ਚੰਡੀਗੜ੍ਹ: ਬੀਤੇ ਕਲ੍ਹ ਚੰਡੀਗੜ੍ਹ ਦੇ ਸੈਕਟਰ 43 ਸਥਿਤ ਅੰਤਰਰਾਜੀ ਬੱਸ ਅੱਡੇ ਨਜ਼ਦੀਕ ਪੁਲਿਸ ਵਲੋਂ ਇਕ ਕਾਰਵਾਈ ਵਿਚ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਕਾਰਵਾਈ ਤੋਂ ਬਾਅਦ ਪੱਤਰਕਾਰ ਮਿਲਣੀ ਦੌਰਾਨ ਪੰਜਾਬ ਪੁਲਿਸ ਅਫਸਰਾਂ ਨੇ ਦਾਅਵਾ ਕੀਤਾ ਕਿ ਦਿਲਪ੍ਰੀਤ ਨੂੰ ਇਕ ਮੁਕਾਬਲੇ ਵਿਚ ਗ੍ਰਿਫਤਾਰ ਕੀਤਾ ਗਿਆ ਜਿਸ ਦੌਰਾਨ ਦਿਲਪ੍ਰੀਤ ਵਲੋਂ ਭੱਜਣ ਦੀ ਕੋਸ਼ਿਸ਼ ਦੌਰਾਨ ਚਲਾਈ ਗੋਲੀ ਦੇ ਜਵਾਬ ਵਿਚ ਪੁਲਿਸ ਵਲੋਂ ਚਲਾਈ ਗੋਲੀ ਉਸਦੇ ਪੱਟ ਵਿਚ ਲੱਗੀ। ਪਰ ਦਿਲਪ੍ਰੀਤ ਦੇ ਪਰਿਵਾਰ ਨੇ ਪੁਲਿਸ ਦੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਦਿਲਪ੍ਰੀਤ ਆਤਮ-ਸਮਰਪਣ ਕਰਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਮੀਡੀਆ ਜ਼ਰੀਏ ਦਿਲਪ੍ਰੀਤ ਨੂੰ ਆਤਮ-ਸਮਰਪਣ ਕਰਨ ਦੀ ਵਾਰ-ਵਾਰ ਕੀਤੀ ਗਈ ਅਪੀਲ ਦਾ ਉਸ ਉੱਤੇ ਕਾਫ਼ੀ ਅਸਰ ਹੋਇਆ ਸੀ।

ਦਿਲਪ੍ਰੀਤ ਦੀ ਮਾਂ ਅਤੇ ਭੈਣ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਉੱਤੇ ਦਰਜ ਸਾਰੇ ਮਾਮਲਿਆਂ ਦੀ ਨਿਰਪੱਖ ਜਾਂਚ ਹੋਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਦਿਲਪ੍ਰੀਤ ਦੇ ਅਪਰਾਧ ਦੀ ਦੁਨੀਆ ’ਚ ਦਾਖ਼ਲ ਹੋਣ ਪਿੱਛੇ ਪਿੰਡ ਦੇ ਹੀ ਕੁਝ ਵਿਅਕਤੀਆਂ ਦੀ ਭੂਮਿਕਾ ਰਹੀ ਹੈ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਪਰਿਵਾਰ ਨੂੰ ਦਿਲਪ੍ਰੀਤ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ।
ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਲੋਂ ਇਸ ਘਟਨਾ ਸਬੰਧੀ ਜਾਰੀ ਬਿਆਨ ਕਿਹਾ ਗਿਆ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਵਾਸੀ ਪਿੰਡ ਢਾਹਾਂ ਜਿਲਾ ਰੂਪਨਗਰ ਨੂੰ ਅੱਜ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਜਲੰਧਰ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਚੰਡੀਗੜ੍ਹ ਦੇ 43 ਸੈਕਟਰ ਬੱਸ ਅੱਡੇ ਨੇੜਿਓਂ ਇੱਕ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਜਿਸ ਦੌਰਾਨ ਉਹ ਜ਼ਖਮੀ ਵੀ ਹੋ ਗਿਆ ਅਤੇ ਹੁਣ ਉਸ ਨੂੰ ਜਖ਼ਮੀ ਹਾਲਤ ਵਿਚ ਪੀ.ਜੀ.ਆਈ ਚੰਡੀਗੜ ਵਿਖੇ ਦਾਖਲ ਕਰਵਾਇਆ ਗਿਆ ਹੈ।
