– ਕਰਮਜੀਤ ਸਿੰਘ
ਪੱਚੀ ਸਾਲ ਪਹਿਲਾਂ ਜਦੋਂ 29 ਅਪਰੈਲ ਵਾਲੇ ਦਿਨ ਹਰਿਮੰਦਰ ਸਾਹਿਬ ਦੀ ਪਾਕ ਪਵਿੱਤਰ ਪਰਿਕਰਮਾ ਤੋਂ ਆਜ਼ਾਦੀ ਦੀ ਤਾਂਘ ਦਾ ਐਲਾਨਨਾਮਾ ਜਾਰੀ ਹੋਇਆ ਸੀ, ਉਸ ਦੀ ਯਾਦ ਅਜੇ ਵੀ ਸੱਜਰੀ ਸਵੇਰ ਵਾਂਗ ਦਿਲਾਂ ਵਿਚ ਜਗਦੀ ਹੈ, ਭਾਵੇਂ ਇਹ ਗੱਲ ਵੱਖਰੀ ਹੈ ਕਿ ਉਸ ਯਾਦ ਦਾ ਮੱਘਦਾ ਤੇ ਬਲਦਾ ਰੂਪ ਹੰਢਾਉਣ ਵਾਲੇ ਆਜ਼ਾਦੀ ਦੇ ਹਜ਼ਾਰਾਂ ਦੀਵਾਨੇ ਜਿਸਮਾਂ ਦਾ ਬੰਧਨ ਤੋੜ ਕੇ ਸਾਥੋਂ ਦੂਰ, ਬਹੁਤ ਦੂਰ ਚਲੇ ਗਏ ਹਨ। ਕੁਝ ਜੇਲ੍ਹਾਂ ਦੇ ਦੋਸਤ ਬਣੇ ਹੋਏ ਹਨ ਤੇ ਹਰ ਦੂਜੇ ਚੌਥੇ ਦਿਨ ਇਸ ਮੁਲਕ ਦੀ ਕੋਈ ਨਾ ਕੋਈ ਕਚਹਿਰੀ ਕਿਤੇ ਨਾ ਕਿਤੇ ਉਨ੍ਹਾਂ ਦੀ ਉਡੀਕ ਕਰ ਰਹੀ ਹੁੰਦੀ ਹੈ। ਕੁਝ ਫ਼ਾਂਸੀ ਦੇ ਚਬੂਤਰੇ ’ਤੇ ਖੜ੍ਹੇ ਹਨ ਅਤੇ ਜੱਲਾਦ ਦੀ ਤਲਵਾਰ ਦਾ ਇੰਤਜ਼ਾਰ ਕਰ ਰਹੇ ਹਨ। ਫਿਰ ਵੀ ਕੁਝ ਜੁਗਨੂੰ ਅਜੇ ਵੀ ਮੈਦਾਨ-ਏ-ਜੰਗ ਵਿਚ ਸਮੇਂ ਦੇ ਵੰਨ-ਸੁਵੰਨੇ ਤੂਫ਼ਾਨਾਂ ਅੱਗੇ ਹਿੱਕ ਡਾਹ ਕੇ ਖੜ੍ਹੇ ਹਨ, ਇਸ ਦ੍ਰਿੜ੍ਹ ਇਰਾਦੇ ਨਾਲ ਕਿ,
‘ਨਹੀਂ ਨਿਗ੍ਹਾ ਮੇਂ ਮੰਜ਼ਿਲ ਤੋ ਜੁਸਤਜੂ ਹੀ ਸਹੀ, ਨਹੀਂ ਵਿਸਾਲ ਮਯੱਸਰ ਤੋ ਆਰਜ਼ੂ ਹੀ ਸਹੀ’
ਹਾਕਮ ਦੀ ਨਜ਼ਰ ਤੋਂ ਉਹ ਹਾਰ ਗਏ ਹਨ ਅਤੇ ਉਹ ਨਜ਼ਰਾਂ ਵੀ ਹੁਣ ਹਮਸਫ਼ਰ ਨਹੀਂ ਰਹੀਆਂ, ਉਨ੍ਹਾਂ ਨੇ ਵੀ ਆਪਣੇ ਰਸਤੇ ਬਦਲ ਲਏ ਹਨ, ਜਿਨ੍ਹਾਂ ਨੇ ਉਮਰ ਭਰ ‘ਓੜਕ ਨਿਬਹੀ ਪ੍ਰੀਤ’ ਦੇ ਸਿਧਾਂਤ ’ਤੇ ਖੜ੍ਹੇ ਰਹਿਣ ਦੇ ਇਕਰਾਰ ਕੀਤੇ ਸਨ। ਪਰ ਕੁਝ ‘ਝੱਲੇ’ ਅਜੇ ਵੀ ਜਿਊਂਦੇ-ਜਾਗਦੇ ਹਨ ਜਿਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਜਿਨ੍ਹਾਂ ਦੇ ਚੇਤਿਆਂ ਵਿਚ ਉਨ੍ਹਾਂ ਦੇ ਵਿਛੜੇ ਯਾਰ ਪੁੰਨਿਆਂ ਦੇ ਚੰਨ ਵਾਂਗ ਰੌਸ਼ਨ ਹਨ। ਮਾਛੀਵਾੜੇ ਦਾ ਜੰਗਲ, ਸਿਰਸਾ ਨਦੀ, ਸਰਹਿੰਦ ਦੀ ਦੀਵਾਰ, ਮੁਕਤਸਰ ਅਤੇ ਇਤਿਹਾਸ ਦੀਆਂ ਸੁਨਹਿਰੀ ਯਾਦਾਂ ਅਜੇ ਵੀ ਉਨ੍ਹਾਂ ਦੀਆਂ ਨੀਂਦਰਾਂ ’ਤੇ ਬੋਝ ਪਾਉਂਦੀਆਂ ਹਨ ਅਤੇ ਇਨ੍ਹਾਂ ਬੇਰਹਿਮ ਸਮਿਆਂ ਵਿਚ ਵੀ ਉਹ ਐਲਾਨ ਕਰ ਰਹੇ ਹਨ ਕਿ ‘ਯਾਰੜੇ ਦਾ ਸੱਥਰ’ ਸਾਡੇ ਲਈ ਫੁੱਲਾਂ ਦੀ ਸੇਜ ਹੈ ਅਤੇ ਅਸੀਂ ‘ਖੇੜਿਆਂ ਦੇ ਨਹੀਓਂ ਵੱਸਣਾ’।
ਪਰ ਇਕੋ ਮੰਜ਼ਿਲ ਨੂੰ ਪਰਨਾਏ ਇਤਿਹਾਸ ਦੇ ਇਹ ਦੀਵਾਨੇ ਵੱਖਰੇ-ਵੱਖਰੇ ਹਨ ਅਤੇ ਕਿਸੇ ਮਹਾਂਬਲੀ ਕੋਲ ਵੀ ਇੰਨੀ ਹਿੰਮਤ, ਇੰਨੀ ਜੁਰੱਅਤ ਤੇ ਇੰਨੀ ਦੂਰ ਤਕ ਵੇਖਣ ਵਾਲੀ ਨਿਗ੍ਹਾ ਨਹੀਂ ਜੋ ਇਨ੍ਹਾਂ ਨੂੰ ਇਕੱਠਿਆਂ ਕਰ ਸਕੇ। ਕੋਈ ਸ਼ੇਰ-ਏ-ਪੰਜਾਬ ਵੀ ਨਜ਼ਰ ਨਹੀਂ ਆਉਂਦਾ ਜੋ ਮਿਸਲਾਂ ਦੇ ਇਨ੍ਹਾਂ ਸਰਦਾਰਾਂ ਨੂੰ ‘ਕੁੱਟ’ ਕੇ ਜਾਂ ‘ਪਿਆਰ’ ਕਰ ਕੇ ਉਸ ਮੰਜ਼ਿਲ ਦੀ ਦੱਸ ਪਾ ਸਕੇ ਜਿਸ ਵੱਲ ਉਹ ਤੁਰੇ ਤਾਂ ਜਾ ਰਹੇ ਹਨ ਪਰ ਵੱਖਰੇ-ਵੱਖਰੇ ਰਸਤਿਆਂ ਰਾਹੀਂ ਅਤੇ ਕਈ ਵਾਰ ਇਕ-ਦੂਜੇ ਦਾ ਵਿਰੋਧ ਕਰ ਕੇ।
