March 19, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਜੋੜ-ਤੋੜ ਦੀਆਂ ਤਿਆਰੀਆਂ ਅਰੰਭ ਹੋ ਗਈਆਂ ਹਨ ਤੇ ਤੀਜੀ ਧਿਰ ਉਭਰਣ ਦੇ ਸੰਕੇਤ ਮਿਲ ਰਹੇ ਹਨ। ਭਾਜਪਾ ਨੂੰ ਚੁਣੌਤੀ ਦੇਣ ਲਈ ਕਾਂਗਰਸ ਤੋਂ ਮੁਕਤ ਗਠਜੋੜ ਬਣਾਉਣ ਲਈ ਅੱਜ ਕੋਲਕੱਤਾ ਵਿਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਲਾਕਾਤ ਕੀਤੀ।
ਦੋਵੇਂ ਆਗੂਆਂ ਦਰਮਿਆਨ ਇਹ ਬੈਠਕ ਲਗਭਗ 2 ਘੰਟੇ ਚੱਲੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਓ ਨੇ ਦੱਸਿਆ ਕਿ ਮੀਟਿੰਗ ਵਿਚ ਕਾਂਗਰਸ-ਮੁਕਤ ਅਤੇ ਭਾਜਪਾ ਮੁਕਤ ਗਠਜੋੜ ਬਣਾਉਣ ਲਈ ਵਿਚਾਰ ਕੀਤੀ ਗਈ।
ਰਾਓ ਨੇ ਕਿਹਾ ਕਿ ਲੋਕਾਂ ਦੀ ਇੱਛਾ ਮੁਤਾਬਿਕ ਇਹ ਫੈਂਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗਠਜੋੜ ਦਾ ਅਜੈਂਡਾ ਪਹਿਲਾਂ ਚਲਦੇ ਆਏ ਗਠਜੋੜਾਂ ਤੋਂ ਵੱਖਰਾ ਹੋਵੇਗਾ। ਰਾਓ ਨੇ ਕਿਹਾ, “ਇਹ ਸਿਰਫ ਕੁਝ ਰਾਜਨੀਤਕ ਪਾਰਟੀਆਂ ਦਾ ਰਾਜਨੀਤਕ ਗਠਜੋੜ ਨਹੀਂ ਹੋਵੇਗਾ। ਇਹ ਲੋਕਾਂ ਦਾ ਫਰੰਟ ਬਣੇਗਾ। ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਹੁਣ ਦੇਸ਼ ਵਿਚ ਵੱਡੇ ਬਦਲਾਅ ਦੀ ਲੋੜ ਹੈ।”
ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਸਿਰਫ ਸ਼ੁਰੂਆਤ ਹੈ ਅਤੇ ਅਗਲੀ ਮੀਟਿੰਗ ਵਿਚ ਹੋਰ ਆਗੂ ਵੀ ਸ਼ਾਮਿਲ ਹੋਣਗੇ।
ਇਸ ਗਠਜੋੜ ਨੂੰ ਸਿਰੇ ਚੜਾਉਣ ਲਈ ਮੁੱਖ ਭੂਮਿਕਾ ਨਿਭਾ ਰਹੀ ਮਮਤਾ ਬੈਨਰਜੀ ਵਲੋਂ ਭਾਜਪਾ ਨਾਲੋਂ ਵੱਖ ਹੋਈ ਟੀਡੀਪੀ ਦੇ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨਾਲ ਵੀ ਸੰਪਰਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਨਸੀਪੀ ਆਗੂ ਸ਼ਰਦ ਪਵਾਰ ਵੀ ਬੈਨਰਜੀ ਨਾਲ ਸੰਪਰਕ ਵਿਚ ਹਨ ਤੇ ਅਗਲੇ ਹਫਤੇ ਦਿੱਲੀ ਵਿਚ ਹੋਣ ਵਾਲੀ ਮੀਟਿੰਗ ਵਿਚ ਸ਼ਾਮਿਲ ਹੋ ਸਕਦੇ ਹਨ।
Related Topics: K Chandrasekhar Rao, Mamata Banerjee