ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਸਿਲੇਬਸ ਦਾ ਜਾਇਜ਼ਾ ਲੈਣ ਅਤੇ ਮੁੜ ਲਿਖਣ ਬਾਰੇ ਕਮੇਟੀ ਦਾ ਗਠਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਕੀਤਾ ਸੀ: ਕੈਪਟਨ

May 6, 2018 | By

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਛਾਪੀ ਜਾ ਰਹੀ 12ਵੀਂ ਜਮਾਤ ਦੀ ਇਤਿਹਾਸ ਵਿਸ਼ੇ ਦੀ ਵਿਵਾਦਿਤ ਕਿਤਾਬ ਬਾਰੇ ਪੱਖ ਰਖਦਿਆਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਅਗਵਾਈ ਵਾਲੀ ਪਿਛਲੀ ਸਰਕਾਰ ‘ਤੇ ਉਂਗਲ ਚੁਕਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਿਆਰਵੀਂ ਅਤੇ ਬਾਰਵ੍ਹੀਂ ਦੇ ਇਤਿਹਾਸ ਦੇ ਪਾਠਕ੍ਰਮ (ਸਿਲੇਬਸ) ਸਬੰਧੀ ਪੈਦਾ ਹੋਏ ਵਿਵਾਦ ਦੀ ਰੋਸ਼ਨੀ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਨੂੰ ਸੋਧਣ ਅਤੇ ਮੁੜ ਲਿਖਣ ਬਾਰੇ ਸਥਾਪਤ ਕੀਤੀ ਕਮੇਟੀ ’ਤੇ ਨਜ਼ਰਸਾਨੀ ਕਰਨਗੇ ਅਤੇ ਜੇ ਜ਼ਰੂਰਤ ਪਈ ਤਾਂ ਨਵੀਂ ਕਮੇਟੀ ਦਾ ਗਠਨ ਵੀ ਕਰਨਗੇ।

ਅੱਜ ਇੱਥੇ ਪੰਜਾਬ ਮੰਚ ਵੱਲੋਂ ਆਯੋਜਿਤ ਇਕ ਕਨਕਲੇਵ ਵਿੱਚ ਇੰਡੀਆ ਨਿਊਜ਼ ਗਰੁੱਪ ਦੇ ਐਮ.ਡੀ. ਅਤੇ ਐਡੀਟਰ ਇਨ ਚੀਫ ਕਰਤਿਕੇਯਾ ਸ਼ਰਮਾ ਅਤੇ ਦੀਪਕ ਚੌਰਸੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਵਿਵਾਦ ਦਾ ਕੇਂਦਰ ਰਹੇ ਇਤਿਹਾਸ ਦੇ ਸਿਲੇਬਸ ਵਿੱਚ ਜੇ ਗਲਤੀਆਂ ਹੋਈਆਂ ਤਾਂ ਉਸ ਕਮੇਟੀ ਵੱਲੋਂ ਉਨ੍ਹਾਂ ਦੀ ਤਸਦੀਕ ਕੀਤੀ ਜਾ ਸਕੇਗੀ ਜੋ ਕਿ ਬਾਦਲ ਸਰਕਾਰ ਨੇ ਐਨ.ਸੀ.ਈ.ਆਰ.ਟੀ. ਦੇ ਸਿਲੇਬਸ ਨਾਲ ਇਸ ਸਿਲੇਬਸ ਨੂੰ ਜੋੜਨ ਦਾ ਜਾਇਜ਼ਾ ਲੈਣ ਵਾਸਤੇ ਗਠਿਤ ਕੀਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਜੇ ਸਿਲੇਬਸ ਵਿਚ ਕੋਈ ਗਲਤੀਆਂ ਮਿਲੀਆਂ ਤਾਂ ਉਨ੍ਹਾਂ ਨੂੰ ਸੋਧਣ ਲਈ ਢੁੱਕਵੇਂ ਕਦਮ ਚੁੱਕਣ ਵਾਸਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜੇ ਜ਼ਰੂਰਤ ਪਈ ਤਾਂ ਇਤਿਹਾਸ ਦੀਆਂ ਕਿਤਾਬਾਂ ਦਾ ਮੁੜ ਜਾਇਜ਼ਾ ਲੈਣ ਵਾਸਤੇ ਨਵੀਂ ਕਮੇਟੀ ਵੀ ਗਠਿਤ ਕੀਤੀ ਜਾਵੇਗੀ।

