Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਕੌਮ ਦੇ ਝਰੋਖੇ ‘ਚੋਂ… ਨਵਾਂ ਸਾਲ

ਸਿੱਖ ਕੌਮ ਦੇ ਝਰੋਖੇ ‘ਚੋਂ… ਨਵਾਂ ਸਾਲ

ਡਾ. ਅਮਰਜੀਤ ਸਿੰਘ ਵਾਸ਼ਿੰਗਟਨ* 

ਹਰ ਸਾਲ ਰਵਾਇਤ ਵਾਂਗ, ਬੀਤੇ ਵਰ੍ਹੇ ਨੂੰ ਅਲਵਿਦਾ ਕਹਿਣ ਤੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਅੱਜਕਲ੍ਹ ਗਰੀਟਿੰਗ ਕਾਰਡਾਂ ਦੀ ਥਾਂ ਈ-ਮੇਲ ਗਰੀਟਿੰਗ ਕਾਰਡਾਂ ਨੇ ਲੈ ਲਈ ਹੈ।ਬਹੁਤ ਸਾਰੇ ਲੋਕ ਤਾਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਜਿਵੇਂ ਫੇਸਬੁੱਕ, ਟਵਿੱਟਰ ਆਦਿ ਰਾਹੀਂ ਹੀ ਸ਼ੁੱਭ ਇੱਛਾਵਾਂ ਦਾ ਆਦਾਨ-ਪ੍ਰਦਾਨ ਕਰਨ ਲੱਗ ਪਏ ਹਨ। ਇੱਕ ਮਸ਼ੀਨੀ ਯੁੱਗ ਦੇ ‘ਮਸ਼ੀਨੀ ਮਨੁੱਖ’ ਤੋਂ, ‘ਦਿਲਾਂ ਦੀ ਧੜਕਣ’ ਤੇ ‘ਜਜ਼ਬਿਆਂ ਦੀ ਸਾਂਝ’ ਦੀ ਤਵੱਕੋ ਕਰਨਾ ਵੀ ਅਲਾਦੀਨ ਦਾ ਚਿਰਾਗ ਮੰਗਣ ਵਾਲੀ ਗੱਲ ਹੀ ਹੋ ਗਈ ਹੈ। ਮਾਂ-ਪਿਓ, ਭੈਣ-ਭਰਾ, ਭਰਾ-ਭਰਾ, ਮਿੱਤਰ-ਸੱਜਣ ਰਿਸ਼ਤੇਦਾਰੀਆਂ ਆਦਿ ਦੇ ਦਿਲਾਂ ਨੂੰ ਧੂਹ ਪਾਉਣ ਵਾਲੇ ਰਿਸ਼ਤੇ ਵੀ ਤਿੜਕਦੇ-ਤਿੜਕਦੇ, ‘ਹੈਪੀ ਨੀਊ ਈਅਰ’ ਦੇ ਗਰੀਟਿੰਗ ਕਾਰਡ ਦੀ ਵਲਗਣ ਵਿੱਚ ਹੀ ਸਮਾ ਚੁੱਕੇ ਹਨ। ਦਿਲਾਂ ਦੇ ਖੇੜੇ, ਚਿਹਰਿਆਂ ਦੀ ਚਮਕ, ਰੂਹ ਦੀ ਸ਼ਾਂਤੀ ਆਦਿ ‘ਬੀਤੇ ਪਿਛੜੇ ਯੁੱਗ’ ਦੀਆਂ ਗੱਲਾਂ ਹੋ ਗਈਆਂ ਹਨ। ਹੁਣ ਤਾਂ ‘ਭੱਜ ਲਓ-ਦੌੜ ਲਓ’, ‘ਉਹ ਅੱਗੇ ਲੰਘ ਗਿਆ,’ ‘ਜ਼ਮਾਨਾ ਬਹੁਤ ਐਡਵਾਂਸ ਹੈ-ਅਸੀਂ ਵੀ ਪੁਰਾਤਨਤਾ ਦਾ ਚੋਲਾ ਲਾਹੀਏ’, ‘ਟਾਈਮ ਕੀਹਦੇ ਕੋਲ ਹੈ’ ਆਦਿ ਦੇ ਹਾਈ-ਟੈੱਕ ਨਾਹਰੇ ਹੀ ਫਿਜ਼ਾ ਵਿੱਚ ਗੂੰਜਦੇ ਸੁਣਾਈ ਦਿੰਦੇ ਹਨ। ਕਿਤੇ ਕਿਤੇ ਦੀਨ-ਵਿਚਾਰਗੀ ਵਿੱਚ ਵਿਚਰਦੇ ਵੈਰਾਗੀ ਚਿਹਰਿਆਂ ਦੀ ਗੁਣਗੁਣਾਹਟ ਜ਼ਰੂਰੀ ਸੁਣਾਈ ਦਿੰਦੀ ਹੈ – ‘ਕਿਸ ਪੈ ਖੋਲਹੁੰ ਗੰਠੜੀ, ਦੁਖੀ ਭਰ ਆਇਆ…।’

