ਚੰਡੀਗੜ੍ਹ – ਪੰਜਾਬ ਵਿੱਚ ਤੀਜੇ ਘੱਲੂਘਾਰੇ ਤੋਂ ਬਾਅਦ ਹੋਏ ਸਿੱਖ ਜਵਾਨੀ ਦੇ ਘਾਣ ਸੰਬੰਧੀ ਕਨੂੰਨੀ ਚਾਰਾਜੋਈ ‘ਚ ਮੋਹਰੀ ਸੰਸਥਾ ਖਾਲੜਾ ਮਿਸ਼ਨ ਆਰਗਨਾਈਜ਼ੇਸ਼ਨ ਦੇ ਲੀਗਲ ਹੈੱਡ ਸਰਦਾਰ ਜਗਦੀਪ ਸਿੰਘ ਰੰਧਾਵਾ ਉੱਤੇ ਵੀ ਪੈਗਾਸਸ ਰਾਹੀਂ ਜਸੂਸੀ ਕੀਤੀ ਜਾ ਰਹੀ ਸੀ, ਐਮਨੈਸਟੀ ਇੰਟਰਨੈਸ਼ਨਲ ਦੀ ਲੈਬ ਵੱਲੋਂ ਕੀਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹਨਾਂ ਦੇ ਆਈਫੋਨ ਵਿੱਚ ਜੁਲਾਈ 2019 ਅਤੇ ਅਗਸਤ 2019 ਦੇ ਪੰਜ ਦਿਨਾਂ ਵਿੱਚ ਪੈਗਾਸਸ ਦੇ ਤੱਤ ਮੌਜੂਦ ਸਨ।
ਬੀਬੀ ਪਰਮਜੀਤ ਕੌਰ ਖਾਲੜਾ ਦੇ ਪਤੀ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿੱਚ ਸਿੱਖ ਸੰਘਰਸ਼ ਦੌਰਾਨ ਪੁਲਸ ਅਤੇ ਹੋਰ ਸਰਕਾਰੀ ਏਜੰਸੀਆਂ ਵਲੋਂ ਕੀਤੇ ਗਏ ਮਨੁੱਖੀ ਹੱਕਾਂ ਦੇ ਘਾਣ ਵਿਰੁੱਧ ਲੜਾਈ ਲੜੀ ਸੀ, ਜਿਸ ਦੇ ਚਲਦਿਆਂ ਉਹਨਾਂ ਨੂੰ ਪੁਲਸ ਨੇ ਅਗਵਾ ਕਰਕੇ ਲਾਪਤਾ ਕਰਾਰ ਦੇ ਦਿੱਤਾ ਸੀ ਅਤੇ ਬਾਅਦ ਵਿੱਚ ਗੁਪਤ ਤਰੀਕੇ ਕਤਲ ਕਰ ਦਿੱਤਾ।
ਪੈਗਾਸਸ ਇੱਕ ਸਾਈਬਰ ਹਥਿਆਰ ਹੈ ਜੋ ਕਿ ਇਜ਼ਰਾਇਲੀ ਕੰਪਨੀ ਨੈਸ਼ਨਲ ਸਿਕਉਰਟੀ ਆਰਗਨਾਈਜ਼ੇਸ਼ਨ ਵਲੋਂ ਬਣਾਇਆ ਜਾਂਦਾ ਹੈ, ਇਹ ਕੰਪਨੀ ਕਿਸੇ ਵੀ ਫੋਨ ਦੀ ਜਸੂਸੀ ਕਰ ਸਕਣ ਵਾਲੇ ਇਸ ਹਥਿਆਰ ਨੂੰ ਸਿਰਫ ਚੋਣਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਹੀ ਵੇਚਦੀ ਹੈ।
‘ਦ ਵਾਇਰ’ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਸਿੱਖ ਨੌਜਵਾਨਾਂ ਅਤੇ ਬੰਦੀ ਸਿੰਘਾਂ ਦੇ ਹੱਕਾ ਲਈ ਕਨੂੰਨੀ ਲੜਾਈ ਲੜ ਰਹੇ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਦਾ ਨਾਂ ਵੀ ਜਸੂਸੀ ਲਈ ਚੁਣੇ ਗਏ ਬੰਦਿਆਂ ਦੀ ਸੂਚੀ ‘ਚ ਆਇਆ ਹੈ, ਹਾਲਾਂਕਿ ਉਹਨਾਂ ਦੇ ਫੋਨ ਦੀ ਫਾਰੈਂਸਿਕ ਜਾਂਚ ਹਾਲੇ ਨਹੀਂ ਹੋ ਸਕੀ।
