ਅੰਮ੍ਰਿਤਸਰ: 4 ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦਾ ਚਿਹਰਾ ਭਾਵੇਂ ਅਮਰਿੰਦਰ ਸਿੰਘ ਬਣੇ, ਅਰਵਿੰਦ ਕੇਜਰੀਵਾਲ ਜਾਂ ਫਿਰ ਸੁਖਬੀਰ ਬਾਦਲ, ਸਿੱਖ ਕੌਮ ਦਾ ਨਾ ਤਾਂ ਮੁਕੱਦਰ ਬਦਲੇਗਾ ਅਤੇ ਨਾ ਹੀ ਕੌਮ ਦੇ ਹਾਲਾਤ ਤੇ ਸਥਿਤੀ ਵਿਚ ਕੋਈ ਹਾਂ-ਪੱਖੀ ਫਰਕ ਆਵੇਗਾ। ਇਹ ਮਤਾ ਦਲ ਖਾਲਸਾ ਵੱਲੋਂ ‘ਭਾਰਤੀ ਸੰਵਿਧਾਨ, ਚੋਣ ਪ੍ਰਣਾਲੀ ਅਤੇ ਸਵੈ-ਨਿਰਣੇ ਦੇ ਹੱਕ’ ਵਿਸ਼ੇ ‘ਤੇ 24 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਕਰਵਾਈ ਗਈ ਕਨਵੈਨਸ਼ਨ ਵਿਚ ਪਾਸ ਕੀਤਾ ਗਿਆ। ਦੂਜੇ ਮਤੇ ਰਾਹੀਂ ਸਪੱਸ਼ਟ ਕੀਤਾ ਗਿਆ ਕਿ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਤੋਂ ਉਨ੍ਹਾਂ ਦੀ ਜਥੇਬੰਦੀ ਦੂਰ ਰਹੇਗੀ ਅਤੇ ਉਨ੍ਹਾਂ ਦਾ ਕੋਈ ਵੀ ਮੈਂਬਰ ਚੋਣਾਂ ‘ਚ ਹਿੱਸਾ ਨਹੀਂ ਲਵੇਗਾ ਤੇ ਨਾ ਹੀ ਵੋਟ ਪਾਏਗਾ।
ਸੰਵਿਧਾਨਕ ਵਿਤਕਰਿਆਂ ਦੀ ਲੰਮੀ ਦਾਸਤਾਨ ਦਾ ਖੁਲਾਸਾ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਨਵੈਨਸ਼ਨ ਵਿਚ ਮਤੇ ਪੜ੍ਹੇ। ਉਨ੍ਹਾਂ ਕਿਹਾ ਕਿ ਸਾਡੀਆਂ ਕੌਮੀ ਰੀਝਾਂ ਤੇ ਇੱਛਾਵਾਂ ਇੰਨੀਆਂ ਸਸਤੀਆਂ ਨਹੀਂ ਹਨ ਜਿਨ੍ਹਾਂ ਨੂੰ ਚੋਣਾਂ ਦੀ ਇਸ ਖੇਡ ਤੋਂ ਵਾਰ ਦਿੱਤਾ ਜਾਵੇ। ਦਲ ਖਾਲਸਾ ਨੇ ਮਤਾ ਪਾਸ ਕਰਦਿਆਂ ਮੰਗ ਕੀਤੀ ਕਿ ਪੰਜਾਬ ਦੇ ਭਵਿੱਖ ਦਾ ਫੈਸਲਾ ਸੰਯੁਕਤ ਰਾਸ਼ਟਰ ਦੇ ਪ੍ਰਬੰਧ ਹੇਠ ਸਵੈ-ਨਿਰਣੇ ਦੇ ਹੱਕ ਰਾਹੀਂ ਕੀਤਾ ਜਾਵੇ।

ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਰਾਜਨੀਤਿਕ ਤੌਰ ‘ਤੇ ਸੰਵਿਧਾਨ ਨੂੰ ਫੈਡਰਲ ਕਾਰਜ ਪ੍ਰਣਾਲੀ ਲਈ ਇਕ ਪਵਿੱਤਰ ਦਸਤਾਵੇਜ਼ ਵਾਂਗ ਪੇਸ਼ ਕੀਤਾ ਗਿਆ ਸੀ, ਜੋ ਬਾਅਦ ਵਿਚ ਕੇਂਦਰੀ ਕਾਰਜ ਪ੍ਰਣਾਲੀ ਦੇ ਰੂਪ ਵਿਚ ਇਕ ਮੌਕਾਪ੍ਰਸਤ ਅਤੇ ਮਤਲਬਪ੍ਰਸਤ ਦਸਤਾਵੇਜ਼ ਵਜੋਂ ਵਰਤਿਆ ਗਿਆ। ਦਲ ਖਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹਨ ਅਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਪ੍ਰਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਸਟੇਟ ਦੀ ਪੁਸ਼ਤ-ਪਨਾਹੀ ਹੇਠ ਸਿੱਖ ਵਿਰੋਧੀ ਤਾਕਤਾਂ ਲਗਾਤਾਰ ਅਖੌਤੀ ਗੁਰੂਡੰਮ ਨੂੰ ਪ੍ਰਫੁੱਲਿਤ ਕਰ ਰਹੀਆਂ ਹਨ।
ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਕਿ ਭਾਰਤੀ ਸੰਵਿਧਾਨ ਹੁਣ ਤੱਕ ਸਿੱਖਾਂ ਦੀਆਂ ਰੀਝਾਂ ਅਤੇ ਭਾਵਨਾਵਾਂ ਨੂੰ ਪੂਰਾ ਕਰਨ ਵਿਚ ਨਾਕਾਮ ਰਿਹਾ ਹੈ। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਅਤੇ ਬੁਲਾਰੇ ਪ੍ਰਭਜੋਤ ਸਿੰਘ ਨੇ ਸੰਬੋਧਨ ਕੀਤਾ, ਜਦਕਿ ਇਸ ਮੌਕੇ ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ 26 ਜਨਵਰੀ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਕਨਵੈਨਸ਼ਨ ਵਿਚ ਦਲ ਖਾਲਸਾ ਦੇ ਬਲਦੇਵ ਸਿੰਘ ਸਿਰਸਾ, ਅਮਰੀਕ ਸਿੰਘ ਈਸੜੂ, ਕਮਿੱਕਰ ਸਿੰਘ, ਜਸਵੀਰ ਸਿੰਘ ਖੰਡੂਰ, ਰਣਬੀਰ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਜਲਾਲਾਬਾਦ, ਅਰਪਾਲ ਸਿੰਘ, ਗੁਰਦੀਪ ਸਿੰਘ ਕਾਲਕੱਟ, ਨੋਬਲਜੀਤ ਸਿੰਘ, ਕੁਲਵੰਤ ਸਿੰਘ ਫੇਰੂਮਾਨ, ਕੁਲਦੀਪ ਸਿੰਘ, ਜਗਜੀਤ ਸਿੰਘ ਖੋਸਾ, ਗੁਰਮੀਤ ਸਿੰਘ, ਪਰਮਜੀਤ ਸਿੰਘ ਮੰਡ, ਗੁਰਪ੍ਰੀਤ ਸਿੰਘ, ਹਰਜੋਤ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ ਪਟਿਆਲਾ, ਗੁਰਸ਼ਰਨ ਸਿੰਘ ਚੰਡੀਗੜ੍ਹ, ਸਰਪੰਚ ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।