October 22, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ / ਬਾਜਾਖਾਨਾ (21 ਅਕਤੂਬਰ, 2015): ਫਰੀਦਕੋਟ ਜਿਲੇ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾ ਪਿੰਡ ਦੀਆਂ ਗਲੀਆਂ ਵਿੱਚ ਖਿਲਾਰ ਕੇ ਕੀਤੀ ਬੇਅਦਬੀ ਦੇ ਰੋਸ ਵਜੋਂ ਦੋਸ਼ੀ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈਕੇ ਸ਼ਾਂਤਮਈ ਰੋਸ ਧਰਨਾ ਦੇ ਰਹੀਆਂ ਸਿੱਖ ਸੰਗਤਾਂ ‘ਤੇ 14 ਅਕਤੂਬਰ ਨੂੰ ਪਿੰਡ ਬਹਿਬਲ ਕਲਾਂ ਵਿੱਚ ਪੁਲਿਸ ਵੱਲੋਂ ਗੋਲੀਆਂ ਚਲਾ ਕੇ ਦੋ ਸਿੰਘਾਂ ਭਾਈ ਗੁਰਜੀਤ ਸਿੰਘ ਅਤੇ ਭਾਈ ਕਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਅਤੇ ਅਨੇਕਾਂ ਹੋਰਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿੱਚ ਸਰਕਾਰ ਦੇ ਇਸ ਮਾਮਲੇ ਵਿੱਚ ਹੋਈ ਬਦਨਾਮੀ ਅਤੇ ਸਿੱਖ ਸੰਗਤਾਂ ਦੇ ਰੋਹ ਦੇ ਮੱ ਰਾਜ ਸਰਕਾਰ ਦੇ ਹੁਕਮਾਂ ‘ਤੇ ਅੱਜ ਫਰੀਦਕੋਟ ਦੇ ਥਾਣਾ ਬਾਜਾਖਾਨਾ ‘ਚ ਪੁਲਿਸ ਪਾਰਟੀ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ।
ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਦੇ ਨਾਂ ਤਫ਼ਤੀਸ਼ ਬਾਅਦ ਸ਼ਾਮਲ ਕੀਤੇ ਜਾਣਗੇ। ਪੁਲੀਸ ਨੂੰ ਇਸ ਮਾਮਲੇ ਵਿੱਚ ਸ਼ਿਕਾਇਤ ਆਉਣ ਦਾ ਵੀ ਇੰਤਜ਼ਾਰ ਹੈ।
ਮੋਗਾ ਦੇ ਸਾਬਕਾ ਐਸ. ਐਸ. ਪੀ. ਚਰਨਜੀਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਵਿਰੁੱਧ ਦਰਜ ਕੀਤੀ ਗਈ ਐਫ. ਆਈ. ਆਰ. ਨੰ: 130 ‘ਚ 302, 307 ਤੇ 34 ਧਾਰਾਵਾਂ ਲਾਈਆਂ ਗਈਆਂ ਹਨ ਜੋ ਕਿ ਕਤਲ ਤੇ ਇਰਾਦਾ ਕਤਲ ਲਈ ਹਨ ਜਦੋਂ ਕਿ ਆਰਮ ਐਕਟ ਦੀਆਂ ਧਰਾਵਾ 25, 27, 54 ਤੇ 59 ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਦਾ ਕੰਮ ਵੀ ਐਡੀਸ਼ਨਲ ਡੀ.ਜੀ.ਪੀ. ਸ: ਆਈ. ਪੀ. ਸਿੰਘ ਸਹੋਤਾ ਦੀ ਅਗਵਾਈ ਵਾਲੀ ਵਿਸ਼ੇਸ ਜਾਂਚ ਟੀਮ ਨੂੰ ਦਿੱਤਾ ਗਿਆ ਹੈ, ਜਿਸ ‘ਚ ਬਠਿੰਡਾ ਰੇਂਜ ਦੇ ਡੀ. ਆਈ. ਜੀ. ਸ: ਰਣਬੀਰ ਸਿੰਘ ਖੱਟੜਾ ਤੇ ਫਿਰੋਜ਼ਪੁਰ ਰੇਂਜ ਦੇ ਡੀ. ਆਈ. ਜੀ. ਸ: ਅਮਰ ਸਿੰਘ ਚਾਹਲ ਸ਼ਾਮਿਲ ਹਨ।
ਵਰਨਣਯੋਗ ਹੈ ਕਿ ਪੁਲਿਸ ਵੱਲੋਂ ਪਹਿਲਾਂ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਵਿਰੁੱਧ ਧਾਰਾ 307 ਜੋ ਕਿ ਇਰਾਦਾ ਕਤਲ ਲਈ ਹੁੰਦੀ ਹੈ ਅਧੀਨ ਕੇਸ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਸਰਕਾਰ ਨੇ ਇਹ ਕੇਸ ਰੱਦ ਕਰਨ ਦੇ ਹੁਕਮ ਦੇ ਦਿੱਤੇ ਸਨ।ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ‘ਤੇ ਗੋਲੀ ਚਲਾਉਣ ਲਈ ਪੁਲਿਸ ਨੇ ਕਿਸੇ ਵੀ ਸਿਵਲ ਜਾਂ ਪੁਲਿਸ ਅਧਿਕਾਰੀ ਵੱਲੋਂ ਗੋਲੀ ਚਲਾਉਣ ਦਾ ਹੁਕਮ ਨਹੀਂ ਲਿਆ ਗਿਆ ਸੀ। ਸਰਕਾਰ ਵੱਲੋਂ ਪੁਲਿਸ ਅਧਿਕਾਰੀ ਚਰਨਜੀਤ ਸ਼ਰਮਾ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ ।
Related Topics: Kotkapura Incident, Punjab Police