ਉਹਨਾਂ ਨੇ ‘ਦ ਵਾਇਰ’ ਨੂੰ ਦੱਸਿਆ ਕਿ ਉਹਨਾਂ ਨੂੰ ਇਹ ਜਾਣ ਕੇ ਕੋਈ ਹੈਰਾਨੀ ਨਹੀਂ ਹੋਈ, ਉਹ ਦੱਸਦੇ ਹਨ ਕਿ “ਜਿਸ ਸਮੇਂ ਦੌਰਾਨ ਮੇਰਾ ਨਾਂ ਸੂਚੀ ‘ਚ ਪਾਇਆ ਗਿਆ ਉਦੋਂ ਉਹਨਾਂ ਨੂੰ ਸੀ.ਬੀ.ਆਈ. ਅਤੇ ਰਾਅ ਵਲੋਂ ਦਿੱਲੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ।”
ਐਮਨੈਸਟੀ ਇੰਟਰਨੈਸ਼ਨਲ ਅਤੇ ਫਾਰਬਿਡਨ ਸਟੋਰੀਜ਼ ਨਾਲ ਵਿਸ਼ਵ ਪੱਧਰੀ ਜਾਂਚ ‘ਚ ਸ਼ਾਮਲ ‘ਦ ਵਾਇਰ’ ਅਦਾਰੇ ਵੱਲੋਂ ਹੈਕ ਕੀਤੇ ਗਏ ਅਤੇ ਜਸੂਸੀ ਲਈ ਚੁਣੇ ਗਏ ਬੰਦਿਆਂ ਦੇ ਨਾਂ ਵਾਰੋ-ਵਾਰੀ ਨਸ਼ਰ ਕੀਤੇ ਜਾ ਰਹੇ ਹਨ। ਇਹ ਚਰਚਾ ਜੋਰਾਂ ‘ਤੇ ਹੈ ਕਿ ਭਾਰਤ ਵੀ ਐਨ.ਐਸ.ਓ. ਦਾ ਗਾਹਕ ਰਿਹਾ ਹੈ ਅਤੇ ਇਸ ਸਾਫਟਵੇਅਰ ਨੂੰ ਸਰਕਾਰ ਦੀ ਵਿਰੋਧਤਾ ਕਰਨ ਵਾਲੇ ਲੋਕਾਂ, ਪੱਤਰਕਾਰਾਂ, ਸਿਆਸਤਦਾਨਾਂ ਦੀ ਜਸੂਸੀ ਕਰਨ ਲਈ ਵਰਤਿਆ ਗਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਇਸ ਮੁੱਦੇ ਨੂੰ ਜੋਰਾਂ ਨਾਲ ਚੁੱਕਣ ਕਰ ਕੇ ਪਾਰਲੀਮੈਂਟ ਸੈਸ਼ਨ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ ਅਤੇ ਸਰਕਾਰ ਜਵਾਬਤਲਬੀ ਤੋਂ ਲਗਾਤਾਰ ਕਤਰਾਉਂਦੀ ਦਿੱਸ ਰਹੀ ਹੈ।
ਜਿਕਰਯੋਗ ਹੈ ਕਿ ਪੰਜਾਬ ਦੇ ਦੋ ਸਿੱਖ ਪੱਤਰਕਾਰਾਂ, ਪਹਿਰੇਦਾਰ ਅਖਬਾਰ ਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਅਤੇ ਆਪਣਾ ਸਾਂਝਾ ਪੰਜਾਬ ਵੈਬ-ਟੀ.ਵੀ. ਦੇ ਪੱਤਰਕਾਰ ਸ. ਭੁਪਿੰਦਰ ਸਿੰਘ ਸੱਜਣ ਦਾ ਨਾਂ ਵੀ ਜਸੂਸੀ ਲਈ ਚੁਣੇ ਗਏ ਬੰਦਿਆਂ ਦੀ ਸੂਚੀ ਵਿੱਚ ਸ਼ਾਮਲ ਸੀ।