June 11, 2017 | By ਸਿੱਖ ਸਿਆਸਤ ਬਿਊਰੋ
ਪਟਿਆਲਾ: ਬਾਦਲ ਦਲ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ਼ 12 ਜੂਨ ਨੂੰ ਧਰਨੇ ਦੇਣ ਦੇ ਪ੍ਰੋਗਰਾਮ ਬਣਾਇਆ ਹੈ।
ਪਟਿਆਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਿੱਖ ਪੰਥ ਖ਼ਿਲਾਫ਼ ਫ਼ੈਸਲੇ ਲੈ ਰਹੀ ਹੈ, ਜਿਸ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਦਲ ਵੱਲੋਂ ਸਮੁੱਚੇ ਪੰਜਾਬ ਵਿੱਚ ਦਿੱਤੇ ਜਾ ਰਹੇ ਧਰਨਿਆਂ ’ਚ ਸ਼ਮੂਲੀਅਤ ਕਰੇਗੀ। ਬਡੂੰਗਰ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਰਾਜ ਵਿੱਚ ਗੁਰਦੁਆਰਿਆਂ ਦੀਆਂ ਜ਼ਮੀਨਾਂ ’ਤੇ ਕਾਂਗਰਸੀ ਕਬਜ਼ੇ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਿਨਟ ਮੰਤਰੀ ਨਵਜੋਤ ਸਿੱਧੂ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੁਆਲੇ ਲਾਈਆਂ ਸਕਰੀਨਾਂ ’ਤੇ ਗੁਰਬਾਣੀ ਕੀਰਤਨ ਚੱਲਦਾ ਹੈ ਪਰ ਉਥੇ ਹੁਣ ਕੁਝ ਸ਼ਰਾਰਤੀ ਅਨਸਰ ਨਸ਼ਿਆਂ ਦੀ ਇਸ਼ਤਿਹਾਰਬਾਜ਼ੀ ਕਰ ਰਹੇ ਹਨ।
16 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜੱਥੇ ਨੂੰ ਵੀਜ਼ਾ ਅਤੇ ਹੋਰ ਕਾਗਜ਼ ਹੋਣ ਦੇ ਬਾਵਜੂਦ ਭਾਰਤ ਸਰਕਾਰ ਵਲੋਂ ਨਾ ਜਾਣ ਦੇਣ ਦੇ ਸਵਾਲ ਦੇ ਜਵਾਬ ‘ਚ ਬਡੂੰਗਰ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ (2003) ਅਤੇ ਨਵੇਂ ਕੈਲੰਡਰ (2010) ਕਰਕੇ ਗੁਰਪੁਰਬਾਂ ਦੀਆਂ ਤਰੀਕਾਂ ਦੇ ਮਸਲੇ ਨੂੰ ਪਾਕਿਸਤਾਨ ਕਮੇਟੀ ਨਾਲ ਵਿਚਾਰਾਂਗੇ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਇਸ ਸਬੰਧੀ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਚਿੱਠੀ ਵੀ ਲਿਖੀ ਹੈ।
ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ਜ਼ਿਕਰਯੋਗ ਹੈ ਕਿ ਬਾਦਲ-ਭਾਜਪਾ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ਼ ਬਹਿਬਲ ਕਲਾਂ ਵਿਖੇ ਧਰਨਾ ਦੇ ਰਹੀ ਸੰਗਤ ’ਤੇ ਪੁਲਿਸ ਨੇ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਸੀ, ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਪੰਥ ਨੂੰ ਖ਼ਤਰੇ’ ਸਬੰਧੀ ਕੁਝ ਨਹੀਂ ਕਿਹਾ ਸੀ।
Related Topics: Badal Dal, Prof. Kirpal Singh Badunger, Shiromani Gurdwara Parbandhak Committee (SGPC)