ਅੰਮ੍ਰਿਤਸਰ: ਅੰਮ੍ਰਿਤਸਰ ਦੀ ਇਕ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਸਮੇਤ ਪੰਜ ਹੋਰਾਂ ਨੂੰ ਸੰਮਨ ਜਾਰੀ ਕੀਤੇ ਹਨ।
ਅਦਾਲਤ ਦੀ ਹੱਤਕ ਕਰਨ ਦੇ ਇਕ ਮਾਮਲੇ ਵਿਚ 22 ਅਪ੍ਰੈਲ ਨੂੰ ਜਾਰੀ ਕੀਤੇ ਗਏ ਸੰਮਨ ਵਿਚ ਇਨ੍ਹਾਂ ਸੱਤਾਂ ਵਿਅਕਤੀਆਂ ਨੂੰ 19 ਮਈ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਥਾਨਕ ਸਿਵਲ ਜੱਜ (ਜੂਨੀਅਰ ਡਵਿਜ਼ਨ) ਦੀ ਅਦਾਲਤ ਵਿਚ ਇਕ ਦੁਕਾਨਦਾਰ ਹਰਬੀਰ ਸਿੰਘ ਵਲੋਂ ਸਿਕਾਇਤ ਦਾਇਰ ਕੀਤੀ ਗਈ ਹੈ। ਸ਼ਿਕਾਇਤ ਕਰਦਾ ਦਾ ਦੋਸ਼ ਹੈ ਕਿ ਅਦਾਲਤ ਵੱਲੋਂ ਉਸ ਦੀ ਦੁਕਾਨ ਖਾਲੀ ਕਰਵਾਉਣ ਉੱਤੇ ਰੋਕ ਲਾਏ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਾਰਕੁਨਾਂ ਵਲੋਂ 12 ਅਪਰੈਲ ਨੂੰ ਜਬਰੀ ਉਸ ਦੀ ਦੁਕਾਨ ਖਾਲੀ ਕਰਾਈ ਗਈ।

ਇਸ ਮਾਮਲੇ ਵਿਚ ਸੁਖਬੀਰ ਬਾਦਲ ਤੇ ਅਵਤਾਰ ਸਿੰਘ ਮੱਕੜ ਤੋਂ ਇਲਾਵਾ ਸ਼ਿਕਾਇਤ ਕਰਤਾ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਹਰਚਰਨ ਸਿੰਘ ਸਮੇਤ ਅਸਟੇਟ ਅਫਸਰ ਪਰਮਜੀਤ ਸਿੰਘ, ਡਰਾਈਵਰ ਜਰਨੈਲ ਸਿੰਘ, ਸੇਵਾਦਾਰ ਧਰਮਾ ਨੂੰ ਵੀ ਨਾਮਜ਼ਦ ਕੀਤਾ ਹੈ।
ਸਿਕਾਇਤਕਰਤਾ ਹਰਬੀਰ ਸਿੰਘ ਅਨੁਸਾਰ ਪਿਛਲੇ 70 ਸਾਲਾਂ ਤੋਂ ਇਹ ਦੁਕਾਨ ਉਨ੍ਹਾਂ ਦੇ ਪਰਿਵਾਰ ਕੋਲ ਹੈ। ਉਸ ਨੇ ਅਦਾਲਤ ਵਿਚ ਅਖਬਾਰਾਂ ਦੀਆਂ ਕਾਤਰਾਂ ਵੀ ਪੇਸ਼ ਕੀਤੀਆਂ ਹਨ, ਜਿਸ ਵਿਚ ਉਪ ਮੁੱਖ ਮੰਤਰੀ ਨੂੰ ਉਸ ਦੀ ਦੁਕਾਨ ਖਾਲੀ ਕਰਾਉਣ ਲਈ ਹਦਾਇਤ ਕਰਦੇ ਦਿਖਾਇਆ ਗਿਆ ਹੈ।
ਉਸ ਨੇ ਦੱਸਿਆ ਕਿ ਘੰਟਾ ਘਰ ਵਾਲੇ ਪਾਸੇ ਬਣੀਆਂ ਦੁਕਾਨਾਂ ਨੂੰ ਗਲਿਆਰਾ ਪ੍ਰਾਜੈਕਟ ਹੇਠ ਖਾਲੀ ਕਰਾਇਆ ਗਿਆ ਹੈ ਅਤੇ ਇਸ ਦੇ ਬਦਲੇ ਅੰਮ੍ਰਿਤਸਰ ਵਿਕਾਸ ਅਥਾਰਟੀ ਵਲੋਂ ਢੁਕਵੀਆਂ ਦੁਕਾਨਾਂ ਦਿੱਤੀਆਂ ਗਈਆਂ ਹਨ ਪਰ ਉਸ ਨੇ ਮਿਲੀ ਦੁਕਾਨ ਬਾਰੇ ਸਹਿਮਤੀ ਨਹੀਂ ਦਿੱਤੀ ਸੀ ਅਤੇ ਨਾ ਹੀ ਇਸ ਸਬੰਧੀ ਪੱਤਰ ਪ੍ਰਾਪਤ ਕੀਤਾ ਸੀ।
Read This News in English:
Court summons to Sukhbir Badal, SGPC chief Avtar Singh Makkar
***