ਅਸੀਂ ਤਾਂ ਨਵੇਂ ਸਾਲ ਦੀ ‘ਖੁਸ਼ੀ’ ਮੌਕੇ, ਉਦਾਸੀਆਂ ਦੀ ਪੰਡ ਖੋਲ ਬੈਠੇ ਹਾਂ। ਬਹੁਤਿਆਂ ਲਈ ਤਾਂ ਇਹ ਸਮਾਂ ‘ਫੱਨ ਕਰਨ’ ਤੋਂ ਵੱਧ ਕੋਈ ਅਹਿਮੀਅਤ ਨਹੀਂ ਰੱਖਦਾ। ਫੇਰ ‘ਬੇਘਰੀ ਕੌਮ’ ਦੀ ਨੁਮਾਇੰਦਗੀ ਕਰਨ ਵਾਲੇ ‘ਬੇ-ਸਿਰਨਾਵੇਂ’ ਇਨਸਾਨਾਂ ਦੀ ਔਕਾਤ ਵੀ ਕੀ ਹੈ, ਜਿਨਾਂ ਨੂੰ ‘ਰੰਗ ‘ਚ ਭੰਗ ਪਾਉਣ’ ਦੀ ਐਵੇਂ ਵਾਦੀ ਜਿਹੀ ਪਈ ਹੋਈ ਹੈ।

ਪਰ ਇਸ ਮਾਹੌਲ ਦੀ ਬਣਾਉਟੀ ਚਮਕ-ਦਮਕ ਦੇ ਅਡੰਬਰ ਵਿੱਚ ਵੀ, ਤਾਂ ਕਿਸੇ ਨੇ ਖਰੀਆਂ-ਖਰੀਆਂ ਸੁਣਾਉਣੀਆਂ ਹੀ ਹਨ। ਕਿਸੇ ਐਸੇ ਮਾਹੌਲ ਦੇ ਸਾਹਵੇਂ ਹੀ ਬੁੱਲ੍ਹੇ ਸ਼ਾਹ ਨੇ ਕਿਹਾ ਹੋਵੇਗਾ –

‘ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ।
ਝੂਠ ਬੋਲਾਂ ਤਾਂ ਕੁਝ ਬਚਦਾ ਏ!
ਜੀਅ ਦੋਹਾਂ ਗੱਲਾਂ ਤੋਂ ਜਕਦਾ ਏ।
ਜਚ-ਜਚ ਕੇ ਜਿਹਵਾ ਕਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।’

30 ਮਿਲੀਅਨ ਸਿੱਖ ਕੌਮ, ਜਿਸ ਦਾ ਸਿੱਖ ਧਰਮ, ਦੁਨੀਆ ਦਾ ਸਭ ਤੋਂ ਵੱਡਾ ‘ਪੰਜਵਾਂ ਧਰਮ’ ਹੈ – ਵਰ੍ਹਾ 2018 ਦੀ ‘ਗੁਲਾਮੀ’ ਚੋਂ ਵਰ੍ਹਾ 2019 ਦੀ ਗੁਲਾਮੀ ਵਿੱਚ ਪ੍ਰਵੇਸ਼ ਕਰ ਰਹੀ ਹੈ। ਸੰਸਾਰ ਪੱਧਰ ‘ਤੇ ਅੱਡ-ਅੱਡ ਚੈਲੰਜਾਂ ਦਾ ਬੜੀ ਬਹਾਦਰੀ ਨਾਲ ਟਾਕਰਾ ਕਰਨ ਦੇ ਬਾਵਜੂਦ, ਆਪਣੇ ‘ਹੋਮਲੈਂਡ’ ਵਿੱਚ ਹਾਲਤ, ਦਿਨ ਪ੍ਰਤੀ ਦਿਨ ਨਿੱਘਰਦੀ ਜਾ ਰਹੀ ਹੈ।

ਬਾਦਲ ਕੋੜਮਾ, ਹਿੰਦੂਤਵੀਆਂ ਦਾ ‘ਟਾਇਮ ਟੈਸਟਿਡ ਹੱਥਠੋਕਾ’ ਬਣ ਕੇ, ਸਿੱਖੀ ਕਦਰਾਂ ਕੀਮਤਾਂ, ਸਿੱਖ ਸੰਸਥਾਵਾਂ, ਸਿੱਖੀ ਰਵਾਇਤਾਂ, ਸਿੱਖੀ ਆਚਰਣ ਅਤੇ ਸਿੱਖੀ ਆਨ-ਸ਼ਾਨ-ਤਾਨ ਸਭ ਦਾ ਬੇਦਰਦੀ ਨਾਲ ‘ਕਤਲ’ ਕਰ ਰਿਹਾ ਹੈ।

ਬਾਦਲਗਰਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਜਾਇਦਾਦ ਦੀ ‘ਐਕਸਟੈਨਸ਼ਨ’ ਹੀ ਬਣਾ ਲਿਆ ਹੈ। ਅਕਾਲ ਤਖਤ, ਜਿਹੜਾ ਸਿੱਖ ਕੌਮ ਦਾ ਪਿਛਲੀਆਂ ਚਾਰ ਸਦੀਆਂ ਤੋਂ ‘ਅਜ਼ਾਦੀ ਅਤੇ ਪ੍ਰਭੂਸੱਤਾ’ ਦਾ ਪ੍ਰਤੀਕ ਰਿਹਾ ਹੈ, ਇਸ ਵੇਲੇ ਬਾਦਲਗਰਦੀ ਵਲੋਂ ਇੱਕ ‘ਨਿੱਜੀ ਅਦਾਰੇ’ ਵਾਂਗ ਵਰਤਿਆ ਜਾ ਰਿਹਾ ਹੈ। ਸਾਡੇ ਧਾਰਮਿਕ ਜਥੇਦਾਰ ਸਿਰਫ ‘ਤਨਖਾਹਦਾਰ’ ਬਣਾ ਦਿੱਤੇ ਗਏ ਹਨ। ਆਪਣੇ ਹੀ ‘ਤਨਖਾਹਦਾਰਾਂ’ ਕੋਲੋਂ ਖੁਦ ਨੂੰ ‘ਪੰਥ ਰਤਨ’ ਅਤੇ ‘ਫਖਰ-ਏ-ਕੌਮ’ ਜਿਹੇ ਵੱਕਾਰੀ ਸਨਮਾਨ ਦਿਵਾ ਕੇ ਇਨ੍ਹਾਂ ਸਨਮਾਨਾਂ ਦੀ ਵੁੱਕਤ ਘਟਾਈ ਜਾ ਰਹੀ ਹੈ। ਕੌਮ ਇਹ ਸਭ ਕੁਝ ਬੜੀ ਬੇਵਸੀ ਨਾਲ ਵੇਖ ਰਹੀ ਹੈ। 1978 ਵਿੱਚ ਨਰਕਧਾਰੀਆਂ ਦੇ ‘ਕੂੜਡੰਮ’ ਨੂੰ ਠੱਲ੍ਹ ਪਾਉਣ ਲਈ ਸ਼ਹੀਦੀਆਂ ਪਾਉਣ ਵਾਲੇ ਸ਼ਹੀਦ ਭਾਈ ਫੌਜਾ ਸਿੰਘ ਤੇ ਉਨ੍ਹਾਂ ਦੇ 12 ਹੋਰ ਸ਼ਹੀਦ ਸਾਥੀਆਂ ਦੀ ਲਿਸਟ ਵਿੱਚ ਪਿਛਲੇ ਤਿੰਨ ਦਹਾਕਿਆਂ ਵਿੱਚ ਹਜ਼ਾਰਾਂ ਹੋਰ ਨਾਮ ਜੁੜ ਗਏ ਹਨ। ਪਰ ਬਾਦਲਗਰਦੀ ਦੀ ਸਰਪ੍ਰਸਤੀ ਥੱਲੇ ਵਧਣ-ਫੁੱਲਣ ਵਾਲੇ ਨਰਕਧਾਰੀਆਂ ਦੇ ਪੰਜਾਬ ਵਿੱਚ ਭਨਿਆਰੇ, ਆਸ਼ੂਤੋਸ਼, ਕੂੜ ਸੌਦਾ ਵਰਗੇ ਕਈ ਸਾਥੀ ਹੋਰ ਜੰਮ ਪਏ ਹਨ। ਪੰਜਾਬ ਵਿੱਚ ਹਿੰਦੂਤਵੀਆਂ ਦੀਆਂ ‘ਏ’ ਅਤੇ ‘ਬੀ’ ਟੀਮਾਂ (ਬੀ. ਜੇ. ਪੀ. ਅਤੇ ਕਾਂਗਰਸ) ਦਾ ਪੂਰਾ ਬੋਲਬਾਲਾ ਹੈ। ਸੱਚ, ਹੱਕ ਅਤੇ ਇਨਸਾਫ ਦੇ ਰਸਤੇ ‘ਤੇ ਚੱਲਣ ਵਾਲੇ ਸਿੱਖ ਅੱਜ ਵੀ ‘ਦਹਿਸ਼ਤਗਰਦ’, ‘ਕੱਟੜਪੰਥੀ’, ‘ਅਮਨ ਕਾਨੂੰਨ ਲਈ ਖਤਰਾ’ ਅਤੇ ‘ਆਈ. ਐਸ. ਆਈ. ਦੇ ਏਜੰਟ’ ਮਾਤਰ ਹੀ ਹਨ।

ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਨੇ ਆਰ. ਐਸ. ਐਸ. ਤੇ ਬਾਦਲ ਕੋੜਮੇ ਨਾਲ ਸਮਝੌਤਾ ਕਰਕੇ ਲੜੀਆਂ। ਨਤੀਜੇ ਵਜੋਂ ਅੱਜ ਪੰਜਾਬ ਦਾ ਮੁੱਖ ਮੰਤਰੀ ਬਣਿਆ ਕੈਪਟਨ ਅਮਰਿੰਦਰ ਸਿੰਘ ਹਿੰਦੂਤਵੀਆਂ ਨੂੰ ਖੁਸ਼ ਕਰਨ ਲਈ ਮੋਦੀ ਸਰਕਾਰ ਦੀਆਂ ਸਿੱਖ-ਵਿਰੋਧੀ ਨੀਤੀਆਂ ਨੂੰ ਪੂਰੇ ਜ਼ਬਰ ਨਾਲ ਲਾਗੂ ਕਰ ਰਿਹਾ ਹੈ। ਪੰਜਾਬ ਵਿੱਚੋਂ ਦਰਜਨਾਂ ਨੌਜਵਾਨਾਂ ਨੂੰ ਖਾਲਿਸਤਾਨੀ ਅਤੇ ਗੈਂਗਸਟਰ ਕਹਿ ਕੇ ਝੂਠੇ ਮੁਕੱਦਮਿਆਂ ਵਿੱਚ ਫਸਾਇਆ ਜਾ ਰਿਹਾ ਹੈ। ਗੈਂਗਸਟਰਾਂ ਦੇ ਖਿਲਾਫ ਕਾਰਵਾਈ ਦੇ ਨਾਂ ਹੇਠਾਂ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ 50 ਲੱਖ ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਛੁਟਿਆਉਂਦਿਆਂ ਕੈਪਟਨ ਵਲੋਂ ਉਨ੍ਹਾਂ ਨੂੰ ਖਾਲਿਸਤਾਨੀ ਐਲਾਨਕੇ ਉਨ੍ਹਾਂ ਨੂੰ ਭੰਡਿਆ ਜਾ ਰਿਹਾ ਹੈ।

