ਅਨੰਦਪੁਰ ਸਾਹਿਬ: ਖਾਲਸਾ ਪੰਥ ਜੀ ਦੇ ਜੋੜ ਮੇਲਿਆਂ ਮੌਕੇ ਆਪਸੀ ਵਿਚਾਰ ਵਟਾਂਦਰੇ ਦੀ ਪੰਥਕ ਪਰੰਪਰਾ ਨੂੰ ਸੁਰਜੀਤ ਕਰਨ ਲਈ ਯਤਨਸ਼ੀਲ ਪੰਥ ਸੇਵਕ ਜਥਾ ਦੁਆਬਾ ਵੱਲੋਂ ਹੋਲੇ ਮਹੱਲੇ ਮੌਕੇ ਅੱਜ ਇਕ ਸੁਬਾਦ ਸਭਾ ਅਨੰਦਪੁਰ ਸਾਹਿਬ ਵਿਖੇ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਪੰਥਕ ਜਥਿਆਂ, ਸਿੱਖ ਸੰਪਰਦਾਵਾਂ, ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਤਖਤ ਸਾਹਿਬਾਨ ਅਤੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਅਤੇ ਸਿੱਖ ਸਫਾਂ ਅੰਦਰ ਮੌਜੂਦਾ ਖਿੰਡਾਓ ਦੇ ਹਾਲਾਤ ਉੱਪਰ ਵਿਚਾਰ ਵਟਾਂਦਰਾ ਕੀਤਾ।

ਸੁਬਾਦ ਸਭਾ ਦੀ ਸ਼ੁਰੂਆਤ ਭਾਈ ਮਹਿਕਦੀਪ ਸਿੰਘ ਵਲੋਂ ਗੁਰਬਾਣੀ ਕੀਰਤਨ ਅਤੇ ਦੋਆਬਾ ਜਥੇ ਦੇ ਬੱਚਿਆਂ ਵਲੋਂ ਮੂਲ-ਮੰਤਰ ਦੇ ਜਾਪ ਨਾਲ ਕੀਤੀ, ਉਪਰੰਤ ਪੰਥ ਸੇਵਕ ਜਥਾ ਦੁਆਬਾ ਤੋਂ ਭਾਈ ਮਨਧੀਰ ਸਿੰਘ ਨੇ ਸਭਾ ਦੇ ਵਿਚਾਰ ਵਟਾਂਦਰੇ ਦਾ ਮੁੱਢ ਬੰਨ੍ਹਦਿਆਂ ਕਿਹਾ ਕਿ ਪੰਥ ਵਿੱਚ ਚਲ ਰਹੇ ਵਖੋ ਵਖ ਚਰਚਾ ਅਤੇ ਚਿੰਤਨ ਦੇ ਘੇਰਿਆਂ ਅੰਦਰ ਕੁਝ ਚਰਚਾਵਾਂ ਅਤੇ ਸਰਗਰਮੀਆਂ ਬਾਦਲ ਪਰਿਵਾਰ ਅਤੇ ਚਿਹਰੇ ਬਦਲਣ ਤਕ ਸੀਮਤ ਹਨ ਪਰ ਉਥੇ ਹੀ ਪੰਥ ਦੇ ਹੋਰ ਸੁਹਿਰਦ ਵਰਗ ਨੀਤੀ ਅਤੇ ਢਾਂਚੇ ਵਿਚ ਪਈਆਂ ਊਣਤਾਈਆਂ ਨੂੰ ਸੰਬੋਧਿਤ ਹੋਣ ਦੇ ਲਗਾਤਾਰ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਅਨਿਸ਼ਚਿਤਤਾ ਅਤੇ ਉਥਲ-ਪੁਥਲ ਦਾ ਸਮਾਂ ਹੈ ਕਿੰਉਕਿ ਬੀਤੀ ਸਦੀ ਦੌਰਾਨ ਉਸਰੇ ਸਿੱਖਾਂ ਦੇ ਪੰਥਕ ਅਤੇ ਰਾਜਨੀਤਕ ਢਾਂਚੇ ਇਸ ਵੇਲੇ ਆਪਣਾ ਅਸਰ ਗਵਾ ਚੁੱਕੇ ਹਨ ਅਤੇ ਇਹ ਦੌਰ ਨਵੀਂ ਉਸਾਰੀ ਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖਾਲਸਾ ਪੰਥ ਵਿੱਚ ਆਪਸੀ ਵਿਚਾਰ ਵਟਾਂਦਰੇ ਅਤੇ ਸੰਵਾਦ ਦੀ ਇੱਕ ਮਹਾਨ ਪਰੰਪਰਾ ਰਹੀ ਹੈ ਜਿਸ ਨੂੰ ਸੁਰਜੀਤ ਕਰਨਾ ਸਮੇਂ ਦੀ ਲੋੜ ਹੈ। ਇਸ ਸਾਰੇ ਸੰਦਰਭ ਅਤੇ ਪੜਚੋਲ ਦੇ ਘੇਰਿਆਂ ਨੂੰ ਮੁੱਖ ਰਖਦੇ ਹੋਏ ਭਾਈ ਮਨਧੀਰ ਸਿੰਘ ਨੇ ਆਈ ਹੋਈਆਂ ਸ਼ਖ਼ਸੀਅਤਾਂ ਨੂੰ ਆਪੋ ਆਪਣੇ ਵਿਚਾਰ ਸਾਂਝੇ ਕਰਨ ਲਈ ਬੇਨਤੀ ਕੀਤੀ।

ਇਸ ਮੌਕੇ ਭਾਈ ਬਖਸ਼ੀਸ਼ ਸਿੰਘ (ਅਖੰਡ ਕੀਰਤਨੀ ਜਥਾ), ਭਾਈ ਦਲਜੀਤ ਸਿੰਘ ਬਿੱਟੂ (ਪੰਚ ਪ੍ਰਧਾਨੀ ਪੰਥਕ ਜਥਾ) ਅਤੇ ਡਾ. ਕੰਵਲਜੀਤ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਤਖਤ ਸਾਹਿਬਾਨ ਦਾ ਪ੍ਰਬੰਧ ਕਿਸੇ ਵੀ ਵੋਟਾਂ ਲੜਨ ਵਾਲੀ ਰਾਜਸੀ ਜਮਾਤ ਦੇ ਅਧੀਨ ਜਾਂ ਦਿੱਲੀ ਦਰਬਾਰ ਅਧੀਨ ਚੱਲਣ ਵਾਲੀ ਕਿਸੇ ਪ੍ਰਬੰਧਕੀ ਕਮੇਟੀ ਕੋਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕਾਇਮ ਰੱਖਣ ਵਾਸਤੇ ਖਾਲਸਾਈ ਪਰੰਪਰਾ ਅਨੁਸਾਰ ਅਸਲ ਅਕਾਲੀ ਗੁਣਾਂ ਦੀਆਂ ਧਾਰਨੀ ਸ਼ਖਸ਼ੀਅਤਾਂ ਦਾ ਇੱਕ ਜਥਾ ਉਸਾਰਿਆ ਜਾਣਾ ਚਾਹੀਦਾ ਹੈ ਜਿਸ ਦੀ ਨਿਗਰਾਨੀ ਹੇਠ ਸੰਸਾਰ ਭਰ ਦੇ ਸਿੱਖਾਂ ਦੀ ਸ਼ਮੂਲੀਅਤ ਵਾਲਾ ਤਖਤ ਸਾਹਿਬਾਨ ਦਾ ਪ੍ਰਬੰਧਕੀ ਨਿਜ਼ਾਮ ਸਿਰਜਿਆ ਜਾ ਸਕੇ।
ਸੁਬਾਦ ਸਭਾ ਦੌਰਾਨ ਮੌਜੂਦਾ ਸਮੇਂ ਵਿੱਚ “ਅਕਾਲੀ ਦਲ” ਦੀ ਪੁਨਰ ਸੁਰਜੀਤੀ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ। ਅਕਾਲੀ ਦਲ ਨੂੰ ਸੁਰਜੀਤ ਕਰਨ ਬਾਰੇ ਵਿਚਾਰ ਰੱਖਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਪਾਰਟੀ ਅਤੇ ਪੰਥਕ ਰਿਵਾਇਤ ਅਨੁਸਾਰ ਖਾਲਸੇ ਜੀ ਕੇ ਬੋਲ ਬਾਲੇ ਲਈ ਸੰਘਰਸ਼ ਕਰਨ ਵਾਲੀ ਜਥੇਬੰਦੀ ਦੇ ਸਰੂਪ ਵਖੋ ਵਖਰੇ ਹੋਣੇ ਚਾਹੀਦੇ ਹਨ ਅਤੇ ਦਾਅਵੇਦਾਰਾਂ ਨੂੰ ਇਸ ਬਾਰੇ ਸਪਸ਼ਟਤਾ ਲਿਆਉਣੀ ਚਾਹੀਦੀ। ਰਾਜਸੀ ਧਿਰ ਦੀ ਸੁਰਜੀਤੀ ਲਈ ਉਸਦੇ ਸਰੂਪ ਬਾਰੇ ਸਪਸ਼ਟਤਾ ਲਿਆਏ ਬਿਨਾ ਕੋਈ ਵੀ ਸਾਰਥਕ ਨਤੀਜਾ ਨਹੀਂ ਕੱਢਿਆ ਜਾ ਸਕਦਾ।

ਬੁਲਾਰਿਆਂ ਨੇ ਕਿਹਾ ਅਕਾਲ ਤਖਤ ਸਾਹਿਬ ਤੋਂ ਸੇਧਤ ਕਾਰਵਾਈ ਕਿਸੇ ਇਕ ਸਿਆਸੀ ਪਾਰਟੀ ਦੀ ਸੁਰਜੀਤੀ ਦੀ ਥਾਂ ਮੁਕੰਮਲ ਪੰਥਕ ਜੁਗਤਿ ਦੀ ਸੁਰਜੀਤੀ ਉੱਤੇ ਕੇਂਦ੍ਰਿਤ ਕੀਤੀ ਜਾਵੇ ਜਿਸ ਤਹਿਤ ਤਖਤ ਸਾਹਿਬਾਨ ਦੀ ਸੇਵਾ ਸੰਭਾਲ ਦਾ ਪੰਥਕ ਪ੍ਰਬੰਧ ਸਿਰਜਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੁਦਮੁਖਤਿਆਰੀ ਬਹਾਲ ਕਰਨ, ਖਾਲਸਾ ਜੀ ਕੇ ਬੋਲਬਾਲੇ ਅਨੁਸਾਰੀ ਦੇਸ-ਕਾਲ ਘੜ੍ਹਨ ਦੇ ਸੰਘਰਸ਼ ਅਤੇ ਇੰਡੀਅਨ ਵੋਟ ਰਾਜਨੀਤੀ ਵਿਚ ਸ਼ਮੂਲੀਅਤ ਨੂੰ ਸੇਧਤ ਕਰਨ ਬਾਰੇ ਵਿਚਾਰ-ਵਟਾਂਦਰਾ ਸ਼ੁਰੂ ਕੀਤਾ ਜਾਵੇ।
ਇਸ ਮੌਕੇ ਜਥੇਦਾਰ ਬਾਬਾ ਨਾਗਰ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਕੰਵਰਪਾਲ ਸਿੰਘ ਦਲ ਖਾਲਸਾ, ਕੁਸ਼ਲਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ,ਪਲਵਿੰਦਰ ਸਿੰਘ ਤਲਵਾੜਾ (ਵਾਰਿਸ ਪੰਜਾਬ ਦੇ) ਅਤੇ ਕੰਵਰ ਚੜ੍ਹਤ ਸਿੰਘ (ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ), ਸੁਖਦੀਪ ਸਿੰਘ ਮੀਕੇ (ਪੰਥ ਸੇਵਕ ਜਥਾ ਮਾਝਾ), ਬਾਬਾ ਪਰਗਟ ਸਿੰਘ ਫਿਰੋਜ਼ਪੁਰ ਪੰਥ ਅਕਾਲੀ ਤਰਨਾ ਦਲ, ਸ. ਦਵਿੰਦਰ ਸਿੰਘ (ਸਾਬਕਾ ਚੀਫ ਇੰਜੀਨੀਅਰ ਬਿਜਲੀ ਬੋਰਡ), ਗਿਆਨੀ ਤੇਜਬੀਰ ਸਿੰਘ ਅੰਮ੍ਰਿਤਸਰ, ਮਲਕੀਤ ਸਿੰਘ ਭਵਾਨੀਗੜ੍ਹ ਸਿੱਖ ਜਥਾ ਮਾਲਵਾ, ਖੁਸ਼ਹਾਲ ਸਿੰਘ ਕੇਂਦਰੀ ਸਿੰਘ ਸਭਾ, ਭਾਈ ਸੁਖਪ੍ਰੀਤ ਸਿੰਘ ਪਲਾਸੌਰ ਢਾਡੀ ਜਥਾ ਪਰਚਾਰਕ, ਡਾ. ਸਿਕੰਦਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਡਾ. ਸੁਖਪਾਲ ਸਿੰਘ ਖਾਲਸਾ ਕਾਲਜ, ਡਾ. ਗੁਰਪ੍ਰੀਤ ਸਿੰਘ ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ ਅੰਮ੍ਰਿਤਸਰ, ਭਾਈ ਗੁਰਦਿਆਲ ਸਿੰਘ ਲੱਖਪੁਰ ਢਾਡੀ, ਭਾਈ ਬਲਬੀਰ ਸਿੰਘ ਭੁੱਲਾਂਰਾਈ ਢਾਡੀ, ਜਥੇਦਾਰ ਜਰਨੈਲ ਸਿੰਘ, ਜਥੇਦਾਰ ਦਲਜੀਤ ਸਿੰਘ ਮੌਲਾ, ਮਾਸਟਰ ਬਖਸ਼ੀਸ਼ ਸਿੰਘ, ਸ. ਸ਼ਿੰਦਰਪਾਲ ਸਿੰਘ, ਭਾਈ ਸਤਨਾਮ ਸਿੰਘ ਭਾਰਾਪੁਰ ਢਾਡੀ, ਗੁਰਦੀਪ ਸਿੰਘ ਸਿੱਧੂ, ਹਰਨੇਕ ਸਿੰਘ ਉੱਪਲ ਵਾਰਿਸ ਪੰਜਾਬ ਦੇ, ਜਸਬੀਰ ਸਿੰਘ ਖਾਲਸਾ, ਭਾਈ ਹਰਜੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ, ਸੰਤੋਖ ਸਿੰਘ ਡੱਲਾ, ਸੁਖਵਿੰਦਰ ਸਿੰਘ ਚੋਣੇ, ਜਸਪਾਲ ਸਿੰਘ ਪੱਤਰਕਾਰ, ਹਰਚਰਨ ਸਿੰਘ ਗਿਆਨੀ, ਰਾਜਵਿੰਦਰ ਸਿੰਘ ਰਾਜੂ ਅੰਮ੍ਰਿਤਸਰ ਅਤੇ ਪੰਥ ਸੇਵਕ ਜਥਾ ਦੋਆਬਾ, ਪੰਥ ਅਕਾਲੀ ਚਕਰਵਰਤੀ ਤਰਨਾ ਦਲ ਗੁਰਦੁਆਰਾ ਅਜੀਤਗੜ੍ਹ ਸਾਹਿਬ, ਪੰਚ ਪ੍ਰਧਾਨੀ ਪੰਥਕ ਜਥਾ, ਪੰਥ ਸੇਵਕ ਜਥਾ ਮਾਝਾ, ਸਿੱਖ ਜਥਾ ਮਾਲਵਾ, ਜਥਾ ਲੱਖੀ ਜੰਗਲ ਖਾਲਸਾ, ਨੌਜਵਾਨ ਕਿਸਾਨ ਮਜਦੂਰ ਕਮੇਟੀ (ਸ਼ਹੀਦਾਂ) ਆਦਿ ਦੇ ਨੁਮਾਇੰਦੇ ਹਾਜਰ ਸਨ।