ਅੰਮ੍ਰਿਤਸਰ: ਸ. ਤਾਰਾ ਸਿੰਘ ਨੂੰ ਪਾਕਿਸਤਾਨ ਸਥਿਤ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਲਈ ਬਣੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ।

ਪਾਕਿਸਤਾਨ ਓਕਾਫ਼ ਬੋਰਡ ਦੇ ਮੁੱਖ ਦਫ਼ਤਰ ਲਾਹੌਰ ਵਿਖੇ ਚੇਅਰਮੈਨ ਸਦੀਕ ਉਲ ਫਾਰੂਕ ਅਤੇ ਐਮ ਪੀ ਏ ਸ. ਰਮੇਸ਼ ਸਿੰਘ ਅਰੌੜਾ ਦੀ ਅਗਵਾਈ ਵਿੱਚ ਕਰਵਾਏ ਗਏ ਇਜਲਾਸ ਸਮੇਂ ਸ. ਤਾਰਾ ਸਿੰਘ ਨੂੰ ਪਾਕਿਸਤਾਨ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਕਈ ਅਹਿਮ ਫੈਸਲੇ ਵੀ ਓਕਾਫ਼ ਬੋਰਡ ਦੇ ਅਧਿਕਾਰੀਆਂ ਵੱਲੋਂ ਲਏ ਗਏ। ਇਨ੍ਹਾਂ ਫੈਸਲਿਆਂ ਵਿਚ ਪਿਛਲੇ 69 ਸਾਲਾਂ ਤੋਂ ਬੰਦ ਗੁਰਦੁਆਰਾ ਕਿਆਰਾ ਸਾਹਿਬ, ਨਨਕਾਣਾ ਸਾਹਿਬ ਨੂੰ ਪੱਕੇ ਤੌਰ ‘ਤੇ ਖੋਲ੍ਹੇ ਜਾਣਾ ਅਤੇ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਚਾਹਲ ਬੀਬੀ ਨਾਨਕੀ ਜੀ ਵਿਖੇ ਸੇਵਾ ਸੰਭਾਲ ਲਈ ਪੱਕੇ ਤੌਰ ‘ਤੇ ਗ੍ਰੰਥੀ ਸਿੰਘ ਨਿਯੁਕਤ ਕਰਨਾ ਹੈ।
ਇਸ ਮੌਕੇ ਪਾਕਿਸਤਾਨ ਓਕਾਫ਼ ਬੋਰਡ ਵੱਲੋਂ ਨਵੰਬਰ ਮਹੀਨੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਮ ‘ਤੇ ਇੰਟਰਨੈਸ਼ਨਲ ਯੂਨੀਵਰਸਿਟੀ ਬਣਾਉਣ ਦੇ ਫੈਸਲੇ ਬਾਰੇ ਓਕਾਫ਼ ਬੋਰਡ ਦੇ ਚੇਅਰਮੈਨ ਜਨਾਬ ਸਦੀਕ ਉਲ ਫਾਰੂਕ, ਐਮ ਪੀ ਏ ਸ. ਰਮੇਸ਼ ਸਿੰਘ ਨੇ ਐਲਾਨ ਕੀਤਾ।