ਕੈਪਟਨ ਦੇ ਇਸ ਭੰਡੀ ਪ੍ਰਚਾਰ ਤੇ ਬਦਸਲੂਕੀ ਦਾ ਸ਼ਿਕਾਰ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਐਨ. ਡੀ. ਪੀ. ਦੇ ਲੀਡਰ ਜਗਮੀਤ ਸਿੰਘ ਸਮੇਤ ਕੈਨੇਡਾ ਦੇ ਸਿੱਖ ਐਮ. ਪੀ. ਹੋਏ ਹਨ। ਭਾਰਤੀ ਏਜੰਸੀਆਂ ਵਲੋਂ ਬਾਹਰਲੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਏਜੰਡੇ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰਦਿਆਂ ਪੰਜਾਬ ਪੁਲਿਸ ਵਲੋਂ ਇੰਗਲੈਂਡ ਦੇ ਸਿਟੀਜ਼ਨ ਜਗਤਾਰ ਸਿੰਘ ਜੱਗੀ ਜੌਹਲ ਨੂੰ 4 ਨਵੰਬਰ 2018 ਤੋਂ ਫੜਿਆ ਹੋਇਆ ਹੈ ਅਤੇ ਪੁਲਿਸ ਰਿਮਾਂਡ ਲੈ ਕੇ ਉਸ ‘ਤੇ ਬੇਤਹਾਸ਼ਾ ਤਸ਼ੱਦਦ ਕੀਤਾ ਜਾ ਰਿਹਾ ਹੈ। ਪਿਛਲੇ 3-4 ਵਰ੍ਹਿਆਂ ਵਿਚਲੇ ਸਾਰੇ ਹਿੰਸਕ 8-9 ਕੇਸਾਂ ਨੂੰ ‘ਸਿੱਖ ਦਹਿਸ਼ਤਗਰਦੀ’ ਨਾਲ ਜੋੜ ਕੇ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਭਰ ਵਿੱਚ ਸਟੇਟ-ਦਹਿਸ਼ਤਗਰਦੀ ਨੇ ਇੱਕ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬਾਦਲ ਦਲ ‘ਚੁੱਪ’ ਰਹਿ ਕੇ ਅਮਰਿੰਦਰ ਸਿੰਘ ਦੀਆਂ ਨੀਤੀਆਂ ਦਾ ਸਮਰਥਨ ਕਰ ਰਿਹਾ ਹੈ। ਮੋਦੀ ਸਰਕਾਰ, ਅਮਰਿੰਦਰ ‘ਤੇ ਪੂਰੀ ਤਰ੍ਹਾਂ ਮਿਹਰਬਾਨ ਹੈ। ਬਾਦਲ ਕੋੜਮੇ ਤੇ ਮਜੀਠੀਏ ਦੇ ਖਿਲਾਫ ‘ਭ੍ਰਿਸ਼ਟਾਚਾਰ ਅਤੇ ਡਰੱਗ ਮਾਫੀਏ’ ਦੇ ਪ੍ਰਚਾਰ ਵਾਲੀ ਮੁਹਿੰਮ ਚਲਾਉਣ ਵਾਲਾ ਅਮਰਿੰਦਰ ਹੁਣ ਬਿਲਕੁਲ ਚੁੱਪ ਵੱਟੀ ਬੈਠਾ ਹੈ। ਕੈਪਟਨ ਅਮਰਿੰਦਰ, ਸਿੱਖ ਵਿਰੋਧੀ ਏਜੰ²ਡੇ ਦੇ ਸਿਰ ‘ਤੇ, 2022 ਦੀਆਂ ਚੋਣਾਂ ਵਿੱਚ ਮੁੜ ਮੁੱਖ ਮੰਤਰੀ ਦੀ ਦਾਅਵੇਦਾਰੀ ਪੇਸ਼ ਕਰ ਚੁੱਕਾ ਹੈ।