ਅੱਜ ਸੰਸਾਰ ਕਈ ਪਹਿਲੂਆਂ ਤੋਂ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਜੋ ਹਾਲਾਤ 25 ਸਾਲ ਪਹਿਲਾਂ ਸਨ, ਉਹ ਹੁਣ ਨਹੀਂ ਰਹੇ। ਸਾਨੂੰ ਇਸ ਕੌੜੀ ਹਕੀਕਤ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਸਮੇਂ ਦੀ ਮੰਗ ਹੈ ਕਿ ਨਵੀਆਂ ਹਾਲਤਾਂ ਦਾ ਗਹਿਰ-ਗੰਭੀਰ ਤੇ ਵਿਸ਼ਾਲ ਵਿਸ਼ਲੇਸ਼ਣ ਕੀਤਾ ਜਾਵੇ ਤੇ ਉਨ੍ਹਾਂ ਸਾਰਿਆਂ ਵਰਗਾਂ ਨੂੰ ਨਾਲ ਲਿਆ ਜਾਵੇ ਜੋ ਸਾਡੇ ਨਾਲ ਬਹੁਤੀ ਵਾਰ ਸਹਿਮਤ ਨਹੀਂ ਹੁੰਦੇ। ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਦਾ ਜ਼ਖ਼ਮ ਹੁਣ ਸੂਰਜ ਬਣਦਾ ਚਾਹੀਦਾ ਹੈ ਜਿਸ ਦੀ ਰੌਸ਼ਨੀ ਵਿਚ ਨਵੇਂ ਰਾਹਾਂ ਦੀ ਤਲਾਸ਼ ਕੀਤੀ ਜਾਵੇ। ਸਾਡੀ ਮਾਨਸਿਕ ਬਣਤਰ ਵਿਚ ਇਨਕਲਾਬੀ ਤਬਦੀਲੀ ਲਈ ਇਕ ਵਿਸ਼ਾਲ ਬਹਿਸ ਛੇੜਨ ਦੀ ਲੋੜ ਹੈ। ਅੱਜ ਇਸ ਸੰਸਾਰ ਨੂੰ ਵਿਸ਼ਵ ਪਿੰਡ ਕਿਹਾ ਜਾ ਰਿਹਾ ਹੈ ਪਰ ਇਸ ਵਿਸ਼ਵ ਪਿੰਡ ਦੀ ਆਰਥਿਕਤਾ ਤੇ ਰਾਜਨੀਤੀ ’ਤੇ ਅਸਰ-ਅੰਦਾਜ਼ ਹੋਣ ਲਈ ਸਾਡੀ ਕਲਪਨਾ ਵਿਚ ਕਿਹੋ ਜਿਹੇ ਬਦਲ ਹਨ? ਸਾਨੂੰ ਇਸ ਸਵਾਲ ’ਤੇ ਨਿੱਠ ਕੇ ਵਿਚਾਰ ਕਰਨੀ ਪੈਣੀ ਹੈ। ਸਿੱਖ ਪੰਥ ਦੇ ਸੂਝਵਾਨ ਤੇ ਗੁਰੂ ਦੇ ਪਿਆਰ ਵਿਚ ਰਤੜੇ ਚੋਲਿਆਂ ਨੂੰ ਇਨ੍ਹਾਂ ਸਵਾਲਾਂ ਦੇ ਸਨਮੁੱਖ ਹੋਣਾ ਚਾਹੀਦਾ ਹੈ। ਅੱਜ ਉਨ੍ਹਾਂ ਵਿਦਵਾਨਾਂ ਨੂੰ ਟੁੰਬਣ ਤੇ ਜਗਾਉਣ ਦੀ ਲੋੜ ਹੈ ਜੋ ਇਹ ਦਸ ਸਕਣ ਕਿ ਆਨੰਦਪੁਰ ਮਤਾ, ਬਫ਼ਰ ਸਟੇਟ, ਕਨਫ਼ੈਡਰੇਸ਼ਨ, ਅੰਮ੍ਰਿਤਸਰ ਐਲਾਨਨਾਮਾ ਅਤੇ ਪ੍ਰਭੂ ਸੰਪੰਨ ਆਜ਼ਾਦੀ ਦੇ ਸੰਕਲਪਾਂ ਵਿਚਕਾਰ ਡੂੰਘੇ, ਬਾਰੀਕ ਅਤੇ ਅਦਿਸ ਅਰਥ ਕੀ ਹਨ ਅਤੇ ਇਨ੍ਹਾਂ ਸਭਨਾਂ ਵਿਚ ਬੁਨਿਆਦੀ ਤੇ ਸਿਧਾਂਤਕ ਫ਼ਰਕ ਵੀ ਕਿਹੜੇ ਹਨ। ਪਰ ਇਹ ਸਭ ਕੁਝ ਕਰਦਿਆਂ ਜੇ ਅਸੀਂ ਆਪਣੇ ਅਤੀਤ ਨੂੰ ਜਾਂ ਆਪਣੇ ਬੀਤੇ ਦੀਆਂ ਸੁਨਹਿਰੀ ਯਾਦਾਂ ਨੂੰ ਭੁੱਲਦੇ ਹਾਂ ਤਾਂ ਅਸੀਂ ਕਿਸੇ ਪਾਸੇ ਦੇ ਵੀ ਨਹੀਂ ਰਹਾਂਗੇ। ਸੱਚ ਤਾਂ ਇਹ ਹੈ ਕਿ ਅਤੀਤ ਦੀ ਨੀਂਹ ’ਤੇ ਹੀ ਸਾਡੇ ਘਰ ਦੀ ਉਸਾਰੀ ਹੋ ਸਕਦੀ ਹੈ। ਈਸਾ ਤੋਂ ਵੀ ਸਾਢੇ ਚਾਰ ਸੌ ਸਾਲ ਪਹਿਲਾਂ ਦਰਦ ਦੇ ਗੀਤ ਗਾਉਣ ਵਾਲੇ ਇਕ ਸ਼ਾਇਰ ਐਗਾਥੋਨ ਦੀ ਇਹ ਟਿੱਪਣੀ ਦਿਲ ਵਿਚ ਸਾਂਭ ਕੇ ਰੱਖਣ ਵਾਲੀ ਹੈ ਕਿ ‘ਇਥੋਂ ਤਕ ਕਿ ਰੱਬ ਵੀ ਅਤੀਤ ਨੂੰ ਬਦਲ ਨਹੀਂ ਸਕਦਾ।’ ਇਕ ਹੋਰ ਇਤਿਹਾਸਕਾਰ ਦਾ ਕਹਿਣਾ ਹੈ ਕਿ ਅਸੀਂ ਇਸ ਲਈ ਮਰ ਰਹੇ ਹਾਂ ਕਿਉਂਕਿ ਅਸੀਂ ਆਪਣੇ ਅਤੀਤ ਤੋਂ ਬੇਮੁਖ ਹਾਂ।
ਫ਼ੈਜ਼ ਅਹਿਮਦ ਫ਼ੈਜ਼ ਇਨਕਲਾਬੀ ਜੱਦੋਜਹਿਦ ਦਾ ਅਤਿ ਪਿਆਰਾ ਅਤਿ ਡੂੰਘਾ ਰੁਮਾਂਟਿਕ ਸ਼ਾਇਰ ਹੈ। ਅਸੀਂ ਉਸ ਦੀ ਇਕ ਕਵਿਤਾ ਦੇ ਇਸ ਬੰਦ ਰਾਹੀਂ ਆਪਣੇ ਵਿਛੜੇ ਜੁਝਾਰੂ ਵੀਰਾਂ ਨੂੰ ਯਾਦ ਕਰ ਰਹੇ ਹਾਂ:
‘ਵੁਹ ਦਿਲ ਜੋ ਤੇਰੇ ਲੀਏ ਬੇਕਰਾਰ ਅਬ ਭੀ ਹੈ, ਵੁਹ ਆਂਖ ਜਿਸ ਕੋ ਤਿਰਾ ਇੰਤਜ਼ਾਰ ਅਬ ਭੀ ਹੈ’।