ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਪਿਛਲੇ ਸਾਲ 10 ਨਵੰਬਰ 2015 ਨੂੰ ਹੋਏ ਪੰਥਕ ਇਕੱਠ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਯੂਨਾਇਟਿਡ ਅਕਾਲੀ ਦਲ ਵਲੋਂ ਚੁਣੇ ਗਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਅੱਜ ਸ੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ।ਦਰਸ਼ਨ ਕਰਨ ਪੁਜੇ ਭਾਈ ਦਾਦੂਵਾਲ ਅਤੇ ਭਾਈ ਅਜਨਾਲਾ ਨੂੰ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਇਕ ਸੇਵਾਦਾਰ ਵਲੋਂ ਫੁੱਲਾਂ ਦਾ ਹਾਰ ਤੇ ਪਤਾਸੇ ਪ੍ਰਸ਼ਾਦਿ ਰੂਪ ਵਿੱਚ ਦਿੱਤੇ ਗਏ।

ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸੇਵਾਦਾਰ ਨੂੰ ਗੁਰਦੁਆਰਾ ਸਾਹਿਬ ਅਲੀਗੰਜ਼ ਯੂ.ਪੀ. ਵਿਖੇ ਤਬਦੀਲੀ ਦਾ ਹੁਕਮ ਥਮਾ ਦਿੱਤਾ ਹੈ ਲੇਕਿਨ ਭਾਈ ਗੁਰਪ੍ਰੀਤ ਸਿੰਘ ਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਭਾਰਤੀ ਫੌਜ ਵਲੋਂ ਕੀਤੇ ਹਮਲੇ ਦੌਰਾਨ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਬੀਤੇ ਕਲ੍ਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਗਏ ਸ਼ਹੀਦੀ ਸਮਾਗਮ ਵਿੱਚ ਉਹ ਸ਼ਾਮਿਲ ਹੋਣਾ ਚਾਹੁੰਦੇ ਸਨ ਲੇਕਿਨ ਪੰਜਾਬ ਸਰਕਾਰ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਅੱਜ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼ਹੀਦੀ ਯਾਦਗਾਰ ਵਿਖੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਸਾਹਿਬ ਦੀ ਕ੍ਰਿਪਾ ਦੇ ਨਾਲ ਉਨ੍ਹਾਂ ਨੂੰ ਡਿਊਟੀ ’ਤੇ ਮੌਜੂਦ ਸੇਵਾਦਾਰਾਂ ਨੇ ਪਤਾਸੇ ਦਾ ਪ੍ਰਸ਼ਾਦ ਅਤੇ ਗੁਰੂ ਚਰਨਾਂ ’ਚੋਂ ਫੁਲਾਂ ਦੇ ਸਿਹਰੇ ਦਾ ਅਸ਼ੀਰਵਾਦ ਰੂਪ ਵਿੱਚ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣਾ ਹੈ ਲੇਕਿਨ ਇਹ ਸੰਸਥਾ ਸਰਕਾਰ ਦੇ ਇਸ਼ਾਰਿਆਂ ’ਤੇ ਸੰਗਤਾਂ ’ਤੇ ਪਾਬੰਦੀਆਂ ਲਗਾ ਰਹੀ ਹੈ, ਇਹ ਮਹੰਤ ਨਰੈਣੂ ਸੋਚ ਹੈ। ਸ਼੍ਰੋਮਣੀ ਕਮੇਟੀ ਨੂੰ ਸੰਭਲਣ ਦੀ ਲ਼ੋੜ ਹੈ, ਉਹ ਸੰਗਤਾਂ ਦੀ ਸੇਵਾ ਵਿਚ ਸਮਰਪਿਤ ਹੋਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਵੇ ਜਾਂ ਵਿਧਾਨਸਭਾ, ਪੰਜਾਬ ਦੇ ਲੋਕ ਸਿੱਖ ਰਾਜ ਸਥਾਪਿਤ ਕਰਨਗੇ।
