ਚੰਡੀਗੜ੍ਹ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੂਨ ’84 ਦੇ ਸਮੂਹ ਸ਼ਹੀਦਾਂ ਦੀ ਯਾਦ ਦਿਲ ਹਿਰਦਿਆਂ ਵਿਚ ਵਸਾਉਂਦਿਆਂ ਘਰਾਂ ਵਿਚ ਬੈਠ ਕੇ ਗੁਰਬਾਣੀ ਦਾ ਪਾਠ ਕਰਨ, ਜਾਪ ਕਰਨ ਅਤੇ ਅਰਦਾਸ ਵਿਚ ਜੁੜਦਿਆਂ ਘੱਲੂਘਾਰਾ ਹਫ਼ਤਾ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਮਨਾਉਣ ਦੀ ਦੁਨੀਆ ਭਰ ‘ਚ ਵੱਸਦੀਆਂ ਸਿੱਖ ਸੰਗਤਾਂ ਨੂੰ ਸਨਿਮਰ ਬੇਨਤੀ ਕੀਤੀ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਜੂਨ ’84 ‘ਚ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਫ਼ੌਜ ਰਾਹੀ ਤੋਪਾਂ ਟੈਂਕਾਂ ਨਾਲ ਭਿਆਨਕ ਹਮਲਾ ਕਰਦਿਆਂ ਤੀਸਰੇ ਘੱਲੂਘਾਰੇ ਨੂੰ ਅੰਜਾਮ ਦਿਤਾ। ਜਿਸ ਦਾ ਸਿੱਖ ਕੌਮ ਵਲੋਂ ਸਿੱਖ ਰਵਾਇਤਾਂ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ। ਪਾਵਨ ਗੁਰਧਾਮਾਂ ਦੀ ਰੱਖਿਆ ਅਤੇ ਕੌਮੀ ਆਨ ਤੇ ਸ਼ਾਨ ਖ਼ਾਤਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ‘ਚ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਜਨਰਲ ਭਾਈ ਸੁਬੇਗ ਸਿੰਘ, ਜਥੇਦਾਰ ਬਾਬਾ ਠਾਹਰਾ ਸਿੰਘ ਸਮੇਤ ਅਨੇਕਾਂ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਕੌਮ ਹਰ ਸਾਲ 1 ਤੋਂ 6 ਜੂਨ ਤਕ ਪੂਰੀ ਸ਼ਰਧਾ ਭਾਵਨਾ ਤਹਿਤ ਸ਼ਹੀਦੀ ਹਫ਼ਤਾ ਅਤੇ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਹੀਦੀ ਸਮਾਗਮ ਮਨਾਉਂਦੀ ਆਈ ਹੈ।
ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਇਨ੍ਹਾਂ ਪਾਵਨ ਸ਼ਹੀਦਾਂ ਦੀ ਯਾਦ ਵਿਚ ਵੱਡੀ ਪੱਧਰ ‘ਤੇ ਲਗਾਤਾਰ ਜੂਨ ਦੇ ਪਹਿਲੇ ਹਫ਼ਤੇ ਸ਼ਹੀਦੀ ਸਮਾਗਮ ਕੀਤੇ ਜਾਂਦੇ ਰਹੇ ਹਨ। ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼ਹੀਦੀ ਘੱਲੂਘਾਰਾ ਹਫ਼ਤਾ ਦਾ ਸਮਾਗਮ ਪ੍ਰੋਗਰਾਮ ਇਸ ਵਾਰ ਸੰਖੇਪ ਰਖਿਆ ਜਾ ਰਿਹਾ ਹੈ। ਇਸ ਵਾਰ 1 ਜੂਨ ਤੋਂ 5 ਜੂਨ ਤਕ ਸ਼ਾਮ ਨੂੰ 4 ਤੋਂ 6 ਵਜੇ ਤਕ ਹਰ ਰੋਜ਼ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਰਤਨ ਰਾਹੀ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਅਤੇ 6 ਜੂਨ ਨੂੰ ਸਵੇਰੇ ਸ਼ਹੀਦਾਂ ਦੀ ਮਿਠੀ ਯਾਦ ‘ਚ ਆਰੰਭੇ ਗਏ ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਦਾ ਭੋਗ ਪੈਣ ਉਪਰੰਤ ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤਕ ਕਥਾ ਕੀਰਤਨ ਦਾ ਸਮਾਗਮ ਸੰਖੇਪ ਰਖਿਆ ਜਾਵੇਗਾ। ਉਨ੍ਹਾਂ ਸਮੂਹ ਸੰਗਤ ਨੂੰ ਘਰਾਂ ‘ਚ ਬੈਠ ਕੇ ਸ਼ਹੀਦਾਂ ਦੀ ਯਾਦ ‘ਚ ਜੁੜਨ ਦੀ ਅਪੀਲ ਕੀਤੀ ਹੈ।