ਅਟਾਰੀ: ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਵਿਸਾਖੀ ਮਨਾਉਣ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਲਾਹੌਰ ਤੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਵਤਨ ਪਰਤਿਆ । ਇਸ ਵਾਰ ਵਿਦੇਸ਼ੀ ਸਿੱਖ ਆਗੂਆਂ ਵਿੱਚੋਂ ਮਨਮੋਹਨ ਸਿੰਘ ਖ਼ਾਲਸਾ ਹੀ ਪਾਕਿਸਤਾਨ ਪੰਹੁਚੇ ।
ਸ਼ਰਧਾਲੂਆਂ ਨੂੰ ਬਾਜ਼ਾਰਾਂ ਵਿੱਚ ਖੁੱਲੇਆਮ ਨਹੀਂ ਘੁੰਮਣ ਦਿੱਤਾ ਗਿਆ । ਜਥੇ ਦੇ ਵਾਪਸ ਆਉਣ ਸਮੇਂ ਵਾਹਗਾ ਸਟੇਸ਼ਨ ‘ਤੇ ਕੰਪਿਊਟਰ ਨਾ ਚੱਲਣ ਕਰਕੇ ਸ਼ਰਧਾਲੂਆਂ ਨੂੰ ਬਿਨਾ ਜਾਂਚ ਹੀ ਭਾਰਤ ਭੇਜਿਆ ਗਿਆ ਜਿਸ ਨੂੰ ਇੱਕ ਵੱਡੀ ਸੁਰੱਖਿਆ ਖਾਮੀ ਵਜੋਂ ਵੇਖਿਆ ਜਾ ਰਿਹਾ ਹੈ ।
ਅਟਾਰੀ ਵਿਖੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਰਘਬੀਰ ਸਿੰਘ ਸਹਾਰਨ ਮਾਜਰਾ ਨੇ ਦੱਸਿਆ ਕਿ ਪਾਕਿਸਤਾਨ ਔਕਾਫ਼ ਬੋਰਡ ਦੇ ਚੇਅਰਮੈਨ ਜਨਾਬ ਸਦੀਕ ਉਲ ਫਾਰੂਕ ਨਾਲ ਗੁਰਧਾਮਾਂ ਦੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ । ਸ: ਸਹਾਰਨ ਮਾਜਰਾ ਨੇ ਕਿਹਾ ਕਿ ਨਨਕਾਣਾ ਸਾਹਿਬ ਵਿਖੇ ਜੇ ਗੁਰੂ ਸਾਹਿਬ ਦੇ ਨਾਂਅ ‘ਤੇ ਯੂਨੀਵਰਸਿਟੀ ਬਣ ਜਾਂਦੀ ਹੈ ਤਾਂ ਬੜੀ ਮਾਣ ਵਾਲੀ ਗੱਲ ਹੋਵੇਗੀ । ਯੂਨੀਵਰਸਿਟੀ ਦਾ ਨਕਸ਼ਾ ਤਿਆਰ ਕੀਤਾ ਜਾ ਰਿਹਾ ਹੈ ਤੇ ਨਨਕਾਣਾ ਸਾਹਿਬ ਦੀ ਟਾਊਨ ਪਲੈਨਿੰਗ ਕੀਤੀ ਜਾ ਰਹੀ ਹੈ ।
ਇਸ ਮੌਕੇ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਆਗੂ ਪੂਰਨ ਸਿੰਘ ਜੋਸ਼ਨ ਨੇ ਦੱਸਿਆ ਕਿ ਪਾਕਿਸਤਾਨ ਔਕਾਫ਼ ਬੋਰਡ ਵੱਲੋਂ ਭਾਈ ਮਰਦਾਨਾ ਦੀ ਯਾਦਗਾਰ ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਬਾਲ ਲੀਲ੍ਹਾ ਵਿਖੇ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸਦਾ ਕੰਮ ਮਈ ਮਹੀਨੇ ਵਿੱਚ ਸ਼ੁਰੂ ਕੀਤਾ ਜਾਵੇਗਾ ।