ਸਿੱਖ ਖਬਰਾਂ

ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਕ ਭੋਰੇ ਨੂੰ ਕਾਰ ਸੇਵਾ ਦੇ ਨਾਂ ‘ਤੇ ਢਾਹੁਣ ਦੀ ਤਿਆਰੀ: ਗਿਆਨੀ ਬਲਵੰਤ ਸਿੰਘ ਨੰਦਗੜ੍ਹ

May 21, 2015 | By

ਚੰਡੀਗੜ੍ਹ (21 ਮਈ, 2015): ਕਿਸੇ ਵੀ ਕੌਮ ਦੀ ਅਸਲ ਜਾਇਦਾਦ ਉਸਦੇ ਪੁਰਖਿਆਂ ਨਾਲ ਸਬੰਧਿਤ ਯਾਦਗਾਰਾਂ ਹੁੰਦੀਆਂ ਹਨ, ਜਿਸ ਨਾਲ ਕੌਮ ਦਾ ਅਤੀਤ ਜੁੜਿਆ ਹੰਦਾ ਹੈ ਅਤੇ ਇਹੀ ਯਾਦਗਾਰਾਂ ਕੋੰਮਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਉਸਦੇ ਵਿਰਸੇ ਨਾਲ ਜੋੜੀ ਰੱਖਦੀਆਂ ਹਨ। ਇਨ੍ਹਾਂ ਦੀ ਸਾਂਭ ਸੰਭਾਲ ਅਤੇ ਮੁੱਢਲੀ ਦਿੱਖ ਕਾਇਮ ਰੱਖਣਾ ਜਾਗਰੂਕ ਕੌਮ ਦੀ ਮੁੱਖ ਜ਼ਿਮੇਵਾਰੀ ਹੁੰਦੀ ਹੈ।

jath. Nandgarh

ਗਿਆਨੀ ਬਲਵੰਤ ਸਿੰਘ ਨੰਦਗੜ੍ਹ

ਪਰ ਇਸਦੇ ਉਲਟ ਸਿੱਖ ਕੌਮ ਅਪਾਣੇ ਪੁਰਖਿਆਂ ਨਾਲ ਸਬੰਧਿਤ ਇਤਿਹਾਸਕ ਨਿਸ਼ਾਨੀਆਂ ਅਤੇ ਇਮਾਰਤਾਂ ਨੂੰ ਕਾਰ ਸੇਵਾ ਦੇ ਨਾਮ ‘ਤੇ ਤਬਾਹ ਕਰ ਰਹੀ ਹੈ। ਇਸਤੋਂ ਪਹਿਲਾਂ ਵੀ ਅਮੋਲਕ ਸਿੱਖ ਇਤਿਹਾਸਕ ਇਮਾਰਤਾਂ ਅਤੇ ਨਿਸ਼ਾਨੀਆਂ ਜਿਵੇ ਠੰਡਾ ਬੁਰਜ਼, ਬੇਬੇ ਨਾਨਕੀ ਦਾ ਘਰ, ਸਰਹਿੰਦ ਦੀਆਂ ਕੰਧਾਂ ਕਾਰ ਸੇਵਾ ਦੀ ਭੇਟ ਚੜ੍ਹ ਚੁੱਕੀਆਂ ਹਨ।

ਸਮੇਂ ਸਮੇਂ ਤੇ ਜਾਗਰੂਕ ਸਿੱਖ ਸੰਸਥਾਵਾਂ/ਵਿਅਕਤੀਆਂ ਵੱਲੋਂ ਕਾਰ ਸੇਵਾ ਦੇ ਨਾਂ ਤੇ ਮਿਟਾਏ ਜਾ ਰਹੇ ਇਸ ਅਮੋਲਕ ਵਿਰਸੇ ਵਿਰੋਧ ਕੀਤਾ ਜਾਂਦਾ ਰਿਹਾ ਹੈ, ਪਰ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਇਹ ਕੰਮ ਲਗਾਤਾਰ ਜਾਰੀ ਹੈ।

ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਹੁਣਤਖਤ ਸ਼੍ਰੀ ਦਮਦਮਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਲ ਸਬੰਧਿਤ 300 ਸਾਲਾਂ ਪੁਰਾਣੇ ਇਤਿਹਾਸਕ ਭੋਰੇ ਨੂੰ ਢਾਹੁਣ ਦੀ ਤਿਆਰੀ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਬਾਬਾ ਅਜਾਇਬ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਸ਼੍ਰੌਮਣੀ ਕਮੇਟੀ ਨਾਲ ਮਿਲਕੇ ਭੋਰਾ ਢਾਹ ਕੇ ਉਸਦੀ ਜਗ੍ਹਾ ਨਵਾਂ ਭੋਰਾ ਬਣਾਉਣ ਦੀ ਤਿਆਰੀ ਹੋ ਚੁੱਕੀ ਹੈ।

ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਭੋਰੇ ਨੂੰ ਢਾਹੁਣ ਦੀ ਸੋਚੀ ਸਮਝੀ ਚਾਲ ਅਧੀਨ ਭੋਰੇ ਵਿੱਚ ਪਾਣੀ ਭਰ ਕਿ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ ਕਿ ਭੋਰੇ ਵਿੱਚ ਸੇਮ ਆ ਗਈ ਹੈ, ਜਿਸ ਨਾਲ ਇਸ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ ਅਤੇ ਇਹ ਢਾਹੁਣਾ ਪਵੇਗਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੇਵਾ ਸਮੇਂ ਵੀ ਕਾਰ ਸੇਵਾ ਦਾ ਬਾਬਾ ਅਜਾਇਬ ਸਿੰਘ ਉਸ ਸਮੇਂ ਵੀ ਇਸ ਭੋਰੇ ਦੀ ਜਗਾ ਸੰਗਮਰਮਰ ਦਾ ਭੋਰਾ ਬਣਾੳੇਣਾ ਚਾਹੁੰਦਾ ਸੀ, ਪਰ ਉਨ੍ਹਾਂ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਇਹ ਇੱਕ ਕੌਮੀ ਨਿਸ਼ਾਨੀ ਹੈ ਅਤੇ ਇਸ ਨਾਲ ਛੇੜ ਛਾੜ ਨਹੀਂ ਕਰਨ ਦਿੱਤੀ ਜਾਵੇਗੀ।

ਗਿਆਨੀ ਨੰਦਗੜ੍ਹ ਨੇ ਕਿਹ ਾਕਿ ਉਨ੍ਹਾਂ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਲੰਮੇ ਸਮੇ ਦੀ ਸੇਵਾ ਦੌਰਾਨ ਉਨ੍ਹਾਂ ਨੇ ਇੱਕ ਵਾਰ ਵੀ ਸੇਮ ਦਾ ਪਾਣੀ ਭੋਰੇ ਵਿੱਚ ਨਹੀਂ ਦੇਖਿਆ। ਸੇਮ ਦੇ ਨਾਮ ‘ਤੇ ਭੋਰੇ ਦੀ ਪੁਰਾਤਨ ਦਿੱਖ ਖਤਮ ਕਰਨ ਦੀ ਸਾਜਿਜ਼ ਰਚੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਭੋਰੇ ਦੀ ਪੁਰਾਤਨ ਦਿੱਖ ਖਤਮ ਕਰਨ ਦੀ ਸਾਜਿਜ਼ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਅਤੇ ਤਖਤ ਸਾਹਿਬ ਦਾ ਮੈਨੇਜ਼ਰ ਜਗਪਾਲ ਸਿੰਘ ਵੀ ਸ਼ਾਮਲ ਹੈ।

ਉਨ੍ਹਾਂ ਆਪਣੇ ਬਿਆਨ ਵਿੱਚ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਇੱਕੋ ਇੱਕ ਬਚੀ ਪੁਰਾਤਨ ਇਸ ਇਤਿਹਾਸਕ ਨਿਸ਼ਾਨੀ ਨੂੰ ਵੀ ਮਿਟਾ ਦਿੱਤਾ ਗਿਆ ਤਾਂ ਤੁਸੀ ਕੌਮ ਦੇ ਵੱਡੇ ਗੁਨਾਹਗਾਰ ਹੋਵੋਗੇ ਅਤੇ ਕੌਮ ਤੁਹਾਨੂੰ ਕੌਮ ਮੁਆਫ ਨਹੀਂ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,