ਵਾਸ਼ਿੰਗਟਨ, ਡੀਸੀ: ਸਿੱਖ ਕੌਂਸਲ ਯੂ.ਐਸ. ਅਤੇ ਸਿੱਖ ਗੁਰਦੁਆਰਾ ਡੀ.ਸੀ. ਵਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਦੱਸਿਆ ਗਿਆ ਕਿ ਸੁਰਿੰਦਰ ਸਿੰਘ, ਗ੍ਰੰਥੀ ਵਾਸ਼ਿੰਗਟਨ ਡੀਸੀ ਨੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਮੰਨ ਲਈ ਹੈ ਅਤੇ ਮਾਫੀ ਮੰਗੀ ਹੈ।
ਜ਼ਿਕਰਯੋਗ ਹੈ ਕਿ ਇਸੇ ਸਾਲ ਅਪ੍ਰੈਲ ਵਿਚ ਕੁਲਦੀਪ ਸਿੰਘ ਵਰਜੀਨੀਆ ਨੇ ਅੰਮ੍ਰਿਤ ਸੰਚਾਰ ਕਰਵਾਇਆ ਸੀ ਜਿਸ ਵਿਚ ਸਿੱਖ ਰਹਿਤ ਮਰਯਾਦਾ ਵਿਚ ਦਰਜ ਬਾਣੀਆਂ ਨੂੰ ਬਦਲ ਕੇ ਹੋਰ ਬਾਣੀਆਂ ਪੜ੍ਹੀਆਂ ਗਈਆਂ ਸਨ।

ਪੰਜਾਂ ਪਿਆਰਿਆਂ ਵਿਚੋਂ ਇਕ ਪਿਆਰਾ, ਰਾਜਾ ਸਿੰਘ ਨੇ ਸੰਗਤ ਦੇ ਸਾਹਮਣੇ ਦੱਸਿਆ ਕਿ ਸੁਰਿੰਦਰ ਸਿੰਘ ਨੂੰ 11 ਐਤਵਾਰ ਸੁਖਮਨੀ ਸਾਹਿਬ ਦੇ ਪਾਠ, 11 ਐਤਵਾਰ ਲੰਗਰ ਦੀ ਸੇਵਾ ਕਰਨ ਦੀ ਤਨਖਾਹ ਲਾਈ ਗਈ ਹੈ। ਇਸ ਸੇਵਾ ਦੀ ਸਮਾਪਤੀ ‘ਤੇ 21 ਡਾਲਰ ਅਤੇ ਅੰਤਮ ਮਾਫੀ ਦੀ ਅਰਦਾਸ ਕੀਤੀ ਜਾਏਗੀ।
ਡੀਸੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਲਜੀਤ ਸਿੰਘ ਸਾਉਨੇ ਨੇ ਪੰਜਾਂ ਪਿਆਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਖਬਰ ਦੁਨੀਆਂ ਭਰ ਦੀਆਂ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਪਤਾ ਲਗ ਸਕੇ ਕਿ ਅਸੀਂ ਸਿੱਖ ਜਜ਼ਬਾਤਾਂ ਪ੍ਰਤੀ ਜਾਗਰੂਕ ਹਨ, ਅਤੇ ਅਜਿਹੀਆਂ ਘਟਨਾਵਾਂ ਨਾਲ ਸਾਡੇ ਹਿਰਦੇ ਵਲੂਧੰਰੇ ਜਾਂਦੇ ਹਨ। ਅਸੀਂ ਚਾਹੁੰਦੇ ਹਾਂ ਕਿ ਹਰੇਕ ਸਿੱਖ ਮਰਯਾਦਾ ਮੁਤਾਬਕ ਸਹੀ ਫੈਸਲੇ ਲਵੇ।
ਡਾ. ਰਾਜਵੰਤ ਸਿੰਘ ਜੋ ਕਿ ਗੁਰੂ ਗੋਬਿੰਦ ਸਿੰਘ ਫਾਂਉਂਡੇਸ਼ਨ ਦੇ ਸਕੱਤਰ ਹਨ ਨੇ ਕਿਹਾ, “ਸੁਰਿੰਦਰ ਸਿੰਘ ਨੇ ਜਨਤਕ ਤੌਰ ‘ਤੇ ਆਪਣੀ ਗਲਤੀ ਮੰਨੀ ਹੈ ਅਤੇ ਸਿੱਖ ਪਰੰਪਰਾਵਾਂ ਅਨੁਸਾਰ ਕਦਮ ਚੁੱਕਣ ਨੂੰ ਪ੍ਰਵਾਨ ਕੀਤਾ ਹੈ।”
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/293PBQV