ਸਿੱਖ ਕੌਮ ਦੇ ਗਲ ਗੁਲਾਮੀ ਦੇ ਸੰਗਲ, ਹਰ ਚੜ੍ਹਦੇ ਸੂਰਜ ਵਿੱਚ ਦੂਹਰੇ-ਚੌਹਰੇ ਹੋ ਰਹੇ ਹਨ ਪਰ ਕੌਮ ਦਾ ਇੱਕ ਵੱਡਾ ਹਿੱਸਾ ‘ਗੁਲਾਮੀ’ ਅਤੇ ‘ਆਜ਼ਾਦੀ’ ਵਿਚਕਾਰ ਵਿੱਥ ਸਮਝਣ ਤੋਂ ਹੀ ਅਸਮਰੱਥ ਹੋ ਚੁੱਕਾ ਹੈ। ਜਿਵੇਂ ਪਿੰਜਰੇ ‘ਚ ਕੈਦ ਇੱਕ ਤੋਤਾ ਉਸੇ ਪਿੰਜਰੇ ਨੂੰ ਆਪਣਾ ਘਰ ਸਮਝ ਕੇ, ਉਥੇ ਹੀ ਖੁਸ਼ੀ ਲੱਭਣ ਲੱਗ ਪੈਂਦਾ ਹੈ, ਠੀਕ ਉਸੇ ਤਰ੍ਹਾਂ ਸਿੱਖ ਕੌਮ ਗੁਲਾਮੀ ਦੇ ਪਿੰਜਰੇ ‘ਚੋਂ ਹੀ ਛੋਟੀਆਂ-ਛੋਟੀਆਂ ਖੁਸ਼ੀਆਂ ਲੱਭ ਰਹੀ ਹੈ ਪਰ ਸਾਰੀਆਂ ਸਮੱਸਿਆਵਾਂ ਦੀ ਜੜ ‘ਗੁਲਾਮੀ’ ਨੂੰ ਗਲੋਂ ਲਾਹੁਣ ਲਈ ਬਿਲਕੁਲ ਵੀ ਚੇਤੰਨ ਨਹੀਂ। ਪੰਜਾਬ ਦੀ ਜਵਾਨੀ, ਨਸ਼ਿਆਂ ਦੀ ਭੇਂਟ ਚੜ੍ਹ ਕੇ, ‘ਆਚਰਣਵਾਨ’ ਤੇ ‘ਆਚਰਣਹੀਣਤਾ’ ਵਿਚਕਾਰਲਾ ਫਾਸਲਾ ਹੀ ਮਿਟਾ ਚੁੱਕੀ ਹੈ। ਪਵਿੱਤਰਤਾ, ਅਣਖ, ਬਹਾਦਰੀ ਦੇ ਮੁਜੱਸਮੇ ਮਾਤਾ ਗੁਜਰੀ, ਮਾਤਾ ਸਾਹਿਬ ਕੌਰ, ਮਾਈ ਭਾਗੋ ਅਤੇ ਬੀਬੀ ਹਰਸ਼ਰਨ ਕੌਰ ਦੀਆਂ ਪੁੱਤਰੀਆਂ, ਅੱਜ ਕਿਨ੍ਹਾਂ ਵਾਟਾਂ ‘ਤੇ ਚੱਲ ਨਿੱਕਲੀਆਂ ਹਨ? ਅੱਜ ਕੌਮੀ ਹੋਣੀ ਅਤੇ ਕੌਮੀ ਨਿਸ਼ਾਨੇ – ਖਾਲਿਸਤਾਨ ਦੇ ਵਾਰਸ ਖਾਲਸਾ, ਭੁਝੰਗੀ ਅਤੇ ਭੁਝੰਗਣਾਂ ਕਿੱਥੇ ਹਨ? ਕੌਮੀ ਆਜ਼ਾਦੀ ਲੈਣ ਦੀ ਮੰਜ਼ਿਲ ਤੋਂ ਭਟਕ ਕੇ, ਸਾਡੇ ਬੁੱਧੀਜੀਵੀ, ਬਾਬੇ, ਸ਼ਰਧਾਲੂ ਸਿੱਖ ਉਨ੍ਹਾਂ ਮਸਲਿਆਂ ਵਿੱਚ ਕਿਉਂ ਉਲਝੇ ਹੋਏ ਹਨ, ਜਿਨ੍ਹਾਂ ਨੂੰ ਆਜ਼ਾਦੀ (ਖਾਲਿਸਤਾਨ) ਦੇ ਮਾਹੌਲ ਵਿੱਚ ਹੀ ਨਜਿੱਠਿਆ ਜਾ ਸਕਦਾ ਹੈ? ਕੀ ਇਹੋ ਜਿਹੇ ਮਸਲੇ ਖੜ੍ਹੇ ਕਰਨ ਵਾਲੇ, ਕਿਤੇ ‘ਆਜ਼ਾਦੀ ਦੀ ਡਗਰ’ ਦੇ ਭਗੌੜੇ ਤਾਂ ਨਹੀਂ? ਆਪਣੇ ‘ਭਰਾ’ ਦੇ ਵਿਰੋਧੀ ਵਿਚਾਰਾਂ ਕਰਕੇ ਤਾਂ ਅਸੀਂ ਉਸ ਦਾ ‘ਲਹੂ-ਪੀਣਾ’ ਚਾਹੁੰਦੇ ਹਾਂ ਪਰ ਪਿਛਲੇ ਤਿੰਨ ਦਹਾਕਿਆਂ ਤੋਂ ਹਜ਼ਾਰਾਂ ਸਿੱਖਾਂ ਦਾ ਲਹੂ ਪੀ ਚੁੱਕੀ, ਦਿੱਲੀ ਦੀ ਜ਼ਾਲਮ ਸਰਕਾਰ ਦਾ ਤਖਤਾ ਪਲਟਣ ਦਾ ਸੰਕਲਪ ਸਾਨੂੰ ਕਿਉਂ ਨਹੀਂ ਔੜਦਾ?

