Site icon Sikh Siyasat News

ਦਿੱਲੀ ਕਮੇਟੀ ਦੇ 15 ਵਿੱਦਿਅਕ ਅਦਾਰਿਆਂ ਨੂੰ ਘਟਗਿਣਤੀ ਵਿੱਦਿਅਕ ਅਦਾਰੇ ਵੱਜੋਂ ਮਿਲੀ ਮਾਨਤਾ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਦੇ ਵਿੱਦਿਅਕ ਅਦਾਰਿਆਂ ਨੂੰ ਘਟਗਿਣਤੀ ਵਿੱਦਿਅਕ ਅਦਾਰੇ ਵੱਜੋਂ ਮਾਨਤਾ ਦਿਵਾਉਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਫਲ ਹੋ ਗਈਆਂ ਹਨ। ਕਮੇਟੀ ਦੇ ਕਾਨੂੰਨੀ ਵਿਭਾਗ ਦੀ ਵਕੀਲ ਬੀਬੀ ਅਵਨੀਤ ਕੌਰ ਦੀ ਮਿਹਨਤ ਸਦਕਾ ਕਮੇਟੀ ਦੇ 7 ਸਕੂਲਾਂ ਅਤੇ 8 ਉੱਚ ਵਿੱਦਿਅਕ ਤੇ ਤਕਨੀਕੀ ਅਦਾਰਿਆਂ ਨੂੰ ਘਟਗਿਣਤੀ ਵਿੱਦਿਅਕ ਅਦਾਰੇ ਵੱਜੋਂ ਮਾਨਤਾ ਪ੍ਰਾਪਤ ਹੋ ਗਈ ਹੈ। ਕੌਮੀ ਘਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਹੋਣ ਉਪਰੰਤ ਉਕਤ ਅਦਾਰਿਆਂ ਨੂੰ ਜਿਥੇ ਸਰਕਾਰੀ ਸਕੀਮਾਂ ਰਾਹੀਂ ਮਾਲੀ ਸਹਾਇਤਾ ਪ੍ਰਾਪਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ ਉਥੇ ਹੀ ਸਿੱਖ ਬੱਚਿਆਂ ਨੂੰ ਪੜ੍ਹਾਈ ਦੇ ਵਾਧੂ ਮੌਕੇ ਵੀ ਹੁਣ ਨਸੀਬ ਹੋਣਗੇ।

ਜਸਵਿੰਦਰ ਸਿੰਘ ਜੌਲੀ (ਫਾਈਲ ਫੋਟੋ)

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਕੋ-ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਬੁਲਾਰੇ ਜਸਵਿੰਦਰ ਸਿੰਘ ਜੌਲੀ ਦੱਸਿਆ ਕਿ ਕਮੇਟੀ ਨੇ ਦਿੱਲੀ ਯੂਨੀਵਰਸਿਟੀ ਦੇ ਅਧੀਨ ਚਲਦੇ ਆਪਣੇ ਚਾਰੋ ਖਾਲਸਾ ਕਾਲਜਾਂ ਵਿਚ ਇਸ ਵਰ੍ਹੇ ਤੋਂ ਸਿੱਖ ਬੱਚਿਆਂ ਲਈ 50 ਫੀਸਦੀ ਸੀਟਾਂ ਰਾਖਵੀਆਂ ਰੱਖਣ ’ਚ ਕਾਮਯਾਬੀ ਪ੍ਰਾਪਤ ਕੀਤੀ ਹੈ।

