੀਨਗਰ (23 ਅਪ੍ਰੈਲ, 2014): ਕਸ਼ਮੀਰੀ ਅਜ਼ਾਦੀ ਦੇ ਹਮਾਇਤੀ ਆਗੂ ਮਸਰਤ ਆਲਮ ਭੱਟ ‘ਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਖਤ ਜਨ ਸੁਰੱਖਿਆ ਕਾਨੂੰਨ (ਪੀ. ਐਸ. ਏ.) ਲਾਗੂ ਕੀਤਾ ਤੇ ਉਸ ਨੂੰ ਘਾਟੀ ਤੋਂ ਜੰਮੂ ਦੀ ਇਕ ਜੇਲ੍ਹ ‘ਚ ਭੇਜ ਦਿੱਤਾ ਗਿਆ ।

ਪੀ. ਐਸ. ਏ. ਤਹਿਤ ਕਿਸੇ ਵਿਅਕਤੀ ਨੂੰ ਸੁਣਵਾਈ ਬਿਨਾਂ ਜ਼ਿਆਦਾਤਰ ਛੇ ਮਹੀਨੇ ਤੱਕ ਜੇਲ੍ਹ ‘ਚ ਬੰਦ ਰੱਖਿਆ ਜਾ ਸਕਦਾ ਹੈ । ਕਿਹਾ ਜਾ ਰਿਹਾ ਹੈ ਕਿ ਮਸਰਤ ਨੂੰ 2 ਸਾਲ ਤੱਕ ਜ਼ਮਾਨਤ ਨਹੀਂ ਮਿਲ ਸਕਦੀ । ਭੱਟ ਨੂੰ ਹੁਰੀਅਤ ਕਾਨਫਰੰਸ ਦੇ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਵੱਲੋਂ ਕਰਵਾਈ ਰੈਲੀ ‘ਚ ਰਾਸ਼ਟਰ ਵਿਰੋਧੀ ਨਾਅਰੇ ਲਾਉਣ ਅਤੇ ਪਾਕਿਸਤਾਨੀ ਝੰਡਾ ਲਹਿਰਾਉਣ ਬਾਅਦ ਦੇਸ਼ ਧਰੋਹ ਅਤੇ ਰਾਜ ਧਰੋਹ ਦੇ ਦੋਸ਼ ‘ਚ 17 ਅਪ੍ਰੈਲ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ।
ਹੁਰੀਅਤ ਕਾਨਫਰੰਸ ਦੇ ਗਿਲਾਨੀ ਧੜੇ ਨੇ ਮਸਰਤ ਆਲਮ ‘ਤੇ ਮੁੜ ਪੀ.ਐਸ.ਏ. ਲਾ ਕੇ ਜੰਮੂ ਦੀ ਕੋਟਭਲਵਾਲ ਜੇਲ੍ਹ ਤਬਦੀਲ ਕਰਨ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਨਮਾਜ਼ ਦੇ ਬਾਅਦ ਸਮੱੁਚੀ ਵਾਦੀ ‘ਚ ਪ੍ਰਦਰਸ਼ਨ ਕਰਨ ਅਤੇ ਸਨਿਚਰਵਾਰ ਨੂੰ ਕਸ਼ਮੀਰ ਬੰਦ ਦਾ ਸੱਦਾ ਦਿੱਤਾ ਹੈ ।