ਟਰਾਂਟੋ: ਅੰਮ੍ਰਿਤਸਰ ਵਿਖੇ ਹਾਰਟ ਆਫ ਏਸ਼ੀਆ ਨਾਮੀ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਾਨੀ ਦੇ ਦਰਬਾਰ ਸਾਹਿਬ ਪਹੁੰਚਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਪਲੂਸੀ ਦੀਆਂ ਹੱਦਾਂ-ਬੰਨ੍ਹੇ ਟੱਪ ਦਿੱਤੀਆਂ ਜਿਸ ਨਾਲ ਸੰਗਤਾਂ ਦੇ ਹਿਰਦੇ ਵਲੂਧਰੇ ਗਏ।
ਇਸ ਤੋਂ ਅੱਗੇ ਵਧਦਿਆਂ ਉਸ ਵੇਲੇ ਦੋਵੇਂ ਆਗੂ ਕੱਪੜੇ ਨਾਲ ਸਿਰ ਕੱਜਣ ਦੀ ਬਜਾਏ ਆਪਣੀਆਂ ਟੋਪੀ ਸਮੇਤ ਦਰਬਾਰ ਸਾਹਿਬ ਅੰਦਰ ਅੰਦਰ ਮੱਥਾ ਟੇਕਣ ਗਏ ਜਿਥੇ ਦੋਵਾਂ ਨੂੰ ਦਰਬਾਰ ਸਾਹਿਬ ਅੰਦਰ ਸਿਰੋਪਾਓ ਦਿੱਤੇ ਗਏ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਸਵਾਲ ਕੀਤਾ ਜਾਂਦਾ ਹੈ ਕਿ ਜਿਹੜੀ “ਡਾਂਗਾਂਵਾਲੀ ਟਾਸਕ ਫੋਰਸ” ਸਿੱਖਾਂ ਤੇ ਡਾਂਗ ਵਰ੍ਹਾ ਰਹੀ ਹੁੰਦੀ ਹੈ, ਉਹ ਉਸ ਵੇਲੇ ਕਿਥੇ ਸੀ ਜਦੋਂ ਦਰਬਾਰ ਸਾਹਿਬ ਅੰਦਰ ਮੋਦੀ ਅਤੇ ਘਾਨੀ ਜੁੱਤੀਆਂ ਸਮੇਤ ਆਪਣੀ ਗਾਰਦ ਨਾਲ ਪ੍ਰਕਰਮਾ ਵਿੱਚ ਘੁੰਮ ਰਹੇ ਸਨ ਅਤੇ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਗਏ ਸਨ। ਕੀ ਇਹ ਮਰਯਾਦਾ ਦੀ ਘੋਰ ਬੇਅਦਬੀ ਨਹੀਂ ਸੀ ਰਹੀ ਸੀ?

ਇਸ ਮੌਕੇ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ.ਕੇ., ਸਰਬਜੀਤ ਸਿੰਘ ਯੂ.ਕੇ., ਅਮਨਦੀਪ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੇਫੋਰਨੀਆ (ਗੈਰ ਹਾਜਿ਼ਰ), ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ, ਦਲਵਿੰਦਰ ਸਿੰਘ ਘੁੰਮਣ, ਤਰਲੋਚਨ ਸਿੰਘ ਨਾਰਵੇ ਅਤੇ ਗੁਰਇਕਬਾਲ ਸਿੰਘ ਸਵੀਡਨ ਵਲੋਂ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਬਾਦਲ ਲਾਣੇ ਵਲੋਂ ਆਪਣੇ ਸਿਆਸੀ ਗਰਜਾਂ ਵੱਸ ਪੈ ਕੇ ਕੀਤੀ ਜਾ ਰਹੇ ਸਿਧਾਂਤਾਂ ਦੇ ਘਾਣ ਦਾ ਪੰਥ ਇੱਕ ਦਿਨ ਲੇਖਾ ਜੋਖਾ ਕਰੇਗਾ।