ਦਾਖਿਲੇ ਦਾ ਅਧਾਰ ਸਾਬਤ-ਸੂਰਤ ਸਿੱਖੀ ਸਰੂਪ ਅਤੇ ਮਾਂ-ਬੋਲੀ ਨੂੰ ਬਣਾਉਣ ਦੀ ਕਮੇਟੀ ਵੱਲੋਂ ਕੀਤੀ ਗਈ ਪਹਿਲ ਨੂੰ ਵੀ ਜੌਲੀ ਨੇ ਪੰਥ ਪੱਖੀ ਦੱਸਿਆ। ਜੌਲੀ ਨੇ ਦਿੱਲੀ ਕਮੇਟੀ ਦੇ ਪ੍ਰਬੰਧ ਤੋਂ ਬਾਹਰ ਦੇ ਬਾਕੀ ਖਾਲਸਾ ਸਕੂਲਾਂ ਨੂੰ ਘਟਗਿਣਤੀ ਅਦਾਰੇ ਵੱਜੋਂ ਮਾਨਤਾ ਦਿਵਾਉਣ ਵਾਸਤੇ ਕਮੇਟੀ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ਾਂ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖਾਲਸਾ ਸਕੂਲਾਂ ਨੂੰ ਸਹਿਯੋਗ ਦੇਣ ਦੇ ਕਮੇਟੀ ਵੱਲੋਂ ਭੇਜੇ ਗਏ ਪੱਤਰ ਤੋਂ ਬਾਅਦ ਕਈ ਨਿਜ਼ੀ ਖਾਲਸਾ ਸਕੂਲ ਕਮੇਟੀ ਕੋਲ ਇਸ ਮਸਲੇ ’ਤੇ ਕਾਨੂੰਨੀ ਮਦਦ ਲੈਣ ਲਈ ਆਏ ਹਨ। ਸਾਡਾ ਟੀਚਾ ਦਿੱਲੀ ਕਮੇਟੀ ਦੇ ਨਾਲ ਹੀ ਦਿੱਲੀ ਦੇ ਸਮੂਹ ਖਾਲਸਾ ਸਕੂਲਾਂ ਨੂੰ ਘਟਗਿਣਤੀ ਅਦਾਰੇ ਦੇ ਦਰਜੇ ਵੱਜੋਂ ਮਾਨਤਾ ਦਿਵਾ ਕੇ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਦਾ ਹੈ।

ਘਟਗਿਣਤੀ ਅਦਾਰੇ ਵੱਜੋਂ ਮਾਨਤਾ ਪ੍ਰਾਪਤ ਕਰਨ ਵਾਲੇ 7 ਸਕੂਲ ਹਨ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ, ਵਸੰਤ ਵਿਚਾਰ, ਲੋਨੀ ਰੋਡ, ਤਿਲਕ ਨਗਰ, ਹਰਗੋਬਿੰਦ ਐਨਕਲੇਵ, ਸੁਖੋ ਖਾਲਸਾ ਸਕੂਲ ਜੇਲ ਰੋਡ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੇਵ ਨਗਰ। 8 ਉੱਚ ਵਿੱਦਿਅਕ ਅਦਾਰਿਆਂ ’ਚ ਗੁਰੂ ਰਾਮ ਦਾਸ ਕਾਲਜ ਆਫ ਐਜੂਕੇਸ਼ਨ ਲੋਨੀ ਰੋਡ, ਗੁਰੂ ਨਾਨਕ ਦੇਵ ਕਾਲਜ ਆਫ ਐਜੂਕੇਸ਼ਨ ਪੰਜਾਬੀ ਬਾਗ, ਗੁਰੂ ਤੇਗ ਬਹਾਦਰ ਇੰਸਟੀਟਿਯੂਟ ਆਫ ਟੈਕਨੋਲੌਜੀ ਪੰਜਾਬੀ ਬਾਗ, ਗੁਰੂ ਤੇਗ ਬਹਾਦਰ ਪੌਲੀਟੈਕਨਿਕ ਵਸੰਤ ਵਿਹਾਰ, ਗੁਰੂ ਨਾਨਕ ਇੰਸਟੀਟਿਯੂਟ ਆਫ ਮੈਨੇਜਮੈਂਟ ਪੰਜਾਬੀ ਬਾਗ, ਗੁਰੂ ਹਰਿਗੋਬਿੰਦ ਇੰਸਟੀਟਿਯੂਟ ਆਫ ਮੈਨੇਜਮੈਂਟ ਹਰਿਗੋਬਿੰਦ ਐਨਕਲੇਵ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪ੍ਰਾਈਵੇਟ ਆਈ.ਟੀ.ਆਈ. ਤਿਲਕ ਨਗਰ ਸ਼ਾਮਿਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version