ਅੰਮ੍ਰਿਤਸਰ: ਹਥਿਆਰਬੰਦ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਬਾਬਾ ਪਿਆਰਾ ਸਿੰਘ ਸੁਲਤਾਨਵਿੰਡ ਦਾ 25ਵਾਂ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਗ੍ਰਹਿ (ਸੁਲਤਾਨਵਿੰਡ) ਵਿਖੇ ਅੱਜ (22 ਦਸੰਬਰ) ਮਨਾਇਆ ਗਿਆ। ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿੱਚ ਰਾਗੀਆਂ ਢਾਡੀਆਂ, ਕਵੀਸ਼ਰਾਂ, ਪ੍ਰਚਾਰਕਾਂ ਤੇ ਕਥਾਵਾਚਕਾਂ ਨੇ ਧੁਰ ਕੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਸ਼ਹੀਦਾਂ ਦੀਆਂ ਜੋਸ਼ੀਲੀਆਂ ਵਾਰਾਂ ਸੰਗਤਾਂ ਨੂੰ ਸ੍ਰਵਣ ਕਰਾਈਆਂ।
ਸਮਾਗਮ ‘ਚ ਭਾਈ ਅਮਰੀਕ ਸਿੰਘ ਅਜਨਾਲਾ, ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਸੇਵਾਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਤੇ ਮੀਤ ਸੇਵਾਦਾਰ ਭਾਈ ਪਰਮਜੀਤ ਸਿੰਘ ਅਕਾਲੀ, ਇੰਟਰਨੈਸ਼ਨਲ ਅਖੰਡ ਕੀਰਤਨੀ ਜਥਾ ਦੇ ਮਾਸਟਰ ਬਲਦੇਵ ਸਿੰਘ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਅਕਾਲ ਖ਼ਾਲਸਾ ਦਲ ਦੇ ਭਾਈ ਬਲਬੀਰ ਸਿੰਘ ਕਠਿਆਲੀ, ਦਲ ਖ਼ਾਲਸਾ ਦੇ ਭਾਈ ਗਗਨਦੀਪ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ, ਸ੍ਰੀ ਗੁਰੂੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਭਾਈ ਰਣਜੀਤ ਸਿੰਘ, ਇੰਟਰਨੈਸ਼ਨਲ ਸਿੱਖ ਫ਼ੈਡਰੇਸ਼ਨ ਦੇ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਿਮਰਨਜੀਤ ਸਿੰਘ ਸੰਘਾ, ਸ਼੍ਰੋਮਣੀ ਗੱਤਕਾ ਅਖਾੜਾ ਰਾਮਸਰ ਦੇ ਉਸਤਾਦ ਜਥੇਦਾਰ ਹਰੀ ਸਿੰਘ, ਗਿਆਨੀ ਗੁਰਲਾਲ ਸਿੰਘ, ਗਿਆਨੀ ਅਮਰ ਸਿੰਘ, ਗਿਆਨੀ ਹਰਿੰਦਰ ਸਿੰਘ ਵਣਚੜੀ, ਗਿਆਨੀ ਪਰਮਜੀਤ ਸਿੰਘ ਯੂ.ਕੇ., ਭਾਈ ਜਗਜੋਤ ਸਿੰਘ ਰਾਜਾਸਾਂਸੀ, ਭਾਈ ਚਰਨਜੀਤ ਸਿੰਘ ਰਾਣਾ, ਭਾਈ ਮਨਪ੍ਰੀਤ ਸਿੰਘ ਅਜ਼ਾਦ ਆਦਿ ਬੁਲਾਰਿਆਂ ਨੇ ਸ਼ਹੀਦ ਬਾਬਾ ਪਿਆਰਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਮੌਜੂਦਾ ਸੰਘਰਸ਼ ‘ਚ ਸ਼ਹੀਦ ਹੋਏ ਸਿੰਘਾਂ ਦੀਆਂ ਸ਼ਹਾਦਤਾਂ ਕੋਈ ਅਣਚਾਹੀਆਂ ਮੌਤਾਂ ਨਹੀਂ, ਸਗੋਂ ਇਹ ਚੇਤੰਨ ਰੂਪ ਵਿੱਚ ਸਿਰਜੇ ਤੇ ਮੂਰਤੀਮਾਨ ਕੀਤੇ ਸੂਰਬੀਰਤਾ ਦੇ ਮਹਾਨ ਕਾਰਨਾਮੇ ਹਨ, ਜੋ ਪੰਥ ਲਈ ਬੜੀ ਮਾਣ ਤੇ ਫ਼ਖਰ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਦੇ ਇਤਿਹਾਸ, ਸਭਿਆਚਾਰ ਤੇ ਬੋਲੀ ਨੂੰ ਮਲੀਆਮੇਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਇਸ ਦੇ ਟਾਕਰੇ ਲਈ ਸਿੱਖ ਨੌਜਵਾਨੀ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਜੋ ਬੀਤੇ ਸਮੇਂ ਪੰਜਾਬ ਦੀ ਧਰਤੀ ‘ਤੇ ਚੱਲੇ ਹਥਿਆਰਬੰਦ ਸੰਘਰਸ਼ ਬਾਰੇ ਹੁਣ ਦੀ ਪੀੜ੍ਹੀ ਨੂੰ ਪਤਾ ਚੱਲ ਸਕੇ। ਜ਼ਿਕਰਯੋਗ ਹੈ ਕਿ ਬਾਬਾ ਪਿਆਰਾ ਸਿੰਘ 16 ਦਸੰਬਰ 1992 ਨੂੰ ਇਕ ਫ਼ਰਜ਼ੀ ਪੁਲਿਸ ਮੁਕਾਬਲੇ ‘ਚ ਸ਼ਹਾਦਤ ਪ੍ਰਾਪਤ ਕਰ ਗਏ ਸਨ ਤੇ ਉਨ੍ਹਾਂ ਦੇ ਪਰਿਵਾਰ ‘ਚੋਂ ਹੋਰ ਵੀ ਸ਼ਹੀਦੀਆਂ ਹੋਈਆਂ ਹਨ।