ਸਿੱਖ ਖਬਰਾਂ

ਬਠਿੰਡਾ ਵਿੱਚ ਅਕਾਲੀ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਗੱਡੀ ਨੂੰ ਸਿੱਖ ਧਰਨਾਕਾਰੀਆਂ ਨੇ ਘੇਰਿਆ

October 24, 2015 | By

ਤਲਵੰਡੀ ਸਾਬੋ (23 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸੌਦਾ ਸਾਧ ਮਾਫੀਨਾਮਾ ਅਤੇ ਬੇਅਦਬੀ ਕੇਸ ਵਿੱਚ ਅਸਲ ਦੋਸ਼ੀਆਂ ਨੂੰ ਫੜਨ ਦੀ ਬਜ਼ਾਏ  ਸਿੱਖ ਨੌਜਵਾਨਾਂ ‘ਤੇ ਝੂਠੇ ਪਰਚੇ ਦਰਜ਼ ਕਰਨ ਖਿਲਾਫ ਪੰਜਾਬ ਦੀ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਮੰਤਰੀਆਂ, ਵਿਧਾਇਕ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਹੋਰ ਆਗੂਆਂ ਦਾ ਸਿੱਖ ਸੰਗਤਾਂ ਵੱਲੋਂ ਵਿਰੋਧ ਲਗਾਤਾਰ ਜਾਰੀ ਹੈ।

ਕਾਰ ਵਿਚ ਬੈਠਾ ਸ਼੍ਰੋੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਪ੍ਰਦਰਸ਼ਨਕਾਰੀਅਾਂ ਅੱਗੇ ਹੱਥ ਜੋੜਦਾ ਹੋਿੲਆ

ਕਾਰ ਵਿਚ ਬੈਠਾ ਸ਼੍ਰੋੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਪ੍ਰਦਰਸ਼ਨਕਾਰੀਅਾਂ ਅੱਗੇ ਹੱਥ ਜੋੜਦਾ ਹੋਿੲਆ

ਅੱਜ ਤਲਵੰਡੀ ਸਾਬੋ-ਬਠਿੰਡਾ ਮੁੱਖ ਮਾਰਗ ’ਤੇ ਸਿੱਖ ਸੰਗਤ ਵੱਲੋਂ ਅੱਜ ਨੌਵੇਂ ਦਿਨ ਦਿੱਤੇ ਗਏ ਧਰਨੇ ਦੌਰਾਨ ੳੁਥੋਂ ਲੰਘ ਰਹੇ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਦੀ ਗੱਡੀ ਘੇਰ ਕੇ ਨਾਅਰੇਬਾਜ਼ੀ ਕੀਤੀ ਗੲੀ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਇੱਥੇ ਦਸਮੇਸ਼ ਸਕੂਲ ਕੋਲ ਰਜਵਾਹੇ ਦੇ ਪੁਲ ’ਤੇ ਤਲਵੰਡੀ ਸਾਬੋ-ਬਠਿੰਡਾ ਮੁੱਖ ਸੜਕ ‘ਤੇ ਪਿਛਲੇ ਨੌਂ ਦਿਨਾਂ ਤੋਂ ਲਗਾਤਾਰ ਰੋਸ ਧਰਨਾ ਜਾਰੀ ਹੈ। ਧਰਨੇ ਦੌਰਾਨ ਭਾਵੇਂ ਪਹਿਲਾਂ ਸੜਕੀ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਜਾਂਦੀ ਸੀ ਪਰ ਬੀਤੇ ਕੱਲ੍ਹ ਤੋਂ ਛੋਟੇ ਵਾਹਨਾਂ, ਮੋਟਰਸਾਈਕਲਾਂ, ਜੀਪਾਂ-ਕਾਰਾਂ ਆਦਿ ਲਈ ਇੱਕ ਪਾਸੇ ਦੀ ਆਵਾਜਾਈ ਚਾਲੂ ਰੱਖੀ ਜਾ ਰਹੀ ਹੈ।

