ਨਵੀਂ ਦਿੱਲੀ: ਗੁਰਦੁਆਰਾ ਬੰਗਲਾ ਸਾਹਿਬ ਦੀ ਨਵੀਂ ਬਣੀ ਸੁਨਹਿਰੀ ਦਰਸ਼ਨੀ ਡਿਉੜੀ ਸੰਗਤਾਂ ਨੂੰ ਸਮਰਪਿਤ ਕੀਤੀ ਗਈ ਹੈ। ਦਰਬਾਰ ਹਾਲ ਵਿਖੇ ਗਿਆਨੀ ਇਕਬਾਲ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਮੌਜੂਦਗੀ ਵਿਚ ਹੈਡ ਗ੍ਰੰਥੀ ਵੱਲੋਂ ਅਰਦਾਸ ਉਪਰੰਤ ਦਰਸ਼ਨੀ ਡਿਉੜੀ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ।
ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦੇ ਮੁਖ ਦਰਵਾਜੇ ‘ਤੇ ਸੋਨਾ ਚੜ੍ਹਾਉਣ ਤੋਂ ਬਾਅਦ ਦਰਵਾਜ਼ੇ ਦੀ ਉਚਾਈ 9 ਫੁੱਟ ਤੋਂ ਵਧਾ ਕੇ 13 ਫੁੱਟ ਕੀਤੀ ਗਈ ਸੀ ਜਿਸ ਕਰਕੇ ਦਰਸ਼ਨੀ ਡਿਉੜੀ ਦਾ ਪੁਰਾਣਾ ਸ਼ੈਡ ਦਰਵਾਜ਼ੇ ਦੀ ਉਚਾਈ ਨਾਲ ਮੇਲ ਨਹੀਂ ਖਾ ਰਿਹਾ ਸੀ। ਦਮਦਮੀ ਟਕਸਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰ੍ਹਾਂ ਸੁਨਹਿਰੇ ਰੰਗ ਵਿਚ ਡਿਉੜੀ ਦੇ ਨਵੇਂ ਸ਼ੈਡ ਨੂੰ ਤਿਆਰ ਕੀਤਾ ਗਿਆ ਹੈ। ਜਿਸ ਦੀ ਫਾਈਬਰ ਦੀ ਛੱਤ ‘ਤੇ ਮੀਨਾਂਕਾਰੀ ਦੀ ਦਿੱਖ ਦੇਣ ਦੇ ਨਾਲ ਹੀ ਸੁਨਹਿਰੇ ਪੱਖੇ ਸੰਗਤਾਂ ਨੂੰ ਮੌਸਮ ਦੀ ਮਾਰ ਤੋਂ ਬਚਾਉਣ ਵਾਸਤੇ ਲਗਾਏ ਗਏ ਹਨ।

ਜੀ.ਕੇ. ਨੇ ਉਕਤ ਸੇਵਾ ਲਈ ਟਕਸਾਲ ਮੁਖੀ ਨੂੰ ਸਨਮਾਨਿਤ ਵੀ ਕੀਤਾ। ਜੀ.ਕੇ. ਨੇ ਨਵੀਂ ਦਰਸ਼ਨੀ ਡਿਉੜੀ ਨੂੰ ਗੁਰਦੁਆਰੇ ਦੇ ਸੁੰਦਰੀਕਰਨ ਅਤੇ ਲੋੜ ਨਾਲ ਜੋੜਦੇ ਹੋਏ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਚ ਹਜ਼ਾਰਾਂ ਸੰਗਤਾਂ ਹਾਜ਼ਰੀ ਲਗਾਉਣ ਆਉਂਦੀਆਂ ਹਨ ਇਸ ਕਰਕੇ ਗਰਮੀ ਅਤੇ ਮੀਂਹ ਦੀ ਮਾਰ ਤੋਂ ਸੰਗਤਾਂ ਨੂੰ ਬਚਾਉਣਾ ਜਿਥੇ ਕਮੇਟੀ ਦਾ ਫ਼ਰਜ਼ ਹੈ ਉਥੇ ਹੀ ਵਿਦੇਸ਼ਾਂ ਤੋਂ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਆਉਂਦੇ ਸੈਲਾਨੀਆ ਤਕ ਉਸਾਰੂ ਸੁਨੇਹਾ ਪਹੁੰਚਾਉਣ ਲਈ ਅਜਿਹੀਆਂ ਸੁਵਿਧਾਵਾਂ ਜ਼ਰੂਰੀ ਹਨ।
ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਨਵੀਂ ਕਮੇਟੀ ਆਉਣ ਤੋਂ ਬਾਅਦ ਆਏ ਵੱਡੇ ਬਦਲਾਵਾਂ ਨੂੰ ਕਮੇਟੀ ਦੀ ਕੰਮ ਕਰਨ ਵਾਲੀ ਨੀਤੀ ਵੱਜੋਂ ਦੱਸਿਆ। ਸਿਰਸਾ ਨੇ ਨਵੇਂ ਬਣੇ ਅਜਾਇਬ ਘਰ, ਜੋੜਾ ਘਰ, ਮੁਖ ਗੇਟਾਂ ਦਾ ਸੁੰਦਰੀਕਰਨ, ਮੁਖ ਦਰਵਾਜ਼ੇ ‘ਤੇ ਸੋਨਾ, ਕਾਰ ਪਾਰਕਿੰਗ ਦੇ ਬਾਹਰ ਦਰਸ਼ਨੀ ਗੇਟਾਂ ਦੀ ਉਸਾਰੀ ਨੂੰ ਕਮੇਟੀ ਦੀ ਪ੍ਰਾਪਤੀ ਦੱਸਿਆ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਨਿਭਾਈ। ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਹਰਦੇਵ ਸਿੰਘ ਧਨੋਆ ਅਤੇ ਕਥਾਵਾਚਕ ਬਾਬਾ ਬੰਤਾ ਸਿੰਘ ਵੀ ਇਸ ਮੌਕੇ ਮੌਜੂਦ ਸਨ।