ਸਕੂਲ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਸਿੱਖ ਗੁਰੂਆਂ ਦੇ ਅਹਿਮ ਅਧਿਆਇ ਕਥਿਤ ਤੌਰ ਤੇ ਕੱਢ ਦਿੱਤੇ ਜਾਣ ਦੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਨਵੇਂ ਸਿਲੇਬਸ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ ਜਦ ਕਿ ਇਸ ਕਮੇਟੀ ਨੂੰ ਅਸਲ ਵਿੱਚ ਇਸ ਵੱਲੋਂ ਹੀ ਗਠਿਤ ਕੀਤਾ ਗਿਆ ਸੀ ਜਿਸ ਨੇ ਸਕੂਲ ਦੇ ਸਿਲੇਬਸ ’ਤੇ ਮੁੜ ਕਾਰਜ ਕੀਤਾ ਹੈ।

ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਿੱਖ ਇਤਿਹਾਸ ਨੂੰ ਪੜ੍ਹਨ ਲਈ ਪਰੇਸ਼ਾਨ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਗਿਆਰਵੀਂ ਕਲਾਸ ਦੇ ਇਤਿਹਾਸ ਦੀ ਜਿਸ ਕਿਤਾਬ ਨੂੰ ਮੁੱਦਾ ਬਣਾ ਕੇ ਵਿਰੋਧੀ ਧਿਰ ਵੱਲੋਂ ਹਮਲੇ ਕੀਤੇ ਜਾ ਰਹੇ ਹਨ, ਉਹ ਤਾਂ ਅਜੇ ਤੱਕ ਜਾਰੀ ਹੀ ਨਹੀਂ ਕੀਤੀ ਗਈ। ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਿਤਾਬ ਜਾਰੀ ਹੋਣ ਤੋਂ ਪਹਿਲਾਂ ਹੀ ਕੋਈ ਵਿਅਕਤੀ ਇਸ ਦੇ ਵਿਸ਼ਾ-ਵਸਤੂ ਬਾਰੇ ਅਨੁਮਾਨ ਕਿਸ ਤਰ੍ਹਾਂ ਲਾ ਸਕਦਾ ਹੈ।

ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਤੋਂ ਬਾਹਰ ਹੋਣ ਵੇਲੇ ਧਰਮ ਨੂੰ ਵਰਤਣਾ ਅਕਾਲੀਆਂ ਦੀ ਆਦਤ ਹੈ ਪਰ ਜਦੋਂ ਉਹ ਸੱਤਾ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਧਰਮ ਦੇ ਸਿਆਸੀਕਰਨ ਕਰਕੇ ਹਰੇਕ ਵਾਰ ਪੰਜਾਬ ਦੇ ਲੋਕਾਂ ਨੂੰ ਇਸ ਦਾ ਵੱਡਾ ਮੁੱਲ ਤਾਰਨਾ ਪਿਆ ਹੈ।

ਇਕ ਵਾਰ ਫੇਰ ਸਿੱਖ ਹੱਕਾਂ ਲਈ ਲਗਾਤਾਰ ਉੱਠਦੀਆਂ ਅਵਾਜ਼ਾਂ ਨੂੰ ਗੜਬੜ ਨਾਲ ਜੋੜਦਿਆਂ ਕੈਪਟਨ ਨੇ ਕਿਹਾ ਕਿ ਨੌਜਵਾਨਾਂ ਨੂੰ ਗਰਮਖ਼ਿਆਲੀ ਬਣਾ ਕੇ ਸੂਬੇ ਵਿੱਚ ਗੜਬੜੀ ਪੈਦਾ ਕਰਨ ਲਈ ਭਾਰਤ ਵਿਰੋਧੀ ਤੱਤਾਂ ਖਾਸਕਰ ਪਾਕਿਸਤਾਨ ਦੀ ਆਈ.ਐਸ.ਆਈ. ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕੈਪਟਨ ਨੇ ਕਿਹਾ ਕਿ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸੂਬਾ ਪੁਲਿਸ ਹਮੇਸ਼ਾ ਹੀ ਤਿਆਰ ਹੈ। ਸਿਆਸੀ ਆਗੂਆਂ ਦੀਆਂ ਮਿੱਥ ਕੇ ਹੱਤਿਆਵਾਂ ਕਰਨ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਾਰੇ ਦੇ ਸਾਰੇ ਸੱਤ ਮੁੱਖ ਮਾਮਲਿਆਂ ਵਿਰੁੱਧ ਪੰਜਾਬ ਪੁਲਿਸ ਨੇ ਤਿੱਖੀ ਕਾਰਵਾਈ ਕੀਤੀ ਹੈ।

ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ 10.25 ਲੱਖ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਹ ਨਵੰਬਰ ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋਣ ਤੇ ਕਿਸਾਨਾਂ ਦੀ ਭਲਾਈ ਵਾਸਤੇ ਹੋਰ ਪ੍ਰੋਗਰਾਮ ਚਲਾਏ ਜਾਣਗੇ।

ਕਾਂਗਰਸ ਸਰਕਾਰ ਦੇ ਪਿਛਲੇ ਕਾਲ ਦੌਰਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂ ਨੂੰ ਬਾਦਲ ਸਰਕਾਰ ਵੱਲੋਂ ਰੋਕ ਦੇਣ ਲਈ ਮੁੱਖ ਮੰਤਰੀ ਨੇ ਤਿੱਖੀ ਆਲੋਚਣਾ ਕੀਤੀ। ਉਨ੍ਹਾਂ ਨੇ ਇਸ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਲ 2007 ਵਿੱਚ ਰਿਲਾਇੰਸ ਨਾਲ ਸਮਝੌਤਾ ਕੀਤਾ ਸੀ ਜਿਸ ਦੇ ਹੇਠ ਬਹੁਤ ਸਾਰੇ ਵਿਭਿੰਨਤਾ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਵਾਸਤੇ ਟ੍ਰਾਇਲ ਆਰੰਭ ਕੀਤੇ ਸਨ ਪਰ ਸ਼੍ਰੋਮਣੀ ਅਕਾਲੀ ਦੱਲ-ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਰੋਕ ਦਿੱਤੇ।

ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ਬੋਲੇ ਗਏ ਹੱਲੇ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ 52000 ਤੋਂ ਵੱਧ ਲੋਕ ਨਸ਼ਿਆਂ ਦੇ ਧੰਦੇ ਵਿੱਚ ਜੁੜੇ ਸਨ ਅਤੇ ਇਨ੍ਹਾਂ ਨੂੰ ਸੂਬਾ ਪੁਲਿਸ ਨੇ ਨੱਪ ਲਿਆ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਮੱਛੀਆਂ ਦੇਸ਼ ਵਿੱਚੋਂ ਫਰਾਰ ਹੋ ਗਈਆਂ ਹਨ ਪਰ ਉਹ ਅਜੇ ਵੀ ਪੁਲਿਸ ਦੇ ਰਡਾਰ ’ਤੇ ਹਨ ਜਿਨ੍ਹਾਂ ਨੂੰ ਛੇਤੀ ਫੜ ਲਿਆ ਜਾਵੇਗਾ।

ਗਾਰਡੀਅਨਜ਼ ਆਫ ਗਵਰਨੈਂਸ (ਜੀ.ਓ.ਜੀ) ਪ੍ਰੋਗਰਾਮ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਪ੍ਰੋਗਰਾਮਾਂ ਦੀ ਡਲਿਵਰੀ ਨੂੰ ਦਰੁਸਤ ਕਰਨ ਅਤੇ ਇਸ ਤੋਂ ਵਧੀਆ ਨਤੀਜੇ ਕੱਢਣ ਲਈ ਪਹਿਲਾਂ ਹੀ ਪਹਿਲਕਦਮੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਾਲ 2000 ਹੋਰ ਜੀ.ਓ.ਜੀਜ਼ ਸੇਵਾਵਾਂ ਵਿੱਚ ਸ਼ਾਮਲ ਕੀਤੇ ਜਾਣਗੇ ਜਿਸ ਨਾਲ ਉਨ੍ਹਾਂ ਦੀ ਗਿਣਤੀ 5000 ਹੋ ਜਾਵੇਗੀ।

ਸੂਬੇ ਵਿੱਚ ਰੋਜ਼ਗਾਰ ਦੀ ਸਥਿਤੀ ਵਿਚ ਸੁਧਾਰ ਲਿਆਉਣ ਲਈ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 150 ਤੋਂ ਵੱਧ ਸਹਿਮਤੀ ਪੱਤਰਾਂ ’ਤੇ ਸਹੀ ਪਾਈ ਜਾ ਚੁੱਕੀ ਹੈ ਅਤੇ 6 ਹਜ਼ਾਰ ਕਰੋੜ ਰੁਪਏ ਦੇ ਕਰੀਬ ਨਿਵੇਸ਼ ਹੋ ਚੁੱਕਾ ਹੈ ਜਿਸ ਦੇ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੋਰ ਨਿਵੇਸ਼ ਆ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਰੋਜ਼ਗਾਰ ਪੈਦਾ ਕਰਨ ਅਤੇ ਸਵੈ-ਉੱਦਮ ਦੇ ਰਾਹੀਂ ਘਰ-ਘਰ ਰੋਜ਼ਗਾਰ ਮੁਹੱਈਆ ਕਰਾਉਣ ਲਈ ਆਪਣਾ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,