ਅੱਜ ਬਾਅਦ ਦੁਪਹਿਰ ਧਰਨੇ ਵਾਲੀ ਥਾਂ ’ਤੇ ਸਥਿਤੀ ਉਸ ਸਮੇਂ ਗੰਭੀਰ ਬਣ ਗਈ ਜਦੋਂ ਹਲਕਾ ਬਠਿੰਡਾ ਦਿਹਾਤੀ ਦੇ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਗੱਡੀ ਵਿੱਚ ਸਵਾਰ ਹੋ ਕੇ ਚੁੱਪ-ਚੁਪੀਤੇ ਧਰਨੇ ਵਾਲੀ ਥਾਂ ਤੋਂ ਦੀ ਤਲਵੰਡੀ ਸਾਬੋ ਲਈ ਲੰਘ ਰਹੇ ਸਨ। ਧਰਨਾਕਾਰੀਆਂ ਨੇ ਗੱਡੀ ਚਲਾ ਰਹੇ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਅਮਰੀਕ ਸਿੰਘ ਕੋਟਸ਼ਮੀਰ ਨੂੰ ਪਛਾਣ ਕੇ ਗੱਡੀ ਘੇਰ ਲਈ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਧਰਨਾਕਾਰੀਆਂ ਵੱਲੋਂ ਮੌਕੇ ’ਤੇ ਕਿਰਪਾਨਾਂ ਕੱਢ ਲੈਣ ਕਾਰਨ ਮੌਕੇ ‘ਤੇ ਮੌਜੂਦ ਪੁਲੀਸ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਏ.ਐੱਸ.ਆਈ. ਰਣਯੋਧ ਸਿੰਘ ਤੇ ਧਰਨਾਕਾਰੀ ਆਗੂਆਂ ਦੀ ਸੂਝਬੂਝ ਅਤੇ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਕਾਰ ਦੇ ਦਰਵਾਜ਼ੇ ਲਾਕ ਕਰ ਲੈਣ ਕਾਰਨ ਵੱਡਾ ਟਕਰਾਅ ਹੋਣ ਤੋਂ ਟਲ ਗਿਆ।

ਅਖ਼ੀਰ ਸੰਗਤ ਦੇ ਰੋਹ ਅੱਗੇ ਕੋਈ ਪੇਸ਼ ਨਾ ਜਾਂਦੀ ਦੇਖ ਕੇ ਵਿਧਾਇਕ ਕੋਟਫੱਤਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਨੇ ਆਪਣੀ ਗੱਡੀ ਪਿੱਛੇ ਕਰਕੇ ਵਾਪਸ ਮੋੜ ਲਈ। ਇਸ ਘਟਨਾ ਵਿੱਚ ਵਿਧਾਇਕ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਕੁਝ ਝਰੀਟਾਂ ਵੀ ਪੈ ਗਈਅਾਂ। ਵਿਧਾਇਕ ਦੀ ਗੱਡੀ ਦੇ ਪਿੱਛੇ ਆ ਰਹੀਆਂ ਉਨ੍ਹਾਂ ਦੇ ਕੁਝ ਸਮਰਥਕਾਂ ਦੀਆਂ ਗੱਡੀਆਂ ਵੀ ਹਾਲਾਤ ਨੂੰ ਭਾਂਪਦਿਆਂ ਪਿੱਛੇ ਹੀ ਮੁੜ ਗਈਆਂ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੱਲ ਬੀਬੀ ਜਾਗੀਰ ਕੌਰ, ਬੀਬੀ ਉਪਿੰਦਰਜੀਤ ਕੌਰ, ਕੈਬਨਿਟ ਮੰਤਰੀ ਬਿਕਰਮ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ ਤੇ ਵੀਰ ਸਿੰਘ ਲੋਪੋਕੇ ਦਾ ਘੇਰਾਓੁ ਕਰਕੇ ਸਿੱਖਾਂ ਨੇ ਨਾਅਰੇਬਾਜ਼ੀ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,