ਬੀਤੇ ਕਲ੍ਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਮਨਾਉਂਦਿਆਂ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਪੜ੍ਹਨ ਦੀ ਕੋਸ਼ਿਸ਼ ਜਰੂਰ ਕੀਤੀ ਲੇਕਿਨ ਜਿਨ੍ਹਾਂ ਜਥੇਦਾਰਾਂ ਨੂੰ ਦਸ ਨਵੰਬਰ 2015 ਦੇ ਨੂੰ ਸਰਬੱਤ ਖਾਲਸਾ ਵਿਚ ਜੁੜੀਆਂ ਸੰਗਤਾਂ ਨੇ ਡੇਰਾ ਸਿਰਸਾ ਮੁਖੀ ਨੂੰ ਮਾਫੀ ਮਾਮਲੇ ਵਿੱਚ ਮੁੱਢੋਂ ਰੱਦ ਕਰ ਦਿੱਤਾ, ਇਨ੍ਹਾਂ ਜਥੇਦਾਰਾਂ ਨੂੰ ਇਸ ਗੱਲ ਤੋਂ ਸਬਕ ਲੈਂਦਿਆਂ ਹੋਇਆ ਖੁਦ ਹੀ ਸੇਵਾ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪਿਛਲ਼ੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭਾਈ ਬਲਬੀਰ ਸਿੰਘ ਨੇ ਸਿਰੋਪਾਓ ਦੇਣ ਤੋਂ ਜੋ ਇਨਕਾਰ ਕੀਤਾ ਸੀ, ਉਸ ’ਤੇ ਭਾਈ ਬਲਬੀਰ ਸਿੰਘ ਨੇ ਸਪੱਸ਼ਟ ਵੀ ਕਰ ਦਿੱਤਾ ਸੀ ਕਿ ‘ਉਨ੍ਹਾਂ ਦੀ ਕਿਸੇ ਵੀ ਵਿਅਕਤੀ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ।
ਗੁਰੂ ਸਾਹਿਬ ਦੇ ਹੁਕਮ ਅਨੁਸਾਰ ਹੀ ਉਨ੍ਹਾਂ ਨੇ ਸਿਰੋਪਾਓ ਦੀ ਬਖਸ਼ਿਸ਼ ਨਹੀਂ ਕੀਤੀ’। ਭਾਈ ਦਾਦੂਵਾਲ ਅਤੇ ਭਾਈ ਅਜਨਾਲਾ ਨੇ ਦੱਸਿਆ ਕਿ ਅੱਜ ਦਰਸ਼ਨ ਕਰਨ ਹਿੱਤ ਪੁਜੇ ਹਾਂ ਤਾਂ ਗੁਰੂ ਸਾਹਿਬ ਤੋਂ ਅਸ਼ੀਰਵਾਦ ਵਜੋਂ ਪ੍ਰਸ਼ਾਦ ਮਿਲਿਆ ਹੈ, ਜਦ ਉਹ ਪੰਜਾਂ ਤਖਤਾਂ ਦੀ ਯਾਤਰਾ ’ਤੇ ਨਿਕਲੇ ਸਨ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਉਨ੍ਹਾਂ ਨੂੰ ਪ੍ਰਸ਼ਾਦ ਨਾ ਮਿਲ ਜਾਵੇ, ਇਸ ਲਈ ਉਸ ਦਿਨ ਸ਼੍ਰੋਮਣੀ ਕਮੇਟੀ ਨੇ ਸੰਗਤ ਲਈ ਵੀ ਪ੍ਰਸ਼ਾਦ ’ਤੇ ਰੋਕ ਲਗਾ ਦਿੱਤੀ ਸੀ।
ਉਧਰ ਭਾਈ ਅਜਨਾਲਾ ਅਤੇ ਭਾਈ ਦਾਦੂਵਾਲ ਨੂੰ ਪਤਾਸੇ ਅਤੇ ਫੁਲਾਂ ਦੇ ਸਿਹਰੇ ਦੇਣ ਵਾਲੇ ਗੁਰਪ੍ਰੀਤ ਸਿੰਘ ਨਾਮੀ ਸੇਵਾਦਾਰ ਨੂੰ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬ ਅਲੀਗੰਜ਼ ਯੂ.ਪੀ. ਵਿਖੇ ਤਬਦੀਲ ਕਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਆ ਭਾਈ ਰਾਜਦੀਪ ਸਿੰਘ ਨੇ ਭਾਈ ਗੁਰਪ੍ਰੀਤ ਸਿੰਘ ਨੂੰ ਰਲੀਵ ਸਲਿਪ ਦੇ ਦਿੱਤੀ ਹੈ ਲੇਕਿਨ ਭਾਈ ਗੁਰਪ੍ਰੀਤ ਸਿੰਘ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਜਿਸ ਵੇਲੇ ਪ੍ਰਸਾਦਿ ਦੇਣ ਦੀ ਇਹ ਘਟਨਾ ਵਾਪਰੀ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਵੇਲ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ।