ਚੰਡੀਗੜ੍ਹ ਵਿੱਚ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਵਰਿੰਦਰ ਪਾਲ ਸਿੰਘ ਏ.ਆਈ.ਜੀ ਐਸ.ਐਸ.ਓ.ਸੀ ਮੋਹਾਲੀ ਨੇ ਦਾਅਵਾ ਕੀਤਾ ਕਿ ਜਲੰਧਰ ਪੁਲਿਸ ਨੂੰ ਮਿਲੀ ਇਤਲਾਹ ਤੋਂ ਪੰਜਾਬ ਵਿੱਚ ਕਤਲ ਵਰਗੇ ਸੰਗੀਨ ਕਰੀਬ 25 ਜੁਰਮਾਂ ਵਿਚ ਲੋੜੀਦੇ ਇਸ ਗੈਂਗਸਟਰ ਦੇ ਚੰਡੀਗੜ੍ਹ ਅਤੇ ਹਰਿਆਣਾ ਦੇ ਨੇੜਲੇ ਇਲਾਕਿਆ ਵਿਚ ਹੋਣ ਦੀ ਪੁਸ਼ਟੀ ਹੋਈ ਸੀ।

ਪੁਲਿਸ ਅਫਸਰਾਂ ਨੇ ਦਾਅਵਾ ਕੀਤਾ ਕਿ ਪੱਕੀ ਸੂਚਨਾ ਦੇ ਆਧਾਰ ਉੱਤੇ ਜਲੰਧਰ ਦੇ ਡੀ.ਐਸ.ਪੀ ਮੁਕੇਸ਼ ਕੁਮਾਰ ਅਤੇ ਸੀ.ਆਈ.ਏ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਸਮੇਤ ਪੁਲਿਸ ਪਾਰਟੀ ਨੂੰ ਸਟੇਟ ਸਪੈਸਲ ਓਪਰੇਸ਼ਨ ਸੈਲ ਦੀ ਇੱਕ ਸਾਝੀ ਟੀਮ ਤਿਆਰ ਕੀਤੀ ਗਈ ਜਿਸ ਵਿਚ ਡੀ.ਐਸ.ਪੀ ਤਜਿੰਦਰ ਸਿੰਘ, ਡੀ.ਐਸ.ਪੀ ਰਕੇਸ ਯਾਦਵ, ਇੰਸਪੈਕਟਰ ਗੁਰਚਰਨ ਸਿੰਘ, ਇੰਸਪੈਕਟਰ ਭਪਿੰਦਰ ਸਿੰਘ ਦੀ ਨਿਗਰਾਨੀ ਹੇਠ ਚੰਡੀਗੜ ਦੇ ਸੈਕਟਰ 43 ਬੱਸ ਸਟੈਂਡ ਦੇ ਪਿਛਲੇ ਪਾਸੇ ਦਿਲਪ੍ਰੀਤ ਸਿੰਘ ਉਰਫ ਬਾਬਾ ਮਾਰੂਤੀ ਸਵਿਫਟ ਡਿਜਾਇਰ ਗੱਡੀ ਨੰਬਰ ਐਚ.ਆਰ 04 ਜੀ 0834 ਵਿੱਚ ਆਇਆ। ਉਸ ਨੂੰ ਪੁਲਿਸ ਪਾਰਟੀ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਪਾਰਟੀ ਦੀ ਗੱਡੀ ਇਸ ਦੀ ਕਾਰ ਵਿੱਚ ਵੱਜੀ ਤਾਂ ਦਿਲਪ੍ਰੀਤ ਕਾਰ ਵਿੱਚੋਂ ਨਿੱਕਲ ਕੇ ਪੁਲਿਸ ਪਾਰਟੀ ਉੱਤੇ ਫਾਇਰ ਕਰਦਾ ਹੋਇਆ ਭੱਜਣ ਲੱਗਾ ਜਿਸ ਦੇ ਜਵਾਬੀ ਫਾਇਰ ਕਰਨ ‘ਤੇ ਦਿਲਪ੍ਰੀਤ ਸਿੰਘ ਜਖ਼ਮੀ ਹੋ ਗਿਆ। ਪੁਲਿਸ ਟੀਮ ਨੇ ਉਸ ਨੂੰ ਜਖ਼ਮੀ ਹਾਲਤ ਵਿਚ ਪੀ.ਜੀ.ਆਈ ਚੰਡੀਗੜ ਵਿਖੇ ਦਾਖਲ ਕਰਵਾਇਆ।
ਉਨਾਂ ਦੱਸਿਆ ਕਿ ਮੌਕੇ ਤੋਂ ਉਸ ਦੀ ਗੱਡੀ ਅਤੇ ਇਸ ਦੁਆਰਾ ਇਸਤੇਮਾਲ ਕੀਤਾ ਹੋਇਆ ਅਸਲਾ ਜਿਸ ਵਿੱਚ ਇੱਕ ਪਿਸਟਲ 30 ਬੋਰ ਲੋਡਿਡ ਸਮੇਤ ਕਾਰਤੂਸ, ਇੱਕ 30 ਬੋਰ ਰਾਈਫਲ ਅਤੇ 28 ਕਾਰਤੂਸ, 12 ਬੋਰ ਦੇ 59 ਕਾਰਤੂਸ, ਇੱਕ ਬੈਲਟ ਕਾਰਤੂਸਾਂ ਵਾਲੀ, ਇੱਕ ਨਕਲੀ ਦਾੜੀ-ਮੁੱਛਾਂ, ਦੋ ਜਾਅਲੀ ਨੰਬਰ ਪਲੇਟਾਂ, ਤਿੰਨ ਹਾਕੀਆਂ, ਇੱਕ ਰਾਡ ਬਰਾਮਦ ਹੋਈ ਹੈ।