ਆਓ! ਵਰ੍ਹਾ 2019 ਦੀ ਸੂਹੀ ਸਵੇਰ ਵੇਲੇ, ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣ ਦਾ ਇੱਕ ਇਮਾਨਦਾਰ ਯਤਨ ਜ਼ਰੂਰ ਕਰੀਏ।

ਇੱਕ ਸਿੱਖ ਭੈਣ ਵਲੋਂ ਲਿਖੀਆਂ ਗਈਆਂ ਸਤਰਾਂ ਦੇ ਨਾਲ, ਤੁਹਾਨੂੰ ਸਭ ਨੂੰ ਅੰਗਰੇਜ਼ ਸੱਭਿਅਤਾ ਦਾ ਨਵਾਂ ਵਰ੍ਹਾ ਮੁਬਾਰਕ ਕਹਿੰਦੇ ਹਾਂ –

‘ਅਗਰ ਚਿਰਾਗੋਂ ਕੀ ਹਿਫਾਜ਼ਤ,
ਵਕਤ ਪਰ ਨਾ ਕਰ ਸਕੇ।
ਤੋ ਰੌਸ਼ਨੀ ਮਿਟ ਜਾਏਗੀ,
ਔਰ ਧੂੰਆਂ ਰਹਿ ਜਾਏਗਾ।’

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ 40ਵੀਂ ਵਰ੍ਹੇਗੰਢ ਮੌਕੇ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਇਕ ਗੁਰਮਤਿ ਸਮਾਗਮ ਗੁਰਦੁਆਰਾ ਥੜ੍ਹਾ ਸਾਹਿਬ, ਪਾਤਿਸ਼ਾਹੀ 6ਵੀਂ, ਅਯਾਲੀ ਕਲਾਂ, ਲੁਧਿਆਣਾ ਵਿਖੇ ਕਰਵਾਇਆ ਗਿਆ।
ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ 40ਵੀਂ ਵਰ੍ਹੇਗੰਢ ਮੌਕੇ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਇਕ ਗੁਰਮਤਿ ਸਮਾਗਮ ਗੁਰਦੁਆਰਾ ਥੜ੍ਹਾ ਸਾਹਿਬ, ਪਾਤਿਸ਼ਾਹੀ 6ਵੀਂ, ਅਯਾਲੀ ਕਲਾਂ, ਲੁਧਿਆਣਾ ਵਿਖੇ ਕਰਵਾਇਆ ਗਿਆ।
ਇਸ ਪਟੀਸ਼ਨ ਵਿਚਲੇ ਤੱਥ ਸ. ਜਸਵੰਤ ਸਿੰਘ ਖਾਲੜਾ, ਸ. ਜਸਪਾਲ ਸਿੰਘ ਢਿੱਲੋਂ, ਮਿਸਟਰ ਰਾਮ ਨਰਾਇਣ ਕੁਮਾਰ ਆਦਿ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੇ, ਜ਼ਿਲ੍ਹਾ ਅੰਮ੍ਰਿਤਸਰ ਦੇ ਤਿੰਨ ਸ਼ਮਸ਼ਾਨਘਾਟਾਂ (ਤਰਨਤਾਰਨ, ਪੱਟੀ ਤੇ
ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦਾ ਨਾਂ, ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਪੰਥ ਦਰਦੀ ਸਿੱਖਾਂ ਲਈ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: