ਨਵੀਂ ਦਿੱਲੀ/ ਬਠਿੰਡਾ: ਸਰਕਾਰੀ ਸੂਚਨਾ ਅਨੁਸਾਰ ਪੰਜਾਬ ਪੁਲਿਸ ਨੇ ਡੇਰਾ ਸਿਰਸਾ ਦੇ ਸਲਾਬਤਪੁਰਾ ਡੇਰਾ ਦੇ ਮੁੱਖ ਪ੍ਰਬੰਧਕ ਜ਼ੋਰਾ ਸਿੰਘ ਨੂੰ ਜਿਪਸੀ (ਪੀ.ਬੀ 12 ਡੀ 0052) ਦਿੱਤੀ ਹੋਈ ਹੈ ਅਤੇ ਉਸ ਦਾ ਪ੍ਰਤੀ ਮਹੀਨਾ 290 ਲੀਟਰ ਤੇਲ ਵੀ ਤੈਅ ਕੀਤਾ ਹੋਇਆ ਹੈ। ਇਸੇ ਤਰ੍ਹਾਂ ਗੁਰਬਚਨ ਸਿੰਘ ਡੇਰਾ ਬੱਦੋ ਅਤੇ ਬਾਬਾ ਨਿਰਮਲ ਦਾਸ ਜੌੜੇ ਵਾਲਾ ਨੂੰ ਵੀ ਜਿਪਸੀ ਅਲਾਟ ਕੀਤੀ ਗਈ ਅਤੇ ਪ੍ਰਤੀ ਜਿਪਸੀ 290 ਲੀਟਰ ਤੇਲ ਅਲਾਟ ਕੀਤਾ ਗਿਆ।
ਸਬੰਧਤ ਖ਼ਬਰ:
ਬਾਦਲ-ਡੇਰਾ ਸਿਰਸਾ ਭਾਈਵਾਲੀ: ਛੋਟੇ ਪੱਧਰ ਦੇ ਆਗੂ ਆਪਣੇ ਆਕਾਵਾਂ ਖਿਲਾਫ ਕਿਵੇਂ ਕਰਨਗੇ ਜਾਂਚ?: ਦਲ ਖ਼ਾਲਸਾ …
ਇਸਤੋਂ ਅਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਸੁਰੱਖਿਆ ਦਾ ਬੋਝ ਪੰਜਾਬ ਸਰਕਾਰ ਚੁੱਕ ਰਹੀ ਹੈ। ਪੰਜਾਬ ਪੁਲਿਸ ਨੇ ਇਨ੍ਹਾਂ ਆਗੂਆਂ ਨੂੰ ਚਾਰ ਜਿਪਸੀਆਂ ਵੀ ਦਿੱਤੀਆਂ ਹੋਈਆਂ ਹਨ ਅਤੇ ਇਨ੍ਹਾਂ ਦਾ ਤੇਲ ਵੀ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਪੈ ਰਿਹਾ ਹੈ। ਹੁਣ ਦਿੱਲੀ ਕਮੇਟੀ ਦੀਆਂ ਚੋਣਾਂ ਹਨ ਜਿਸ ਕਰਕੇ ਇਨ੍ਹਾਂ ਨੇਤਾਵਾਂ ਨੂੰ ਦਿੱਤੀਆਂ ਜਿਪਸੀਆਂ ਦਾ ਤੇਲ ਖਰਚਾ ਵੀ ਵੱਧ ਜਾਣਾ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਆਗੂਆਂ ਤੋਂ ਗੰਨਮੈਨ ਵਾਪਸ ਲੈਣ ਦੀ ਹਦਾਇਤ ਕਰ ਦਿੱਤੀ ਸੀ ਪਰ ਸਿਆਸੀ ਦਬਾਅ ਕਰਕੇ ਇਨ੍ਹਾਂ ਆਗੂਆਂ ਤੋਂ ਸੁਰੱਖਿਆ ਵਾਪਸ ਲੈਣ ਵਾਲੀ ਫਾਈਲ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਨੇ ਦੱਬ ਲਈ ਹੈ।

ਪੰਜਾਬ ਪੁਲਿਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿੱਤ ਨਾਲ ਕਰੀਬ ਦੋ ਦਰਜਨ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਡੀ.ਜੀ.ਪੀ. (ਸੁਰੱਖਿਆ) ਪੰਜਾਬ ਨੇ 29 ਨਵੰਬਰ 2011 ਨੂੰ ਪੱਤਰ ਨੰਬਰ 31683 ਜਾਰੀ ਕਰਕੇ ਅਵਤਾਰ ਸਿੰਘ ਹਿੱਤ ਨੂੰ ਬਤੌਰ ਪ੍ਰਧਾਨ (ਸ਼੍ਰੋਮਣੀ ਅਕਾਲੀ ਦਲ ਦਿੱਲੀ), ਪੀ.ਬੀ 12 ਐਫ 7184 ਜਿਪਸੀ ਅਲਾਟ ਕੀਤੀ ਸੀ ਜਿਸ ਲਈ ਪ੍ਰਤੀ ਮਹੀਨਾ 290 ਲੀਟਰ ਤੇਲ ਵੀ ਤੈਅ ਕੀਤਾ ਗਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਇੱਕ ਸਰਕਾਰੀ ਜਿਪਸੀ ਅਤੇ ਕਰੀਬ ਪੰਜ ਸੁਰੱਖਿਆ ਮੁਲਾਜ਼ਮ ਦਿੱਤੇ ਹਨ।
ਸਬੰਧਤ ਖ਼ਬਰ:
ਸਾਬਕਾ ਪੰਜ ਪਿਆਰੇ ਸਿੰਘਾਂ ਵਲੋਂ ਬਾਦਲ ਦਲ ਦੀ ਡੇਰਾ ਸਿਰਸਾ ਨਾਲ ਸ਼ਾਂਝਭਿਆਲੀ ਦੀ ਨਿੰਦਾ …
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਕਰੀਬ ਦਰਜਨ ਗੰਨਮੈਨ ਅਤੇ ਦੋ ਜਿਪਸੀਆਂ ਦਿੱਤੀਆਂ ਹੋਈਆਂ ਹਨ। ਪੰਜਾਬ ਪੁਲਿਸ ਨੇ ਪਹਿਲਾਂ ਇੱਕ ਜਿਪਸੀ ਦਿੱਲੀ ਵਾਸਤੇ ਦਿੱਤੀ ਹੋਈ ਸੀ ਅਤੇ ਕੁਝ ਸਮੇਂ ਮਗਰੋਂ ਇੱਕ ਜਿਪਸੀ ਚੰਡੀਗੜ੍ਹ ਵਾਸਤੇ ਉਨ੍ਹਾਂ ਨੂੰ ਹੋਰ ਦੇ ਦਿੱਤੀ ਗਈ। ਮਨਜਿੰਦਰ ਸਿਰਸਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਕੈਬਨਿਟ ਰੈਂਕ ਦਿੱਤਾ ਹੋਇਆ ਹੈ ਜਿਸ ਕਰਕੇ ਸੁਰੱਖਿਆ ਮਿਲੀ ਹੈ। ਸੂਤਰ ਮੁਤਾਬਕ ਜਿਨ੍ਹਾਂ ਹੋਰਨਾਂ ਨੂੰ ਕੈਬਨਿਟ ਰੈਂਕ ਦਿੱਤੇ ਗਏ ਹਨ, ਉਨ੍ਹਾਂ ਤੋਂ ਸੁਰੱਖਿਆ ਵਾਪਸ ਲੈ ਗਈ ਹੈ ਪਰ ਸਿਰਸਾ ਤੋਂ ਸੁਰੱਖਿਆ ਵਾਪਸ ਕਿਉਂ ਨਹੀਂ ਲਈ ਗਈ?
ਸਬੰਧਤ ਖ਼ਬਰ:
ਬਾਦਲ ਦਲ ਦਾ ਬਾਈਕਾਟ ਕਰੋ ਅਤੇ ਹਰਾ ਸਕਣ ਦੇ ਸਮਰੱਥ ਉਮੀਦਵਾਰਾਂ ਨੂੰ ਵੋਟ ਪਾਓ: ਸਿੱਖ ਜਥੇਬੰਦੀਆਂ …
ਇਸੇ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਅਵਤਾਰ ਸਿੰਘ ਹਿੱਤ ਨੂੰ ਵੀ ਇੱਕ ਜਿਪਸੀ ਤੋਂ ਇਲਾਵਾ ਕਰੀਬ ਪੰਜ ਮੁਲਾਜ਼ਮ ਵੀ ਦਿੱਤੇ ਹੋਏ ਹਨ। ਹਿੱਤ ਦਾ ਪ੍ਰਤੀਕਰਮ ਸੀ ਕਿ ਜਿਪਸੀ ਖਰਾਬ ਹੋਈ ਖੜੀ ਹੈ ਅਤੇ ਉਸ ਨੇ ਚਾਰ ਗੰਨਮੈਨ ਵਾਪਸ ਭੇਜ ਦਿੱਤੇ ਹਨ ਅਤੇ ਇੱਕ ਬਾਕੀ ਰਹਿ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਸੱਭਿਆਚਾਰਕ ਬੋਰਡ ਦੇ ਚੇਅਰਮੈਨ ਰਹੇ ਹਨ, ਜਿਸ ਕਰਕੇ ਇਹ ਸੁਰੱਖਿਆ ਮਿਲੀ ਹੈ। ਸੂਤਰ ਦੱਸਦੇ ਹਨ ਕਿ ਜਦੋਂ ਇਨ੍ਹਾਂ ਆਗੂਆਂ ਤੋਂ ਗੰਨਮੈਨ ਵਾਪਸੀ ਲਈ ਚੋਣ ਕਮਿਸ਼ਨ ਨੇ ਹਦਾਇਤ ਕੀਤੀ ਤਾਂ ਪੁਲਿਸ ਦੇ ਹੇਠਲੇ ਅਫਸਰਾਂ ਨੇ ਫੌਰੀ ਗੰਨਮੈਨ ਵਾਪਸੀ ਲਈ ਨੋਟਿੰਗ ਲਗਾ ਦਿੱਤੀ ਪਰ ਉਪਰਲੇ ਅਫਸਰਾਂ ਕੋਲ ਇਸ ਫਾਈਲ ਨੂੰ ਬਰੇਕ ਲੱਗ ਗਈ। ਸੂਤਰ ਆਖਦੇ ਹਨ ਕਿ ਇਹ ਆਗੂ ਦਿੱਲੀ ਦੇ ਵਸਨੀਕ ਹਨ ਅਤੇ ਇਨ੍ਹਾਂ ਨੂੰ ਪੰਜਾਬ ਵਿੱਚੋਂ ਸੁਰੱਖਿਆ ਮਿਲ ਨਹੀਂ ਸਕਦੀ ਹੈ। ਏ.ਡੀ.ਜੀ.ਪੀ. ਭਾਵੜਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਯਾਦ ਨਹੀਂ ਹੈ ਕਿ ਦਿੱਲੀ ਦੇ ਆਗੂ ਸੁਰੱਖਿਆ ਵਾਪਸੀ ਵਾਲੀ ਸੂਚੀ ਵਿੱਚ ਸਨ ਜਾਂ ਨਹੀਂ।