ਪੁਲਿਸ ਨੇ ਦਾਅਵਾ ਕੀਤਾ ਕਿ ਦਿਲਪ੍ਰੀਤ ਅੱਜ-ਕੱਲ੍ਹ ਪੰਜਾਬ ਅਤੇ ਹੋਰ ਰਾਜਾ ਵਿਚ ਚਿੱਟਾ ਅਤੇ ਹੋਰ ਗੋਲੀ-ਸਿੱਕਾ ਗੈਗਸਟਰਾਂ ਨੂੰ ਸਪਲਾਈ ਕਰਦਾ ਹੈ ਅਤੇ ਇਸ ਨੇ ਆਪਣੀ ਠਾਹਰ ਬਾਹਰਲੇ ਸੂਬਿਆਂ ਤੋਂ ਇਲਾਵਾ ਪੰਜਾਬ ਵਿਚ ਰੁਪਿੰਦਰ ਕੌਰ ਪੁੱਤਰੀ ਚਰਨ ਦਾਸ ਵਾਸੀ ਮਕਾਨ ਨੰ: 2567 ਸੈਕਟਰ 38, ਚੰਡਗੜ੍ਹ ਅਤੇ ਹਰਪ੍ਰੀਰਤ ਕੌਰ ਪੁੱਤਰੀ ਚਰਨ ਦਾਸ ਵਾਸੀ ਵਾਹਿਗੁਰੂ ਨਗਰ ਨਵਾਂਸਹਿਰ, ਜੋ ਕਿ ਦੋਵੇਂ ਭੈਣਾਂ ਹਨ, ਪਾਸ ਬਣਾਈ ਹੋਈ ਹੈ ਅਤੇ ਇਸ ਨੂੰ ਆਪਣੇ ਪਾਸ ਪਨਾਹ ਦਿੱਤੀ ਹੋਈ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦਿਲਪ੍ਰੀਤ ਸਿੰਘ ਆਪਣੇ ਹਥਿਆਰ ਅਤੇ ਗੋਲੀ ਸਿੱਕਾ, ਹੈਰੋਇਨ ਹੋਰ ਨਸ਼ੀਲੇ ਪਦਾਰਥ ਆਦਿ ਇਹਨਾਂ ਦੇ ਘਰਾਂ ਦੇ ਵਿਚ ਹੀ ਰੱਖ ਕੇ ਆਪਣਾ ਨੈਟਵਰਕ ਚਲਾ ਰਿਹਾ ਹੈ।
ਉਨਾਂ ਦੱਸਿਆ ਕਿ ਇਨਾਂ ਪੁਖਤਾ ਸਬੂਤਾਂ ਅਤੇ ਬਰਾਮਦਗੀਆਂ ਦੇ ਆਧਾਰ ਉੱਤੇ ਇਹਨਾਂ ਸਾਰਿਆਂ ਦੇ ਖਿਲਾਫ ਐਫ.ਆਈ.ਆਰ ਨੰਬਰ 03, ਮਿਤੀ 09-07-2018 ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 22, ਅਸਲਾ ਕਾਨੂੰਨ ਦੀ ਧਾਰਾ 25, 54, 59 ਅਤੇ ਆਈ.ਪੀ.ਸੀ ਦੀ ਧਾਰਾ 212, 216 ਤਹਿਤ ਥਾਣਾ ਐਸ.ਐਸ.ਓ.ਸੀ ਮੋਹਾਲੀ ਵਿਖੇ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਪੁਲਿਸ ਪਾਰਟੀ ਨੇ ਮੌਕੇ ‘ਤੇ ਨਵਾਂ ਸਹਿਰ ਵਿਖੇ ਰੇਡ ਕਰਕੇ ਇੱਕ ਬੋਰ ਪੰਪ ਐਕਸ਼ਨ ਰਾਈਫਲ, ਇੱਕ ਪਿਸਟਲ ਸਮੇਤ 40 ਕਾਰਤੂਸ, ਇੱਕ ਕਿਲੋ ਹੈਰੋਇਨ, ਇੱਕ ਇਲੈਕਟਰਾਨਿਕ ਕੰਡਾ ਅਤੇ ਫੋਨ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ।
ਪੁਲਿਸ ਅਫਸਰਾਂ ਨੇ ਦੱਸਿਆ ਕਿ ਦਿਲਪ੍ਰੀਤ ਚੰਡੀਗੜ੍ਹ ਵਿੱਚ ਹੀ ਪਿਛਲੇ ਦੋ ਸਾਲਾਂ ਤੋਂ ਸੈਕਟਰ 38 ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਹਦੂਦ ਵਿੱਚ ਹੋਣ ਕਾਰਨ ਉਨ੍ਹਾਂ ਚੰਡੀਗੜ੍ਹ ਪੁਲਿਸ ਤੋਂ ਸਹਿਯੋਗ ਵੀ ਲਿਆ ਸੀ। ਉਨਾਂ ਇਹ ਵੀ ਦੱਸਿਆ ਕਿ ਅਜੇ ਦਿਲਪ੍ਰੀਤ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਹਾਲੇ ਉਹ ਇਲਾਜ ਅਧੀਨ ਹੈ।
