November 18, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ 69 ਉਮੀਦਵਾਰਾਂ ਦੀ ਸੂਚੀ ਉਤੇ ਪ੍ਰਤੀਕਿਰਿਆ ਜਾਹਿਰ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਭ੍ਰਿਸ਼ਟ ਮਾਫੀਆ ਅਤੇ ਪਰਿਵਾਰਵਾਦ ਨਾਲ ਭਰਪੂਰ ਕਰਾਰ ਦਿੱਤਾ ਹੈ। ਪ੍ਰੈਸ ਵਿੱਚ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਸੂਬੇ ਵਿੱਚ ਰੇਤ ਅਤੇ ਬਜਰੀ, ਕੇਬਲ, ਟ੍ਰਾਂਸਪੋਰਟ, ਅਪਰਾਧਿਕ ਪਿਛੋਕੜ ਵਾਲੇ ਅਤੇ ਨਸ਼ਾ ਮਾਫੀਆ ਨਾਲ ਸਬੰਧਿਤ ਲੋਕਾਂ ਨੂੰ ਟਿਕਟਾਂ ਨਾਲ ਨਵਾਜਿਆ ਹੈ।
ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਵਿੱਚ ਹਰ ਪ੍ਰਕਾਰ ਦੇ ਮਾਫੀਏ ਨੂੰ ਪਨਾਹ ਦੇ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ ਟਿਕਟਾਂ ਦੇ ਕੇ ਵਿਧਾਨ ਸਭਾ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਮਾਫੀਆ ਦੇ ਸਰਗਨਿਆਂ ਤੋਂ ਡਾਹਢੇ ਤੰਗ ਹਨ ਅਤੇ ਅਜਿਹੇ ਦਾਗੀ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਤੋਂ ਭਲੀ-ਭਾਂਤੀ ਜਾਣੂ ਹਨ ਕਿ ਸੂਬੇ ਵਿੱਚ ਰੇਤ ਅਤੇ ਬਜਰੀ ਦੀ ਕਾਲਾਬਜ਼ਾਰੀ ਲਈ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਵਰਦੇਵ ਸਿੰਘ ਨੋਨੀ ਮਾਨ ਅਤੇ ਸਰਬਜੀਤ ਸਿੰਘ ਮੱਕੜ ਰੇਤ ਮਾਫੀਆ ਚਲਾਉਂਦੇ ਹਨ ਅਤੇ ਗੁਰਪ੍ਰੀਤ ਰਾਜੂ ਖੰਨਾ ਵਰਗੇ ਕੇਵਲ ਮਾਫੀਆ ਕੰਟਰੋਲ ਕਰਦੇ ਹਨ। ਇਸ ਤੋਂ ਇਲਾਵਾ ਨਸ਼ਿਆਂ ਦੇ ਸਰਗਨੇ ਵਜੋਂ ਚਰਚਿਤ ਬਿਕਰਮ ਸਿੰਘ ਮਜੀਠੀਆ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਸਜਾ ਯਾਫਤਾ ਕਿਸਾਨਾਂ ਦੀ ਬਰਬਾਦੀ ਲਈ ਜ਼ਿੰਮੇਦਾਰ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਟਿਕਟ ਨਾਲ ਨਿਵਾਜ ਕੇ ਪੰਜਾਬੀਆਂ ਅਤੇ ਕਿਸਾਨਾਂ ਦਾ ਮੂੰਹ ਚਿੜਾਇਆ ਗਿਆ ਹੈ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਕੋਈ ਵੀ ਉਮੀਦਵਾਰ ਦਾਗੀ ਪਿਛੋਕੜ ਵਾਲਾ ਨਹੀਂ ਹੈ, ਜਦਕਿ ਅਕਾਲੀ ਦਲ ਦੀ ਸੂਚੀ ਵਿੱਚ ਸਾਫ ਅਕਸ ਵਾਲਾ ਉਮੀਦਵਾਰ ਲੱਭਣਾ ਮੁਸ਼ਕਿਲ ਹੀ ਨਹੀਂ, ਬਲਕਿ ਨਾਮੁਮਕਿਨ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਇੱਕ ਇਮਾਨਦਾਰ ਬਦਲ ਵਜੋਂ ਉਭਰੀ ਹੈ ਅਤੇ 2017 ਦੀਆਂ ਚੋਣਾਂ ਤੋਂ ਬਾਅਦ ਸਰਕਾਰ ਬਣਾ ਕੇ ਇਨ੍ਹਾਂ ਮਾਫੀਆ ਦੇ ਸਰਗਾਨਾਵਾਂ ਨੂੰ ਨੱਥ ਪਾਵੇਗੀ।
Related Topics: Badal Dal, Bhagwant Maan, mafia in punjab, Punjab Politics, Punjab Polls 2017