ਅੰਮ੍ਰਿਤਸਰ: ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਵਿਖੇ ਦੋ ਪੁਰਾਤਨ ਖੂਹਾਂ ਦੀਆਂ ਨਿਸ਼ਾਨੀਆਂ ਮਿਲੀਆਂ ਹਨ। ਇਸ ਗੱਲ ਦਾ ਦਾਅਵਾ ਕਰਤਾਰਪੁਰ ਲਾਂਘਾ ਸੰਸਥਾ ਵਲੋਂ ਕੀਤਾ ਗਿਆ ਹੈ। ਸੰਸਥਾ ਦੇ ਪ੍ਰਧਾਨ ਬੀਐਸ ਗੋਰਾਇਆ ਨੇ ਦੋਸ਼ ਲਾਇਆ ਹੈ ਕਿ ਕਾਰ ਸੇਵਾ ਵਾਲੇ ਸੇਵਾਦਾਰਾਂ ਅਤੇ ਸ਼੍ਰੋਮਣੀ ਕਮੇਟੀ ਅਫਸਰਾਂ ਵਲੋਂ ਨਵੇਂ ਮਿਲੇ ਖੂਹਾਂ ਨੂੰ ਢਾਹਿਆ ਜਾ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਉਹ ਇਨ੍ਹਾਂ ਖੂਹਾਂ ਦੀ ਸੇਵਾ ਸੰਭਾਲ ਤੋਂ ਬਚਣ ਲਈ ਇਹ ਕਰ ਰਹੇ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਤਿਹਾਸਕ ਥਾਵਾਂ ਨੂੰ ਖਤਮ ਕਰਨ ਦੀ ਬਜਾਏ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ।

ਇਸ ਸਬੰਧੀ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਕ ਦਲ ਸਾਰੇ ਮਾਮਲੇ ਦੀ ਜਾਣਕਾਰੀ ਹਾਸਿਲ ਕਰਨ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਹੋ ਸਕਿਆ ਤਾਂ ਸਾਰੇ ਖੂਹਾਂ ਦੀ ਸੰਭਾਲ ਕੀਤੀ ਜਾਵੇਗੀ।
ਗੁਰਦੁਆਰਾ ਡੇਰਾ ਬਾਬਾ ਨਾਨਕ ਦੀ ਕਾਰ ਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਅੰਦਰ ਇਕ ਪੁਰਾਤਨ ਖੂਹ ਮੋਜੂਦ ਹੈ ਜਿਸ ਨੂੰ ਬਉਲੀ ਸਾਹਿਬ ਕਿਹਾ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਵਲੋਂ ਇਸ ਸਾਲ 16 ਫਰਵਰੀ ਨੂੰ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕਰਾਉਣ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਕਾਰ ਸੇਵਾ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵਧਾਉਣ ਅਤੇ ਬਉਲੀ ਸਾਹਿਬ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ।
ਹਲਾਂਕਿ ਇਸ ਕਾਰ ਸੇਵਾ ਬਾਰੇ ਕੁਝ ਸੰਸਥਾਵਾਂ ਵਲੋਂ ਅਵਾਜ਼ ਚੁੱਕੀ ਗਈ ਹੈ ਕਿ ਇਸ ਨਾਲ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਿੱਖ ਖਰਾਬ ਹੋ ਜਾਵੇਗੀ।